ਇਹ ਗੁਰਦੁਆਰਾ ਸਾਹਿਬ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਸ਼ਹਿਰ ਵਿੱਚ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖਤ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੁਰਹਾਨਪੁਰ ਆਏ। ਆਪ ਨੇ ਲਿਖਿਆ ਹੈ ਕਿ ਤਾਪਤੀ ਨਦੀ ਦੇ ਕੰਢੇ ਯੋਗੀ ਜੀਵਨ ਦਾਸ ਨੇ ਡੇਰਾ ਕੀਤਾ। ਉਸ ਨੇ ਪਹਿਲਾਂ ਆਸਾਮ ਵਿਖੇ ਸ਼੍ਰੀ ਗੁਰੂ ਤੇਗ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ। 80 ਵਰਿਹਾਂ ਦੀ ਉਮਰ ਵਿੱਚ ਉਹ ਦਸਮ ਪਾਤਿਸ਼ਾਹ ਦੇ ਦਰਸ਼ਨਾਂ ਨੂੰ ਉਡੀਕਦਾ ਰਿਹਾ। ਉਸ ਨੂੰ ਵਿਸ਼ਵਾਸ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਖਣ ਯਾਤਰਾ ਦੇ ਸਮੇਂ ਬੁਰਹਾਨਪੁਰ ਜਰੂਰ ਆਉਣਗੇ। ਜਦੋਂ ਦਸ਼ਮੇਸ਼ ਪਿਤਾ ਜੀ ਬੁਰਹਾਨਪੁਰ ਸਾਹਿਬ ਪੁੱਜੇ ਤੇ ਯੋਗੀ ਰਾਜ ਨੂੰ ਆਪ ਦੇ ਆਉਣ ਦੀ ਖ਼ਬਰ ਮਿਲੀ। ਤਾਂ ਯੋਗੀ ਰਾਜ ਆਪ ਜੀ ਦੇ ਦਰਸ਼ਨਾਂ ਲਈ ਆਪ ਦੇ ਡੇਰੇ ਤੇ ਪੁਜਾ ਉਸ ਸਮੇਂ ਦਸਵੇਂ ਪਾਤਸ਼ਾਹ ਦੀਵਾਨ ਵਿੱਚ ਸਸ਼ੋਭਤ ਸਨ। ਯੋਗੀ ਜੀਵਨ ਦਾਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਨਿਹਾਲ ਹੋ ਗਿਆ। ਦਸਮ ਪਾਤਸ਼ਾਹ ਨੇ ਯੋਗੀ ਜੀ ਨੂੰ ਕਿਹਾ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਸੁਣਾਵੇ। ਇਹ ਸੁਣ ਕੇ ਯੋਗੀ ਜੀ ਨੇ ਦੱਸਿਆ ਕਿ ਮੈਂ ਘਰ ਤਿਆਗ ਕੇ ਸਾਧੂ ਬਣ ਗਿਆ, ਪਰ ਸ਼ਾਂਤੀ ਪ੍ਰਾਪਤ ਨਹੀਂ ਹੋਈ ਢਾਕਾ ਵਿਖੇ ਭਾਗਾ ਨਾਲ ਨਵੇਂ ਪਾਤਸ਼ਾਹ ਜੀ ਦੇ ਸਿੱਖ ਬਲਾਕੀ ਜੀ ਨਾਲ ਮੇਲ ਹੋਇਆ ਤਾਂ ਜੀਵਨ ਦਾ ਤੱਤ ਜਾਣਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਤਾਂਘ ਲਗੀ ਰਹਿੰਦੀ। ਜਦੋਂ ਮੈਂ ਢਾਕੇ ਤੋਂ ਧੂਬੜੀ ਪੁਜਾ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋ ਗਏ। ਜਿਨਾਂ ਚਿਰ ਗੁਰੂ ਸਾਹਿਬ ਜੀ ਆਸਾਮ ਵਿੱਚ ਰਹੇ ਮੈਂ ਸਤਿਗੁਰੂ ਜੀ ਦੇ ਨਾਲ ਹੀ ਰਿਹਾ। ਵਿਦਾ ਹੋਣ ਸਮੇਂ ਗੁਰੂ ਸਾਹਿਬ ਜੀ ਨੇ ਮੈਨੂੰ ਦੱਖਣ ਵਿੱਚ ਰਹਿਣ ਦਾ ਹੁਕਮ ਕੀਤਾ। ਉਹਨਾਂ ਦੀ ਆਗਿਆ ਦਾ ਪਾਲਣ ਕਰਦਿਆਂ ਦੱਖਣ ਵਿੱਚ ਆ ਗਿਆ। ਬੁਰਹਾਨਪੁਰ ਵਿਖੇ ਇੱਕ ਸੁੰਦਰ ਅਸਥਾਨ ਵੇਖ ਕੇ ਨਦੀ ਦੇ ਕੰਢੇ ਤੇ ਇਕਾਂਤ ਡੇਰਾ ਲਾ ਲਿਆ। ਇਸ ਉਡੀਕ ਵਿੱਚ ਹੀ ਰਿਹਾ ਕਿ ਅੰਤਲੇ ਸਮੇਂ ਕਦੀ ਤੇਗ ਧਾਰੀ ਗੁਰੂ ਦੇ ਦਰਸ਼ਨ ਹੋ ਜਾਣ ਤਾਂ ਸ਼ਾਂਤੀ ਨਾਲ ਇਸ ਜੀਵਨ ਤੋਂ ਮੁਕਤ ਹੋ ਸਕਾ ਅੱਜ ਮੇਰੇ ਧੰਨ ਭਾਗ ਕਿ ਆਪ ਜੀ ਦੇ ਦਰਸ਼ਨ ਹੋ ਗਏ। ਇਹ ਆਖ ਕੇ ਯੋਗੀ ਜੀ ਨੇ ਗੁਰੂ ਜੀ ਦੇ ਪਾਵਨ ਚਰਨਾਂ ਤੇ ਮੁੜ ਮਸਤਕ ਰੱਖ ਦਿੱਤਾ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਕੁਟੀਆ ਵਿੱਚ ਦਰਸ਼ਨ ਦੇਣ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੀ ਬੇਨਤੀ ਪਰਵਾਨ ਕਰਦੇ ਹੋਏ ਉਹਨਾਂ ਦੀ ਕੁਟੀਆ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ। ਭਾਈ ਵੀਰ ਸਿੰਘ ਜੀ ਦੀ ਲਿਖਤ ਅਨੁਸਾਰ ਸਤਿਗੁਰੂ ਜੀ ਸਮੇਂ ਸਿਰ ਖਾਲਸਾ ਸਮੇਤ ਆ ਗਏ ਤੇ ਸ਼ਹਿਰ ਦੇ ਬਾਹਰ ਸਿੱਖ ਸੰਗਤਾ ਸਾਰੇ ਆ ਜੁੜੇ ਤੇ ਭਾਰੀ ਭੀੜ ਹੋ ਗਈ ਸਭ ਦੀਆਂ ਪੰਗਤਾ ਲੱਗ ਗਈਆਂ। ਇਸ ਗੁਰਦੁਆਰੇ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੁੰਦਰ ਹਸਤਕਲਾ ਨਾਲ ਸੁਸ਼ੋਬਿਤ ਹਸਤਕਾਸ਼ਰਾ ਨਾਲ ਸੁਸ਼ੋਬਿਤ ਦਸਤਖਤੀ ਬੀੜ ਸਾਹਿਬ ਹਨ। ਇਸ ਸਾਰੇ ਸਰੂਪ ਨੂੰ ਸੋਨੇ ਨਾਲ ਅਤਿ ਸੁੰਦਰ ਢੰਗ ਨਾਲ ਤਿਆਰ ਕੀਤਾ ਗਇਆ ਹੈ। ਇਸ ਇਤਹਾਸਕ ਸਰੂਪ ਦੇ ਨਿਤ ਦਰਸ਼ਨ ਕਰਵਾਏ ਜਾਂਦੇ ਹਨ। ਅੱਜ ਵੀ ਇਸ ਸਥਾਨ ਤੇ ਸੰਗਤ ਦਾ ਕਾਫੀ ਇਕੱਠ ਹੁੰਦਾ ਹੈ। ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਨ ਵਾਲੀਆਂ ਸੰਗਤਾਂ ਜੇ ਮੱਧਪਦੇਸ਼ ਤੋਂ ਹੋ ਕੇ ਜਾਣ ਤਾਂ ਦਰਸ਼ਨ ਜਰੂਰ ਕਰਦੀਆਂ ਹਨ। |