ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹੀ ਕਿਲ੍ਹਾ ਬਣਾਇਆ ਸੀ। ਇਹ ਅਪ੍ਰੈਲ 1699 ਵਿੱਚ ਬਣਨਾ ਸ਼ੁਰੂ ਹੋਇਆ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਰੋਪੜ ਵੱਲੋਂ ਆਉਂਦਿਆਂ ਸੱਜੇ ਹੱਥ ਆਉਂਦਾ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਪੁਰਾਣੀ ਈਮਾਰਤ ਨੂੰ ਅਜਮੇਰ ਚੰਦ ਦੀਆਂ ਫੌਜਾਂ ਨੇ 1704-06 ਵਿੱਚ ਹੀ ਢਾਹ ਢੇਰੀ ਕਰ ਦਿੱਤਾ ਸੀ। ਫ਼ਿਰ ਸਿੱਖਾਂ ਨੇ ਕਈ ਸਾਲ ਮਗਰੋਂ ਇੱਥੇ ਗੁਰਦੁਆਰਾ ਸਾਹਿਬ ਕਾਇਮ ਕੀਤਾ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਬਾਉਲੀ ਸ. ਜੱਸਾ ਸਿੰਘਾ ਆਹਲੂਵਾਲੀਆਂ ਨੇ ਬਣਾਈ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਕਿਲ੍ਹਾ ਲੋਹਗੜ੍ਹ ਤੋਂ ਬਾਅਦ ਦੂਜਾ ਵੱਡਾ ਸੈਂਟਰ ਸੀ। ਕਿਲ੍ਹਾ ਅਨੰਦਗੜ੍ਹ ਦੁਸ਼ਮਣ ਦੇ ਹਮਲੇ ਦੇ ਸੂਰਤ ਵਿੱਚ ਸਭ ਤੋਂ ਵੱਧ ਮਹਿਫੂਜ਼ ਸਥਾਨ ਸੀ। 5-6 ਦਸੰਬਰ 1704 ਦੀ ਰਾਤ ਨੂੰ ਜਦੋਂ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਹ ਇੱਥੋਂ ਹੀ ਕੀਰਤਪੁਰ ਸਾਹਿਬ ਵੱਲ ਤੁਰੇ ਸਨ। ਅਨੰਦਗੜ੍ਹ ਸਾਹਿਬ ਫੌਜੀ ਪੱਖ ਤੋਂ ਸੈਂਟਰ ਸੀ ਅਤੇ ਸ਼ਸਤਰ ਤੇ ਗੋਲਾ ਬਾਰੂਦ ਸਾਰਾ ਏਥੇ ਹੀ ਸਟਾਕ ਕੀਤਾ ਜਾਂਦਾ ਸੀ। ਦੁਸ਼ਮਣਾਂ ਦੀਆਂ ਫੌਜਾਂ ਨੇ ਇਸ ਕਿਲ੍ਹੇ ਤੇ ਕਈ ਵਾਰ ਹਮਲੇ ਕੀਤੇ ਪਰ ਹਰ ਵਾਰ ਮੂੰਹ ਦੀ ਖਾਧੀ। ਕਿੱਲ੍ਹਾ ਅਨੰਦਗੜ੍ਹ ਵੱਲ ਕੇਸਗੜ੍ਹ ਸਾਹਿਬ ਵੱਲੋ ਪੱਕੀ ਸੜਕ ਵੀ ਆਉਂਦੀ ਹੈ ਅਤੇ ਮੋਟਰਾਂ ਗੁਰਦੁਆਰੇ ਦੀਆਂ ਪੌੜੀ ਆਂ ਤੱਕ ਪਹੁੰਚਦੀਆਂ ਹਨ। ਇਸ ਕਿਲ੍ਹੇ ਦੀ ਪਹਾੜੀ ਕੱਚੀ ਸੀ। ਇਸ ਨੂੰ ਖੁਰ ਜਾਣ ਤੋਂ ਰਿਕਣ ਲਈ 20-25 ਲੱਖ ਇੱਟਾਂ ਤੋਂ ਇਲਾਵਾ ਬਹੁਤ ਸਾਰਾ ਸੀਮੈਂਟ ਅਤੇ ਲੋਹਾ ਪਾ ਕੇ ਇਹ ਬੜੀ ਜਬਰਦਸਤ ਕੰਧ ਬਣਾਈ ਗਈ ਹੈ। ਇਸ ਦੀਵਾਰ ਉੱਤੇ ਲੋਹੇ ਦੇ ਜਾਲ ਪਾ ਕੇ ਨੀਹਾਂ ਬੜੀਆਂ ਮਜਬੂਤ ਕੀਤੀਆਂ ਹੋਈਆਂ ਹਨ। ਗੁਰਦੁਆਰੇ ਸਾਹਿਬ ਦਾ ਗੁੰਬਦ ਵੀ ਲੋਹੇ ਤੇ ਬਜਰੀ ਦਾ ਬਣਿਆ ਹੋਇਆ ਹੈ ਤੇ ਇਸ ਕਰ ਕੇ ਬਹੁਤ ਮਜਬੂਤ ਹੈ। ਗੁੰਬਦ ਉੱਤੇ ਇੱਕ ਸੋਨੇ ਦਾ ਕਸ਼ਲ ਵੀ ਲੱਗਿਆ ਹੋਇਆ ਹੈ। |