ਮਘਰ ਸੁਦੀ 5 ਸੰਮਤ 1732 ਮੁਤਾਬਕ 11 ਨਵੰਬਰ 1675 ਦਿਨ ਬੁੱਧਵਾਰ ਨੂੰ ਦਿੱਲੀ ਵਿਖੇ ਬਲੀਦਾਨ ਉਪਰੰਤ ਨੌਵੇਂ ਪਾਤਿਸ਼ਾਹ ਦਾ ਸੀਸ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਗੁ. ਬਿਬਾਨਗੜ੍ਹ ਸਾਹਿਬ ਵਾਲੀ ਥਾਂ ਤੇ ਲੈ ਕੇ ਆਏ ਤਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਨਾਨਕੀ ਜੀ ਮਾਤਾ ਗੂਜਰੀ ਜੀ ਬੇਅੰਤ ਸੰਗਤਾਂ ਸਹਿਤ ਉਥੇ ਪੁੱਜੇ, ਤੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ਰੰਘਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਬਖਸ਼ਣ ਉਪਰੰਤ ਨੌਂਵੇ ਪਾਤਿਸ਼ਾਹ ਜੀ ਦੇ ਸੀਸ ਨੂੰ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸਮੂੰਹ ਸੰਗਤਾਂ ਸਹਿਤ ਗੁਰਦੁਆਰਾ ਸੀਸ ਗੰਜ ਸਾਹਿਬ ਪੁੱਜੇ ਤੇ ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਦਾ ਸਸਕਾਰ ਕੀਤਾ। ਇਸ ਅਸਥਾਨ ਦਾ ਅੰਦਰਲਾ ਭਾਗ ਦਸ਼ਮੇਸ਼ ਪਿਤਾ ਜੀ ਦੀ ਆਪਣੀ ਨਿਗਰਾਨੀ ਵਿੱਚ ਬਣਿਆ ਹੋਇਆ ਹੈ।
ਗੁਰਦੁਆਰਾ ਅਕਾਲ ਬੁੰਗਾ ਸਾਹਿਬ ਇਸ ਸਥਾਨ ਤੇ ਦਸ਼ਮੇਸ਼ ਪਿਤਾ ਜੀ ਨੇ ਨੌਂਵੇ ਪਾਤਸ਼ਾਹ ਜੀ ਦੇ ਸੀਸ ਦੇ ਸਸਕਾਰ ਉਪਰੰਤ ਇੱਕਤ੍ਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੀਆਂ ਵਾਹਿਗੁਰੂ ਦਾ ਭਾਣਾ ਮੰਨਣ ਅਤੇ ਜੁਲਮ ਤੇ ਜ਼ਬਰ ਦੇ ਵਿਰੁਧ ਲਈ ਤਿਆਰ ਹੋਣ ਦਾ ਉਪਦੇਸ਼ ਦਿੱਤਾ। |