ਭਾਰਤ ਦੇ ਨਵੇਂ ਬਣੇ ਸੂਬੇ ਉਤਰਾਖੰਡ ਦੇ ਜ਼ਿਲ੍ਹਾ ਰੁਦਰ ਪਰਿਯਾਗ ਦੇ ਨਗਰਾਸੂ ਪਿੰਡ ਅੰਦਰ ਜੋ ਰਿਸ਼ੀਕੇਸ਼ ਤੋਂ ਕਰੀਬ 150 ਕਿਲੋਮੀਟਰ ਦੂਰ ਪੈਂਦਾ ਹੈ, ਵਿਖੇ ਵਿਸ਼ਵ ਪ੍ਰਸਿੱਧ ਸੰਤ ਬਾਬਾ ਬੇਅੰਤ ਸਿੰਘ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਵੱਲੋਂ 3 ਏਕੜ ਜਗ੍ਹਾ ਵਿਚ ਇਕ ਵਿਸ਼ਾਲ ਲੰਗਰ ਸਥਾਨ ਬਣਾਇਆ ਗਿਆ ਹੈ।
ਗੁਰਦੁਆਰਾ ਦਮਦਮਾ ਸਾਹਿਬ ਟਰੱਸਟ (ਰਜਿ:) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਥੱਲੇ ਬਣੇ ਇਸ ਧਾਰਮਿਕ ਸਥਾਨ ਦੀ ਸ਼ੁਰੂਆਤ ਸੰਨ 1999 'ਚ ਕੀਤੀ ਗਈ ਸੀ। ਸ਼ੁਰੂ-ਸ਼ੁਰੂ ਵਿਚ ਇਸ ਲੰਗਰ ਸਥਾਨ ਦੀ ਸ਼ੁਰੂਆਤ ਕਿਰਾਏ 'ਤੇ ਜਗ੍ਹਾ ਲੈ ਕੇ ਤੰਬੂ ਲਗਾ ਕੇ ਕੀਤੀ ਗਈ ਸੀ ਅਤੇ ਸੰਤਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਲਈ ਹੁਣ 3 ਏਕੜ ਮੁੱਲ ਜਗ੍ਹਾ ਖਰੀਦ ਕੇ, ਜਿਸ ਦੀ ਰਜਿਸਟਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਕੀਤੀ ਗਈ ਹੈ, ਦੀ ਉਸਾਰੀ ਵੱਡੇ ਪੱਧਰ 'ਤੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਸੰਗਤਾਂ ਦੇ ਰਹਿਣ ਲਈ 45 ਰਿਹਾਇਸ਼ੀ ਕਮਰੇ, ਅਟੈਚ ਬਾਥਰੂਮ ਬਣ ਕੇ ਤਿਆਰ ਹੋ ਚੁੱਕੇ ਹਨ, ਜਦੋਂ ਕਿ ਇਸ ਅਸਥਾਨ 'ਤੇ 101 ਕਮਰੇ ਉਸਾਰੇ ਜਾਣ ਦਾ ਟੀਚਾ ਹੈ।
ਇਸ ਸਥਾਨ 'ਤੇ ਲੰਗਰ ਬਣਾਉਣ ਤੇ ਛਕਾਉਣ ਲਈ ਵੱਖੋ-ਵੱਖਰੇ ਸ਼ੈਡ ਤਿਆਰ ਕੀਤੇ ਗਏ ਹਨ ਅਤੇ ਸੰਗਤਾਂ ਦੇ ਬੈਠਣ ਲਈ ਇਕ ਵੱਡਾ ਹਾਲ ਵੀ ਤਿਆਰ ਕੀਤਾ ਗਿਆ ਹੈ। ਗੱਡੀਆਂ ਦੀ ਪਾਰਕਿੰਗ ਲਈ ਵਿਸ਼ੇਸ਼ ਥਾਂ ਬਣਾਈ ਗਈ ਹੈ। ਇਸ ਤੋਂ ਇਲਾਵਾ ਸੰਗਤਾਂ ਦੇ ਇਸ਼ਨਾਨ ਕਰਨ ਲਈ ਇਸ਼ਨਾਨ ਘਰ ਤੇ ਪਖਾਨੇ ਵੀ ਉਸਾਰੇ ਗਏ ਹਨ। ਇਸ ਦੇ ਨਾਲ ਹੀ ਇਸ ਸਥਾਨ 'ਤੇ ਇਕ ਡਿਸਪੈਂਸਰੀ ਵੀ ਚੱਲ ਰਹੀ ਹੈ, ਜਿਥੇ ਸੰਗਤਾਂ ਵਾਸਤੇ ਮੁਫਤ ਅੰਗਰੇਜ਼ੀ ਤੇ ਦੇਸੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਇਸ ਅਸਥਾਨ 'ਤੇ ਇਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ ਜਿਥੇ ਲੜੀਵਾਰ ਅਖੰਡ ਪਾਠ ਰਖਵਾਏ ਜਾਂਦੇ ਹਨ। ਸਵੇਰੇ-ਸ਼ਾਮ ਨਿਤਨੇਮ ਤੇ ਕਥਾ ਕੀਰਤਨ ਕੀਤਾ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਚਾਰ ਤੇ ਸਿੱਖੀ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਇਥੇ ਇਕ ਸੌ ਗਿਆਰਾਂ ਫੁੱਟ ਉੱਚੇ ਨਿਸ਼ਾਨ ਵੀ ਚੜ੍ਹਾਏ ਗਏ ਹਨ।
ਸਿੱਖ ਧਰਮ ਦੇ ਪ੍ਰਚਾਰਕ ਅਤੇ ਗਰੀਬਾਂ ਤੇ ਲੋੜਵੰਦਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਥਾਨ ਦੀ ਚੋਣ ਇਸ ਲਈ ਕੀਤੀ ਗਈ ਹੈ, ਕਿਉਂਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ 300 ਕਿਲੋਮੀਟਰ ਦੇ ਰਸਤੇ ਵਿਚ ਕਿਤੇ ਵੀ ਕੋਈ ਇੰਤਜ਼ਾਮ ਨਹੀਂ ਸੀ, ਜਿਸ ਕਰਕੇ ਇਸ ਲੰਗਰ ਸਥਾਨ ਦੀ ਉਸਾਰੀ ਸ਼ੁਰੂ ਕਰਵਾਈ ਗਈ ਹੈ ਤਾਂ ਜੋ ਸੰਗਤਾਂ ਇਸ ਸਥਾਨ 'ਤੇ ਰੁਕ ਸਕਣ।
ਇਸ ਸਥਾਨ ਦੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸੰਤਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਲਗਭਗ 25 ਕਰੋੜ ਦੇ ਕਰੀਬ ਲਾਗਤ ਆਵੇਗੀ ਅਤੇ ਇਸ ਸਥਾਨ 'ਤੇ 101 ਕਮਰਿਆਂ ਦਾ ਟੀਚਾ ਹੈ। ਮੁਫਤ ਵੱਡਾ ਹਸਪਤਾਲ, ਬਿਰਧ ਆਸ਼ਰਮ, ਸਿੱਖ ਅਜਾਇਬ ਘਰ ਤੇ ਅਨਾਥ ਆਸ਼ਰਮ ਦੇ ਨਾਲ-ਨਾਲ ਵੱਡੀ ਕਾਰ ਪਾਰਕਿੰਗ ਬਣਾਏ ਜਾਣ ਦਾ ਟੀਚਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਥੇ ਆਉਂਦੀ ਪਾਣੀ ਦੀ ਮੁੱਖ ਸਮੱਸਿਆ ਦੇ ਹੱਲ ਲਈ ਕਰੀਬ 25 ਲੱਖ ਰੁਪਏ ਖਰਚ ਕੇ 2 ਇੰਚ ਮੋਟਾ ਬੋਰ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 30 ਹਜ਼ਾਰ ਦੇ ਕਰੀਬ ਸੰਗਤਾਂ ਹਰ ਰੋਜ਼ 24 ਘੰਟੇ ਚੱਲਣ ਵਾਲੇ ਲੰਗਰ ਵਿਚ ਲੰਗਰ ਛਕ ਕੇ ਜਾਂਦੀਆਂ ਹਨ ਅਤੇ ਹਰ ਸੰਗਰਾਂਦ ਨੂੰ ਅੱਖਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ ਅਤੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ। ਮਹਾਂਪੁਰਖਾਂ ਨੇ ਸੰਗਤਾਂ ਨੂੰ ਦੱਸਿਆ ਕਿ ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ 30 ਮਈ ਤੋਂ 10 ਅਕਤੂਬਰ ਤੱਕ ਲੰਗਰ ਚਲਾਏ ਜਾਣਗੇ। |