ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਵਤਾਰ ਧਾਰਨ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਬੀਬੀ ਭਾਨੀ ਦੀ ਕੁੱਖ ਤੋਂ ਦੋ ਸਾਹਿਬਜ਼ਾਦੇ ਪ੍ਰਗਟ ਹੋਏ। ਪਹਿਲਾਂ ਆਪ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਅਤੇ ਦੂਜੇ ਮਹਾਂਦੇਵ ਤੀਜੇ ਨੰਬਰ ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ।
ਆਪ ਜੀ ਮਾਤਾ ਭਾਨੀ ਜੀ ਦੀ ਕੁੱਖੋਂ ਬਿ: ਸੰਮਤ 1620 ਵੈਸਾਖ ਵਦੀ ਸਪਤਮੀ ਈ: ਸੰ: 14 ਅਪ੍ਰੈਲ 1562 ਦਿਨ ਮੰਗਲਵਾਰ ਰੋਹਣੀ ਨਛੱਤ੍ਰ ਢਲੀ ਰਾਤ ਨੂੰ ਗੋਵਿੰਦਵਾਲ ਸਾਹਿਬ ਵਿਖੇ ਹੋਇਆ। ਮਹਾਨ ਕੋਸ਼ ਵਿੱਚ 14 ਅਪ੍ਰੈਲ ਦੀ ਬਜਾਏ 15 ਅਪ੍ਰੈਲ ਵਿੱਚ ਆਪ ਜੀ ਦਾ ਅਵਤਾਰ ਦੱਸਿਆ ਹੈ। ਇੱਕ ਜੋਤ ਦੇ ਹੀ ਦੱਸ ਜਾਮੇ ਹਨ। ਪਹਿਲਾਂ ਚਾਰ ਜਾਮੇ ਵੀ ਉਸੇ ਪ੍ਰਮੇਸ਼ਰ ਵਾਹਿਗੁਰੂ ਦੇ ਹਨ ਤੇ ਇਹ ਜੋ ਪੰਜਵਾਂ ਜਾਮਾ ਪ੍ਰਗਟ ਹੋਇਆ ਹੈ ਇਹ ਵੀ ਉਸੇ ਵਾਹਿਗੁਰੂ ਦਾ ਹੈ।
ਆਪ ਜੀ ਦਾ ਬਚਪਨ ਨਾਨੇ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬਿਤੀਆ। ਵੱਡੇ ਹੋਣ ਤੇ ਆਪ ਜੀ ਦਾ ਅਨੰਦ ਕਾਰਜ ਮਾਤਾ ਗੰਗਾ ਜੀ ਨਾਲ ਮਉ ਪਿੰਡ ਤਹਿਸੀਲ ਫਿਲੌਰ ਵਿਖੇ ਹੋਇਆ। ਆਪ ਜੀ ਦੇ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਸਨ।
ਆਪ ਜੀ 1 ਸਤੰਬਰ 1581 ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸ਼ੁਰੂ ਤੋਂ ਹੀ ਗੁਰੂ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਆਪ ਜੀ ਨਾਲ ਵੈਰ ਵਿਰੋਧ ਕਰਦੇ ਸਨ ਅਤੇ ਡਰਦੇ ਸਨ ਕਿ ਆਪ ਜੀ ਗੁਰਗੱਦੀ ਦੇ ਵਾਰਸ ਨਾ ਬਣ ਬੈਠਣ। ਜਦੋਂ ਆਪ ਪੰਜਵੇ ਗੁਰੂ ਜੀ ਬਣੇ ਤਾਂ ਪ੍ਰਿਥੀ ਚੰਦ ਹੋਰ ਵੀ ਅੱਗ ਬਬੂਲਾ ਹੋ ਗਿਆ।
ਇੱਕ ਸਾਜਿਸ਼ ਦੇ ਅਧੀਨ ਉਸ ਨੇ ਮੁਗਲ ਸਰਕਾਰ ਨਾਲ ਮਿਲ ਕੇ ਸੁਲਹੀ ਖਾਂ ਨੂੰ ਗੁਰੂ ਜੀ ਤੇ ਚੜ੍ਹਾਈ ਕਰਨ ਵਾਸਤੇ ਫੌਂਜਾ ਸਮੇਤ ਭਿਜਵਾਇਆ। ਸੂਚਨਾ ਮਿਲਣ ਤੇ ਸੰਗਤ ਸਾਹਿਬ ਜੀ ਨੂੰ ਸੁਚੇਤ ਕਰਨ ਆਈ ਕਿ ਸੁਲਹੀ ਖਾਂ ਆ ਗਿਆ ਹੈ, ਕਿਉਂ ਨਾ ਆਪ ਜੀ ਉਸ ਨੂੰ ਸੁਲਾਹ ਸਫਾਈ ਦਾ ਖਤ ਭੇਜੋ। ਗੁਰੂ ਜੀ ਖਾਮੋਸ਼ ਰਹੇ।
ਸੁਲਹੀ ਖਾਂ ਦੇ ਹੋਰ ਨਜਦੀਕ ਆਉਣ ਤੇ ਸੰਗਤ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਆਪ ਜੀ ਦਾ ਹੁਕਮ ਹੋਵੇ ਤਾਂ ਕੁੱਝ ਪਤਵੰਤੇ ਸੱਜਣ ਸੁਲਾਹ ਵਾਸਤੇ ਭੇਜ ਦੇਈਏ। ਗੁਰੂ ਜੀ ਫਿਰ ਵੀ ਗੰਭੀਰ ਰਹੇ। ਫਿਰ ਤੀਜੀ ਵਾਰ ਸੰਗਤ ਵੱਲੋਂ ਬੇਨਤੀ ਕਰਨ ਤੇ ਗੁਰੂ ਸਾਹਿਬ ਜੀ ਨੇ ਫੁਰਮਾਇਆ: ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ। ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ। ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ। ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ।
ਇਲਾਹੀ ਕੌਤਕ ਅਜਿਹਾ ਵਰਤਿਆ ਕਿ ਜਦੋਂ ਸੁਲਹੀ ਖਾਂ ਪ੍ਰਿਥੀ ਚੰਦ ਦਾ ਇੱਟਾਂ ਦਾ ਸੜਦਾ ਬਲਦਾ ਭੱਠਾ ਵੇਖਣ ਗਿਆ ਤਾਂ ਉਸ ਦਾ ਘੋੜਾ ਐਸਾ ਤ੍ਰਬਕਿਆ ਕਿ ਜਾਣੋ ਕਿਸੇ ਇਲਾਹੀ ਤਾਕਤ ਨੇ ਧੱਕਾ ਦੇ ਕੇ ਉਸ ਨੂੰ ਭੱਠੇ ਵਿੱਚ ਝੋਂਕ ਦਿੱਤਾ ਹੋਵੇ। ਸੁਲਹੀ ਖਾਂ ਸੜ ਕੇ ਰਾਖ ਹੋ ਗਿਆ। |