ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਦ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਉਸ ਸਮੇਂ ਉਹਨਾਂ ਨੂੰ ਮਿਲਣ ਦੇ ਲਈ ਜੋਗੀਆਂ ਦੀ ਇੱਕ ਮੰਡਲੀ ਆ ਗਈ. ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿਰਪਾ ਕਰ ਕੇ ਸਾਡਾ ਇੱਕ ਸ਼ੰਕਾ ਦੂਰ ਕਰੋ.
ਗੁਰੂ ਸਾਹਿਬ ਜੀ ਨੇ ਫੁਰਮਾਇਆ ਦੱਸੋ ਕੀ ਸ਼ੰਕਾ ਹੈ ? ਜੋਗੀ ਕਹਿਣ ਲੱਗੇ ਗੁਰੂ ਜੀ ਆਪ ਆਪਣੇ ਸਿੱਖਾਂ ਨੂੰ ਅਸ਼ਟ ਜੋਗ ਨਹੀਂ ਸਿਖਾਉਂਦੇ ਇਨ੍ਹਾਂ ਦਾ ਮਨ ਜੋਗ ਸਿੱਖੇ ਬਿਨਾਂ ਆਪਣੇ ਵਸ ਵਿੱਚ ਕਿਵੇਂ ਰਹਿੰਦਾ ਹੈ? ਜੇ ਮਨ ਵਸ ਵਿੱਚ ਨਾ ਰਹੇ ਤਾਂ ਆਪਣੇ ਆਪ ਦੀ ਸੋਝੀ ਵੀ ਨਹੀਂ ਹੁੰਦੀ. ਅਤੇ ਜੇ ਸੋਝੀ ਹੀ ਨਾ ਹੋਵੇ ਤਾਂ ਧਰਮ ਦੇ ਕੰਮ ਕਿਵੇਂ ਹੋਣਗੇ ਜੇ ਧਰਮ ਦੇ ਕੰਮ ਨਹੀਂ ਹੋਣਗੇ ਤਾਂ ਇਹਨਾਂ ਦੀ ਮੁਕਤੀ ਕਿਵੇਂ ਹੋਵੇਗੀ? ਜੇ ਮੁਕਤੀ ਹੀ ਨਾ ਮਿਲੇ ਤਾਂ ਤੁਹਾਡੇ ਸਿੱਖ ਹੋਣ ਦਾ ਲਾਭ ਕੀ ਹੈ?
ਗੁਰੂ ਜੀ ਨੇ ਉੱਤਰ ਦਿੱਤਾ ਕਿ ਪ੍ਰੇਮ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ. ਪਰਮਾਤਮਾ ਨੂੰ ਪਾਏ ਬਿਨਾਂ ਤਾਂ ਮੁਕਤੀ ਹੋ ਹੀ ਨਹੀਂ ਸਕਦੀ. ਜਦ ਮਨ ਵਿੱਚ ਪਰਮਾਤਮਾ ਵਸ ਜਾਂਦਾ ਹੈ ਤਾਂ ਹਰ ਥਾਂ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ. ਸਿੱਖ ਦਾ ਹਰ ਸਮੇਂ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਰਹਿੰਦੇ ਹਨ ਇਸ ਲਈ ਉਹਨਾਂ ਨੂੰ ਕਿਸੇ ਹੋਰ ਚੀਜ ਨੂੰ ਪਾਉਣ ਦੀ ਖਾਹਿਸ਼ ਨਹੀਂ ਹੁੰਦੀ. ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ. ਆਤਮਾ ਦਾ ਗਿਆਨ ਹੋਣ ਦੇ ਨਾਲ ਹਉਮੈ ਖਤਮ ਹੋ ਜਾਂਦੀ ਹੈ. ਸੰਸਾਰ ਦੇ ਕੰਮ ਕਰਦੇ ਹੋਏ ਵੀ ਸਿੱਖ ਮਾਇਆ ਦੇ ਮੋਹ ਵਿੱਚ ਨਹੀਂ ਫਸਦੇ.
ਗੁਰੂ ਜੀ ਨੇ ਪੁੱਛਿਆ ਕਿ ਜਿੰਨ੍ਹਾ ਜੋਗੀਆਂ ਨੂੰ ਜੋਗ ਕਰਨ ਨਾਲ ਸੋਝੀ ਆ ਜਾਂਦੀ ਹੈ ਉਹ ਜੰਗਲਾਂ ਵਿੱਚ ਜਾਂ ਪਰਬਤਾਂ ਤੇ ਜਾ ਕੇ ਕਿਉਂ ਰਹਿੰਨਦੇ ਹਨ ਉਹ ਭਟਕੇ ਹੋਏ ਲੋਕਾਂ ਦੇ ਦੁੱਖ ਕਿਉਂ ਨਹੀਂ ਦੂਰ ਕਰਦੇ ? ਜੋਗੀ ਗੁਰੂ ਸਾਹਿਬ ਜੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਦੇ ਪਾਏ. ਗੁਰੂ ਸਾਹਿਬ ਜੀ ਨੇ ਕਿਹਾ ਪਰਮਾਤਮਾ ਦੇ ਗਾਉਣ ਨਾਲ ਅਤੇ ਸੁਣਨ ਨਾਲ ਹੀ ਸੋਝੀ ਆਉਂਦੀ ਹੈ.
|