ਸਿਰੀਰਾਗ ਮਹਲਾ1 ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ।। ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ।। ਬਿਨ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ।। ਮੇਰੇ ਮਨ ਲੈ ਲਾਹਾ ਘਰਿ ਜਾਹਿ।। ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ।। ਰਹਾਉ।। ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ।। ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ।।ਉਹ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ।। ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ।। ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ।। ਹਰਿ ਜਪਿ ਜੀਅਰੈ ਛੁਟੀਐ ਗੁਰਮੁਖਿ ਚੀਨੈ ਆਪੁ।। ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ।।ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ।। ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ।।
ਅਰਥ- ਹੇ ਮੇਰੇ ਮਨ ਮੇਰੇ ਦੋਸਤ ਸੁਣ ਇਹ ਸਮਾਂ ਹੈ ਤੇਰਾ ਸੁਆਮੀ ਨੂੰ ਮਿਲਣ ਦਾ। ਜਦ ਤੱਕ ਜੁਆਨੀ ਅਤੇ ਸਾਹ ਹੈ ਇਸ ਸਰੀਰ ਨੂੰ ਸੁਆਮੀ ਦੀ ਸੇਵਾ ਵਿੱਚ ਦੇ। ਇਹ ਸਰੀਰ ਬਿਨਾਂ ਚੰਗੇ ਕੰਮ ਕੀਤੇ ਕਿਸੇ ਕੰਮ ਦਾ ਨਹੀਂ ਹੈ ਇਹ ਢੇਰੀ ਹੋ ਕੇ ਮਿੱਟੀ ਦਾ ਅੰਬਾਰ ਹੋ ਜਾਏਗਾ। ਹੇ ਮੇਰੇ ਮਨ ਗ੍ਰਿਹ ਜਾਣ ਤੋਂ ਪਹਿਲਾਂ ਕੁੱਝ ਨਵਾਂ ਕਮਾ( ਨਾਮ ਜੱਪ) ਲੈ। ਗੁਰੂ ਦੀ ਦਇਆ ਦੁਆਰਾ ਨਾਮ ਦੀ ਸਿਫਤਾਂ ਕਰ ਇਸ ਨਾਲ ਹੰਕਾਰ ਦੀ ਅੱਗ ਬੁੱਝ ਜਾਏਗੀ। ਠਹਿਰਾਉ।
ਸੁਣਿ ਸੁਣਿ ਕੇ ਕਹਾਣੀਆਂ ਘੜਦੇ ਹਾਂ ਅਤੇ ਪੜ੍ਹ ਕੇ ਤੇ ਸਮਝ ਕੇ ਭਾਰੇ ਬੋਝ ਲਿਖਦੇ ਹਾਂ। ਸਾਡੀਆਂ ਤ੍ਰਿਸਨਾ ਵੱਧਦੀ ਹੀ ਜਾ ਰਹੀ ਹੈ, ਜਿਸ ਨਾਲ ਹਉਮੈ ਅਤੇ ਰੋਗ ਪੈਦਾ ਹੋ ਜਾਂਦੇ ਹਨ। ਗੁਰੂ ਦੀ ਮਤ ਦੁਆਰਾ ਉਸ ਬੇ-ਮੁਹਤਾਜ ਪ੍ਰਭੂ ਦੇ ਅਸਲੀ ਮੂਲ ਨੂੰ ਜਾਣਿਆ ਜਾ ਸਕਦਾ ਹੈ। ਜੇ ਕੋਈ ਆਦਮੀ ਲੱਖਾਂ ਹੀ ਚੰਗੇ ਕੰਮ ਕਰੇ ਜਾਂ ਲੱਖਾਂ ਹੀ ਬੰਦਿਆਂ ਨਾਲ ਪਿਆਰ ਤੇ ਮੇਲ-ਮੁਲਾਕਾਤ ਰੱਖ, ਪਰ ਬਗੈਰ ਸਾਧ ਸੰਗਤ ਦੇ ਬਗੈਰ ਨਾਮ ਦੇ ਉਹ ਰੱਜਦਾ ਨਹੀਂ ਤੇ ਉਸ ਨੂੰ ਰੋਗ ਤੇ ਕਸ਼ਟ ਸਦਾ ਹੀ ਰਹਿੰਦੇ ਹਨ।
ਹੇ ਮੇਰੇ ਮਨ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਪਛਾਣ ਅਤੇ ਵਾਹਿਗੁਰੂ ਦਾ ਨਾਮ ਜਪ ਤਾਂ ਹੀ ਤੇਰੀ ਬੰਦਖਲਾਸੀ ਹੋਵੇਗੀ। ਮੈਂ ਆਪਣੀ ਦੇਹ, ਆਤਮਾ ਗੁਰਾਂ ਕੋਲ ਵੇਚ ਦਿੱਤੇ ਹਨ ਇਸ ਦੇ ਨਾਲ ਨਾਲ ਮੈਂ ਆਪਣੇ ਮਨ ਅਤੇ ਸੀਸ ਨੂੰ ਵੀ ਗੁਰੂ ਨੇ ਦੇ ਦਿੱਤਾ ਹੈ। ਗੁਰੂ ਦੀ ਕਿਰਪਾ ਨਾਲ ਮੈ ਉਸ ਨੂੰ ਵੇਖ ਲਿਆ ਹੈ ਜਿਸ ਦੀ ਮੈ ਤਿੰਨੋ ਲੋਕਾਂ ਵਿੱਚ ਭਾਲਦਾ ਫਿਰ ਰਿਹਾ ਸੀ। ਨਾਨਕ, ਸੱਚੇ ਗੁਰੂ ਨੇ ਮੈਨੂੰ ਉਸ ਸੁਆਮੀ ਨਾਲ ਮਿਲਾ ਦਿੱਤਾ ਹੈ ਜੋ ਸਦੀਵੀ ਹੀ ਮੇਰੇ ਨਾਲ ਰਹੇਗਾ।
|