ਸੁਣਿ ਮਨ ਭੁਲੇ ਬਾਵਰੇ ਗੁਰ ਕੀ ਚਰਣੀ ਲਾਗੁ।। ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ।। ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ।। ਭਾਈ ਰੇ ਅਵਰੁ ਨਾਹੀ ਮੈ ਥਾਉ।। ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ।। ਰਹਾਉ।। ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੇ ਸੰਗਿ ਮਿਲਾਉ।। ਤਿਸੁ ਬਿਨੁ ਘੜੀ ਨ ਜੀਵਊ ਬਿਨ ਨਾਵੈ ਮਰਿ ਜਾਉ।। ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ।। ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ।। ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ।। ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥ ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ।। ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ।। ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ।। ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ।। ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ।। ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ।। ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ।। ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ।। ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ।। ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ।। ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ।।ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ।। ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ।। ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ।।
ਅਰਥ- ਹੈ ਮੇਰੇ ਭੁੱਲੇ ਹੋਏ ਮਨ ਸੁਣ ਤੂੰ ਗੁਰੂ ਕੇ ਚਰਣਾਂ ਵਿੱਚ ਲੱਗ। ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ ਮੌਤ ਦਾ ਦੇਵਤਾ ਵੀ ਡਰ ਜਾਂਦਾ ਹੈ ਅਤੇ ਦੁੱਖ ਭੱਜ ਜਾਂਦਾ ਹੈ। ਬਦਕਿਸਮਤ ਪਤਨੀ ਬਹੁਤ ਕਸ਼ਟ ਉਠਾਉਂਦੀ ਹੈ ਉਸ ਦਾ ਪਤੀ ਕਿਸ ਤਰ੍ਹਾਂ ਉਸ ਦੇ ਨਾਲ ਰਹਿ ਸਕਦਾ ਹੈ। ਹੇ ਭਾਈ(ਵੀਰ) ਮੇਰਾ ਕੋਈ ਹੋਰ ਟਿਕਾਣਾ ਨਹੀ। ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖਜਾਨਾ ਦੇ ਦਿੱਤਾ ਹੈ ਮੈਂ ਆਪਣੇ ਗੁਰੂ ਜੀ ਤੋਂ ਸਦਕੇ ਜਾਂਦਾ ਹਾਂ। ਗੁਰਾਂ ਦੇ ਉਪਦੇਸ਼ਾਂ ਰਾਹੀ ਇਜਤ ਮਿਲਦੀ ਹੈ। ਪ੍ਰਭੂ ਕਿਰਪਾ ਕਰੇ ਮੇਰਾ ਉਹਨਾਂ ਨਾਲ ਮਿਲਾਪ ਹੋ ਜਾਏ। ਉਸ ਦੇ ਬਗੈਰ ਮੈਂ ਇੱਕ ਘੜੀ ਵੀ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ। ਮੈਂ ਅੰਨ੍ਹੇ ਨੂੰ ਰੱਬ ਦਾ ਨਾਮ ਨਾਂ ਭੁੱਲੇ। ਉਸ ਦੀ ਪਨਾਹ ਵਿੱਚ ਰਹਿ ਕੇ ਮੈਂ ਆਪਣੇ ਗ੍ਰ੍ਹਹਿ ਪੁੱਜ ਜਾਵਾਂਗਾ। ਜਿਹਨਾਂ ਦਾ ਗੁਰੂ ਅੰਨ੍ਹਾਂ ਹੁੰਦਾ ਹੈ, ਉਹਨਾਂ ਦੇ ਮੁਰੀਦਾਂ ਨੂੰ ਕੋਈ ਥਾਂ ਨਹੀਂ ਮਿਲਦੀ। ਸੱਚੇ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ ਤੇ ਨਾਮ ਦੇ ਬਿਨਾ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ? ਉਜਾੜ ਘਰ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ। ਨਾਮ ਦੇ ਬਿਨਾ ਸ਼ਰੀਰ ਸ਼ੇਰੇ ਵਾਲੀ ਕੰਧ ਦੀ ਤਰ੍ਹਾਂ ਕਸ਼ਟ ਉਠਾਉਂਦਾ ਹੈ। ਬੰਦੇ ਦੇ ਮਨ ਵਿੱਚ ਜਦੋਂ ਤੱਕ ਸੱਚ ਪ੍ਰਵੇਸ਼ ਨਹੀਂ ਕਰਦਾ ਹੈ ਉਦੋਂ ਤੱਕ ਸਾਹਿਬ ਦੀ ਹਜੂਰੀ ਨਹੀਂ ਮਿਲਦੀ। ਨਾਮ ਨਾਲ ਰੰਗ ਜਾਣ ਦੇ ਬਾਅਦ ਪ੍ਰਾਣੀ ਨੂੰ ਸਦੀਵੀ ਦੇ ਲਈ ਨਿਰਬਾਣ ਪਦ ਮਿਲ ਜਾਂਦਾ ਹੈ। ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੇ ਦੁਆਰਾ ਗਏ ਉਪਦੇਸ਼ ਤੇ ਅਮਲ ਕਮਾਉਂਦਾ ਹਾਂ। ਜੇਕਰ ਸੁਆਮੀ ਦੀ ਸਿਫਤ ਸ਼ਲਾਘਾ ਬੰਦੇ ਦੇ ਹਿਰਦੇ ਵਿੱਚ ਵੱਸ ਜਾਏ ਤਾਂ ਉਸ ਦੀ ਹਉਮੇ ਆਪਣੇ ਆਪ ਖਤਮ ਹੋ ਜਾਂਦੀ ਹੈ। ਗਿਆਨ ਨਾਲ ਮਿਲਾਪ ਹੁੰਦਾ ਹੈ ਅਤੇ ਇਨਸਾਨ ਸਚਿਆਰ ਨਾਲ ਮਿਲ ਪੈਂਦਾ ਹੈ। ਜੋ ਪਰਮਾਤਮਾ ਦੇ ਸ਼ਬਦ ਵਿੱਚ ਰੰਗੇ ਹੋਏ ਹਨ ਉਹ ਨਿਰਮਲ ਹਨ। ਉਹ ਕਾਮ ਵਾਸ਼ਨਾ ਕ੍ਰੋਧ ਅਤੇ ਹੰਕਾਰ ਨੂੰ ਛੱਡ ਦਿੰਦੇ ਹਨ। ਉਹ ਸਦਾ ਨਾਮ ਦਾ ਜੱਸ ਗਾਉਂਦੇ ਹਨ ਅਤੇ ਪਰਮਾਤਮਾ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਆਪਣੇ ਚਿੱਤ ਅੰਦਰ ਆਪਾ ਉਸ ਨੂੰ ਕਿਉਂ ਭੁਲਾਈਏ ਜੋ ਸਭਨਾਂ ਜੀਆਂ ਦਾ ਆਸਰਾ ਹੈ? ਜੋ ਗੁਰੂ ਸ਼ਬਦ ਨਾਲ ਮਰਦਾ ਹੈ ਉਸ ਨੂੰ ਮੌਤ ਤੋਂ ਰਿਹਾਈ ਮਿਲ ਜਾਂਦੀ ਹੈ। ਗੁਰਾਂ ਦੇ ਉਪਦੇਸ਼ ਤੋਂ ਰੱਬ ਨਾਲ ਪ੍ਰੀਤ ਪੈਦਾ ਹੁੰਦੀ ਹੈ ਅਤੇ ਸਾਹਿਬ ਦੀ ਪਰਾਪਤੀ ਹੋ ਜਾਂਦੀ ਹੈ। ਸਾਹਿਬ ਦੇ ਨਾਮ ਤੋਂ ਬਿਨਾਂ ਸੰਸਾਰ ਭੁਲਾ ਫਿਰਦਾ ਹੈ ਅਤੇ ਉਸ ਦਾ ਜਨਮ ਮਰਨ ਚੱਕਰ ਵਾਰ ਵਾਰ ਹੁੰਦਾ ਹੈ। ਹਰ ਕੋਈ ਆਪਣੀ ਪ੍ਰਸ਼ੰਸਾ ਕਰਦਾ ਹੈ ਅਤੇ ਉਹ ਮਹਾਨ ਸਮਝਦਾ ਹੈ। ਗੁਰਾਂ ਦੇ ਬਿਨਾਂ ਆਪਣੇ ਆਪ ਨੂੰ ਨਹੀਂ ਜਾਨ ਸਕਦੇ ਕੇਵਲ ਕਹਿਣ ਅਤੇ ਸੁਣਨ ਨਾਲ ਕੁੱਝ ਕੀ ਹੋ ਸਕਦਾ ਹੈ। ਨਾਨਕ, ਜੇਕਰ ਮਨੁੱਖ ਸ਼ਬਦ ਨੂੰ ਪਛਾਣ ਲਵੇ ਤਾਂ ਉਹ ਆਪਣੇ ਆਪ ਤੇ ਕਦੀ ਅਹੰਕਾਰ ਨਹੀਂ ਕਰਦਾ।
|