ਸ਼੍ਰੀ ਗੁਰੂ ਰਾਮਦਾਸ ਜੀ

ਚੌਥੇ ਗੁਰੂ ਨਾਨਕ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪਿਤਾ ਹਰਿ ਦਾਸ ਮੱਲ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸੰਮਤ 1591 ਬਿਕ੍ਰਮੀ ਕੱਤਕ ਦੀ ਵਦੀ ਦੂਜ ਦਿਨ ਵੀਰਵਾਰ ਨੱਛਤਰ ਚਿਤਰਾ 2 ਨਵੰਬਰ 1534 ਵਿੱਚ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਦੀ ਨਾਂਅ ਮਾਤਾ-ਪਿਤਾ ਨੇ ਜੇਠਾ ਜੀ ਰੱਖਿਆ। ਸ਼੍ਰੀ ਗੁਰੂ ਰਾਮਦਾਸ ਜੀ ਬਚਪਨ ਤੋਂ ਦੂਜੇ ਬੱਚਿਆਂ ਤੋਂ ਵੱਖਰੇ ਸਨ। ਆਪ ਜੀ ਸਾਧੂ-ਸੰਤਾਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦੇ ਸੀ। ਬਚਪਨ ਵਿੱਚ ਹੀ ਆਪ ਜੀ ਨੂੰ ਇੱਕ ਅਸਿਹ ਸਦਮਾ ਹੋਇਆ ਕਿ ਅਚਾਨਕ ਆਪ ਜੀ ਦੀ ਮਾਤਾ ਜੀ ਬੈਕੁੰਠ ਧਾਮ ਪਧਾਰ ਗਏ। ਅਜੇ ਆਪ ਜੀ ਦੀ ਸਰੀਰਕ ਉਮਰ ਬਹੁਤ ਛੋਟੀ ਸੀ। ਮਾਤਾ ਦੇ ਜਾਣ ਦੇ ਬਾਅਦ ਕੁੱਝ ਸਮਾਂ ਹੀ ਹੋਇਆ ਸੀ ਕਿ ਅਚਾਨਕ ਅਜਿਹਾ ਭਾਣਾ ਵਰਤਿਆ ਕਿ ਪਿਤਾ ਜੀ ਵੀ ਬੈਕੁੰਠ ਧਾਮ ਪਧਾਰ ਗਏ। ਗੁਰੂ ਸਾਹਿਬ ਜੀ ਨੇ ਸੱਤ ਸਾਲ ਦੀ ਉਮਰ ਵਿੱਚ ਹੀ ਜੀਵਨ ਵਿੱਚ ਦੋ ਬਹੁਤ ਵੱਡੇ ਦੁੱਖਾਂ ਦਾ ਸਾਹਮਣਾ ਕੀਤਾ। ਪਿਤਾ ਜੀ ਦੇ ਜਾਣ ਦੇ ਬਾਅਦ ਆਪ ਜੀ ਦੀ ਨਾਨੀ ਆਪ ਜੀ ਨੂੰ ਲੈ ਕੇ ਆਪਣੇ ਘਰ ਬਾਸਰਕੇ ਆ ਗਈ। ਉਹਨਾਂ ਨੇ ਆਪ ਜੀ ਦਾ ਬਹੁਤ ਧਿਆਨ ਰੱਖਿਆ। ਆਪਣੇ ਦੋਤੇ ਨੂੰ ਧਰਮ ਕਿਰਤ ਸਿਖਾਉਣ ਲਈ ਉਹਨਾਂ ਨੂੰ ਘੁੰਘਣੀਆਂ ਵੇਚਣ ਦੀ ਪ੍ਰੇਰਨਾ ਦਿੱਤੀ। ਤਵਾਰੀਖ ਦੇ ਹਵਾਲੇ ਅਨੁਸਾਰ ਆਪ ਜੀ ਨਾਨਕੇ ਘਰ ਪਲੇ। ਘੁੰਘਣੀਆਂ ਵੀ ਵੇਚਿਆਂ। ਜਦੋਂ ਆਪ ਜੀ ਪ੍ਰੇਮ ਨਾਲ ਹੋਕਾ ਦਿੰਦੇ ਸਨ ਤਾਂ ਸੁਣਨ ਵਾਲਿਆਂ ਦੇ ਦਿਲ ਮੋਹ ਲੈਂਦੇ ਸਨ। ਸੰਸਾਰ ਦੇ ਗਰੀਬ ਵਰਗ ਨੂੰ ਸਹਾਰਾ ਦੇਣ ਲਈ, ਧਰਮ ਕਿਰਤ ਕਰਨ ਲਈ ਉਤਸ਼ਾਹਿਤ ਕਰਨ ਅਵਤਾਰ ਲਿਆ। ਚੌਥੇ ਜਾਮੇ ਵਿੱਚ ਆਪ ਜੀ ਨੇ ਚੰਗੇਰ ਉਠਾ ਲਈ। ਚੰਗੇਰ ਤੋਂ ਭਾਵ ਵੱਡਾ ਤੇ ਚੌੜਾ ਟੋਕਰਾ। ਇੱਕ ਦਿਨ ਅਚਾਨਕ ਇੱਕ ਮਹਾਂਪੁਰਸ਼ ਮਿਲ ਗਏ ਜੋ ਬਹੁਤ ਭੁੱਖੇ ਸਨ। ਉਸ ਨੇ ਕਿਹਾ ਘੁੰਘਣੀਆਂ ਮੈਨੂੰ ਦੇਵੋ। ਜਦੋਂ ਸੁਣ ਕੇ ਇੱਕ ਮੁੱਠ ਭਰ ਕੇ ਦੇਣ ਲਗੇ ਤਾਂ ਉਹਨਾਂ ਨੇ ਕਿਹਾ ਕਿ ਇੱਕ ਮੁੱਠ ਨਾਲ ਮੈਂ ਤ੍ਰਿਪਤ ਹੋਣ ਵਾਲਾ ਨਹੀਂ ਤਾਂ ਆਪ ਜੀ ਨੇ ਉਹਨਾਂ ਨੂੰ ਦੋ-ਤਿੰਨ ਮੁੱਠੀਆਂ ਭਰ ਕੇ ਦੇਣ ਲੱਗੇ ਤਾਂ ਉਹਨਾਂ ਨੇ ਫੇਰ ਵੀ ਨਾਂਹ ਕਰ ਦਿੱਤੀ। ਜੇਠਾ ਜੀ ਨੇ ਉਹਨਾਂ ਦੀ ਝੋਲੀ ਵਿੱਚ ਸਾਰੀ ਚੰਗੇਰ ਪਲਟ ਦਿੱਤੀ। ਘਰ ਆਏ ਤਾਂ ਬੁਗਰਗਾਂ ਦੀ ਤਾੜਨਾ ਸਹਾਰਨੀ ਪਈ। ਕਿਉਂਕਿ ਪਹਿਲਾਂ ਵੀ ਜੇ ਕੋਈ ਭੁੱਖਾ ਨੰਗਾ ਮਿਲਦਾ ਤਾਂ ਬਿਨਾਂ ਪੈਸੇ ਦੇ ਘੁੰਘਣੀਆਂ ਖਵਾਉਂਦੇ ਰਹਿੰਦੇ ਸਨ। ਪਰ ਚੰਗੇਰ ਪਲਟਣ ਵਾਲੀ ਗੱਲ ਤੇ ਬਜੁਰਗਾਂ ਨੂੰ ਤਾੜਨ ਲਈ ਮਜਬੂਰ ਕਰ ਦਿੱਤਾ, ਕਿਹਾ ਨਿਕਲ ਜਾ ਘਰ ਤੋਂ, ਤੂੰ ਘਰ ਦੀ ਬਰਬਾਦੀ ਕਰੇਗਾ। ਭਾਵੇਂ ਇਹ ਤਾੜਨਾ ਬਜੁਰਗਾਂ ਦੀ ਉਪਰਲੇ ਮਨੋਂ ਸੀ ਕਿ ਬੱਚਾ ਜਿੰਦਗੀ ਠੀਕ ਬਤੀਤ ਕਰੇ, ਪਰ ਇਹ ਅੱਖਾਂ ਤੋਂ ਵੈਰਾਗ ਦੇ ਗੰਝੂ ਵਹਾਉਂਦੇ ਹੋਏ ਬਾਹਰ ਆ ਗਏ। ਇੱਕ ਸੰਗਤ ਦਾ ਕਾਫਲਾ ਗੋਵਿੰਦਵਾਲ ਸਾਹਿਬ ਨੂੰ ਜਾਂਦਾ ਮਿਲਿਆ। ਆਪ ਜੀ ਵੀ ਉਹਨਾਂ ਨਾਲ ਚਲੇ ਗਏ। ਸਾਰੀ ਸੰਗਤ ਤਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰ ਕੇ ਵਾਪਸ ਆ ਗਈ। ਪਰ ਜੇਠਾ ਜੀ ਗੁਰੂ ਸ਼ਰਨ ਵਿੱਚ ਜਾ ਕੇ ਪਿਛਲੀਆਂ ਸਾਰੀਆਂ ਉਦਾਸੀਆਂ ਦੀਆਂ ਪੌੜੀਆਂ ਲੰਘ ਕੇ ਗੋਇੰਦਵਾਲ ਸਾਹਿਬ ਵਿੱਚ ਅਨੰਦ ਦੇ ਸਾਗਰ ਵਿੱਚ ਆਨੰਦ ਮਾਣਨ ਲੱਗੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਵਿੱਚ ਹਰ ਵੇਲੇ ਤਤਪਰ ਰਹਿੰਦੇ। ਝਾੜੂ ਦੀ ਸੇਵਾ, ਲੰਗਰ ਦੀ ਸੇਵਾ, ਗੁਰੂ ਸਾਹਿਬ ਜੀ ਦੀ ਆਗਿਆ ਮੰਨਣੀ। ਇੱਥੇ ਤੱਕ ਕਿ ਗੁਰੂ ਸਾਹਿਬ ਜੀ ਦੇ ਸਿੱਖਾਂ ਦੀ ਵੀ ਆਗਿਆ ਵਿੱਚ ਰਹਿਣ ਲੱਗੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਆਰ ਵਿੱਚੋਂ ਮਾਤਾ-ਪਿਤਾ ਦੇ ਪਿਆਰ ਨਾਲੋਂ ਵੱਧ ਮਿਠਾਸ ਪ੍ਰਾਪਤ ਹੋਈ, ਇਸ ਲਈ ਗੁਰੂ ਨੂੰ ਸਭ ਕੁੱਝ ਮੰਨ ਕੇ ਤਨ-ਮਨ ਅਰਪ ਸੇਵਾ ਕਰਨ ਲੱਗੇ। ਸੰਸਾਰ ਵਿੱਚ ਆਉਣਾ ਸਫਲ ਕੀਤਾ।