ਬਾਦਸ਼ਾਹ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਸ ਦੀ ਸਾੜੇ ਸੱਤੀ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ 40 ਦਿਨ ਗਵਾਲੀਅਰ ਵਿੱਚ ਰਹਿਣ। ਗੁਰੂ ਸਾਹਿਬ ਜੀ ਨੇ ਬੇਨਤੀ ਪਰਵਾਨ ਕੀਤੀ ਅਤੇ ਜਹਾਂਗੀਰ ਨਾਲ ਗਵਾਲੀਅਰ ਵੱਲ ਰਵਾਨਾ ਹੋ ਗਏ।
ਜਿਸ ਸਮੇਂ ਗੁਰੂ ਸਾਹਿਬ ਜੀ ਅਤੇ ਜਹਾਂਗੀਰ ਆਗਰੇ ਪਹੁੰਚੇ ਤਾਂ ਆਗਰੇ ਤੋਂ ਬਾਹਰ ਚੰਗੀ ਥਾਂ ਵੇਖ ਕੇ ਆਪ ਜੀ ਅਰਾਮ ਕਰਨ ਲਈ ਤੰਬੂ ਲਗਵਾਏ। ਇਸੇ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਹਦ ਪਿਆਰ ਕਰਨ ਵਾਲਾ ਇੱਕ ਸ਼ਰਧਾਲੂ ਸਿੱਖ ਰਹਿੰਦਾ ਸੀ, ਜੋ ਬਹੁਤ ਸਮੇਂ ਤੋਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ।ਅੰਤਰਜਾਮੀ ਸਤਿਗੁਰੂ ਜੀ ਆਪਣੇ ਸਿੱਖ ਦੀ ਭਾਵਨਾ ਨੂੰ ਜਾਣਦੇ ਸਨ। ਇਸ ਲਈ ਉਹਨਾਂ ਨੇ ਇਸ ਸਥਾਨ ਤੇ ਟਿਕਾਅ ਕੀਤਾ ਸੀ।
ਜਦੋਂ ਉਹ ਘਾਹੀ ਸਿੱਖ ਨੂੰ ਪਤਾ ਲਗਿਆ ਕਿ ਉਸ ਦੇ ਮਾਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਇੱਥੇ ਪਹੁੰਚੇ ਹਨ ਤਾਂ ਉਸ ਨੇ ਬੜੀ ਸ਼ਰਧਾ ਨਾਲ ਹਰਿਆ-ਹਰਿਆ ਘਾਹ ਲੈ ਕੇ ਸਾਫ ਕਰ ਕੇ, ਪੰਡ ਬੰਨ੍ਹੀ ਅਤੇ ਕਿਹਾ ਕਿ ਇਹ ਘਾਹ ਮੇਰੇ ਸੱਚੇ ਪਾਤਿਸ਼ਾਹ ਦੇ ਘੋੜੇ ਦੇ ਖਾਣ ਲਈ ਕੰਮ ਆਵੇਗੀ।
ਉਸ ਨੇ ਘਾਹ ਦੀ ਪੰਡ ਚੁੱਕੀ ਅਤੇ ਪੁੱਛਦਾ-ਪੁਛਾਉਂਦਾ ਤੰਬੂਆਂ ਦੇ ਕੋਲ ਪਹੁੰਚਿਆ ਅਤੇ ਜਹਾਂਗੀਰ ਦੇ ਇੱਕ ਅਹਿਲਕਾਰ ਨੂੰ ਪੁੱਛਿਆ ਕਿ ਸੱਚੇ ਪਾਤਿਸ਼ਾਹ ਦਾ ਤੰਬੂ ਕਿੱਥੇ ਹੈ? ਉਸ ਨੇ ਜਹਾਂਗੀਰ ਦੇ ਤੰਬੂ ਵੱਲ ਭੇਜ ਦਿੱਤਾ। ਗੁਰਸਿਖ ਨੇ ਘਾਹ ਦੀ ਪੰਡ ਅਤੇ ਟਕਾ ਜਹਾਂਗੀਰ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਮੇਰਾ ਜਨਮ-ਮਰਨ ਕੱਟੋ ਅਤੇ ਮੇਰੀ ਲੋਕ-ਪ੍ਰਲੋਕ ਸਹਾਇਤਾ ਕਰੋ।
ਜਹਾਂਗੀਰ ਨੇ ਉਸ ਸਿੱਖ ਦੀ ਗੱਲ ਸੁਣ ਕੇ ਕਿਹਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ, ਮੈਂ ਤੈਨੂੰ ਦੁਨੀਆਂ ਦੇ ਖਜਾਨੇ ਬਖਸ਼ ਸਕਦਾ ਹਾਂ, ਪਰ ਲੋਕ-ਪ੍ਰਲੋਕ ਤੇਰੀ ਸਹਾਇਤਾ ਨਹੀਂ ਕਰ ਸਕਦਾ। ਘਾਹੀ ਸਿੱਖ ਨੇ ਪੁੱਛਿਆ ਤੁਸੀਂ ਸੱਚੇ ਪਾਤਿਸ਼ਾਹ ਨਹੀਂ ਹੋ? ਤਾਂ ਜਹਾਂਗੀਰ ਨੇ ਕਿਹਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ।
ਉਸੇ ਸਮੇਂ ਘਾਹੀ ਸਿੱਖ ਨੇ ਆਪਣੀ ਘਾਹ ਦੀ ਪੰਡ ਅਤੇ ਟਕਾ ਚੁੱਕ ਲਿਆ। ਜਹਾਂਗੀਰ ਨੇ ਘਾਹੀ ਨੂੰ ਬਹੁਤ ਕਿਹਾ ਕਿ ਤੂੰ ਮੇਰੇ ਕੋਲੋਂ ਘਾਹ ਦੀ ਪੰਡ ਬਦਲੇ ਧਨ ਪਦਾਰਥ ਲੈ ਲੈ ਅਤੇ ਇਹ ਭੇਟਾ ਘਾਹ ਦੀ ਪੰਡ ਇੱਥੇ ਹੀ ਰਹਿਣ ਦੇ।
ਘਾਹੀ ਸਿੱਖ ਨੇ ਜਹਾਂਗੀਰ ਦੀ ਗੱਲ ਸੁਣ ਕੇ ਕਿਹਾ ਮੈਨੂੰ ਤੇਰੇ ਧਨ ਪਦਾਰਥ ਦੀ ਜਰੂਰਤ ਨਹੀਂ ਹੈ। ਤੇਰਾ ਰਾਜ ਕੂੜਾ ਹੈ। ਕੂੜੇ ਰਾਜ ਦੇ ਸਿੱਕੇ ਸੱਚੇ ਪਾਤਿਸ਼ਾਹ ਦੇ ਰਾਜ ਵਿੱਚ ਨਹੀਂ ਚੱਲਣੇ। ਇਸ ਟਕੇ ਤੇ ਸਿਰਫ ਪ੍ਰੇਮ ਦੀ ਟਕਸਾਲ ਦਾ ਠੱਪਾ ਲੱਗਿਆ ਹੈ। ਇਹ ਘਾਹ ਦੀਆ ਤੰਦਾ ਪ੍ਰੇਮ ਦੀਆਂ ਹਨ। ਧਿਆਨ ਰੱਖ ਪਾਤਿਸ਼ਾਹ ਦੇ ਦਰਬਾਰ ਵਿੱਚ ਪ੍ਰੇਮ ਦੇ ਸਿੱਕੇ ਚੱਲਦੇ ਹਨ। ਚੁੱਕ ਕੇ ਘਾਹ ਦੀ ਗੱਠ ਟਕਾ ਲਿਆ। ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਅੱਗੋਂ ਲੈਣ ਆਏ। ਕਹਿਣ ਲੱਗੇ ਕਿ ਲਿਆ ਘਾਹ ਦੀ ਪੰਢ ਮੈਨੂੰ ਚੁਕਾਅ।
ਜਹਾਂਗੀਰ ਇਹ ਸਭ ਵੇਖ ਕੇ ਹੈਰਾਨ ਸੀ। ਕਹਿੰਦਾ ਹੈ, ਪਾਤਿਸ਼ਾਹ ਵੀ ਤਾਂ ਹੀ ਸਿੱਖ ਮੰਨਦੇ ਹਨ, ਜਦੋਂ ਪਾਤਿਸ਼ਾਹ ਵੀ ਸਿੰਘਾਸਨ ਛੱਡਕੇ ਆਪਣੇ ਪਿਆਰੇ ਸਿੱਖ ਨੂੰ ਪ੍ਰੇਮ ਕਰ ਲਈ ਸਿੰਘਾਸਣ ਤੋਂ ਉੱਠ ਕੇ ਆਪ ਮਿਲਨ ਆਵੇ। |