ਇੱਕ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲਗਿਆ ਹੋਇਆ ਸੀ। ਬਹੁਤ ਸਾਰੀਆਂ ਸੰਗਤਾ ਗੁਰੂ ਜੀ ਦੇ ਦਰਬਾਰ ਵਿੱਚ ਮੌਜੂਦ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕੀਤਾ ਕਿ ਤੁਹਾਡੇ ਵਿੱਚ ਕੋਈ ਅਜਿਹਾ ਸਿੱਖ ਹੈ ਜੋ ਸਾਨੂੰ 'ਸ਼੍ਰੀ ਜਪੁਜੀ ਸਾਹਿਬ' ਦਾ ਸ਼ੁੱਧ ਪਾਠ ਸੁਣਾ ਸਕੇ। ਮਤਲਬ ਬਗੈਰ ਕਿਸੇ ਗਲਤੀ ਦੇ ਸ਼ੁੱਧ ਰੂਪ ਨਾਲ ਸੁਣਾ ਸਕੇ।
ਕੁੱਝ ਦੇਰ ਤਕ ਸਾਰੀਆਂ ਸੰਗਤਾਂ ਚੁੱਪ ਰਹੀਆਂ। ਫ਼ਿਰ ਉਹਨਾਂ ਵਿੱਚੋਂ ਇੱਕ ਸਿੱਖ ਉਠ ਖੜਾ ਹੋਇਆ, ਜਿਨ੍ਹਾਂ ਦਾ ਨਾਂ ਭਾਈ ਗੋਪਾਲਾ ਸੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਕਿ ਮੈਂ ਸ਼ੁੱਧ ਪਾਠ ਕਰਾਂਗਾ, ਪਰ ਹਾਂ ਮੈਂ ਕੋਸ਼ਿਸ਼ ਕਰ ਸਕਦਾ ਹਾਂ।
ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਠੀਕ ਹੈ ਆਪ ਸਾਨੂੰ 'ਜਪੁਜੀ ਸਾਹਿਬ' ਦਾ ਪਾਠ ਸੁਨਾਉ। ਭਾਈ ਗੋਪਾਲਾ ਜੀ ਨੇਤਰ ਬੰਦ ਕੀਤੇ ਅਤੇ ਜਪੁਜੀ ਸਾਹਿਬ ਦਾ ਪਾਠ ਅਰੰਭ ਕੀਤਾ। ਭਾਈ ਗੋਪਾਲਾ ਜੀ ਪੂਰਾ ਮਨ ਲਗਾ ਕੇ ਧਿਆਨ ਨਾਲ ਉੱਚੀ-ਉੱਚੀ ਜਪੁਜੀ ਸਾਹਿਬ ਜੀ ਸ਼ੁੱਧ ਪਾਠ ਕਰਨ ਲਗੇ।
ਪਾਠ ਸੁਣ ਕੇ ਸਾਰੀਆਂ ਸੰਗਤਾਂ ਨੂੰ ਬਹੁਤ ਅਨੰਦ ਆ ਰਿਹਾ ਸੀ ਅਤੇ ਆਪ ਗੁਰੂ ਜੀ ਵੀ ਬਹੁਤ ਪ੍ਰਸ਼ੰਨ ਸਨ। ਗੁਰੂ ਸਾਹਿਬ ਜੀ ਭਾਈ ਗੋਪਾਲਾ ਜੀ ਤੋਂ ਐਨੇ ਖੁਸ਼ ਹੋ ਗਏ ਸਨ ਕਿ ਉਹਨਾਂ ਨੇ ਸੋਚ ਲਿਆ ਸੀ ਕਿ ਜੇ ਸਿੱਖ ਇਸ ਤਰ੍ਹਾਂ ਹੀ ਸਾਰਾ ਪਾਠ ਮਨ ਲਗਾ ਕੇ ਸ਼ੁੱਧ ਪੜ੍ਹ ਲਵੇਗਾ ਤਾਂ ਮੈਂ ਇਸ ਨੂੰ ਗੁਰਗੱਦੀ ਬਖਸ਼ ਦਿਆਂਗਾ।
ਦੂਜੇ ਪਾਸੇ ਭਾਈ ਗੋਪਾਲਾ ਜੀ ਜਦੋਂ ਜਪੁਜੀ ਸਾਹਿਬ ਦੀ ਆਖਰੀ ਪਉੜੀ ਤੇ ਪੁੱਜੇ ਤਾਂ ਮਨ ਵਿੱਚ ਖਿਆਲ ਆ ਗਿਆ ਕਿ ਮੈਂ ਗੁਰੂ ਸਾਹਿਬ ਜੀ ਨੂੰ ਸਾਰਾ ਪਾਠ ਸ਼ੁੱਧ ਸੁਣਾਇਆ ਤਾਂ ਗੁਰੂ ਸਾਹਿਬ ਜੀ ਖੁਸ਼ ਹੋ ਜਾਣਗੇ ਅਤੇ ਮੈਂ ਉਹਨਾਂ ਤੋਂ ਉਹਨਾਂ ਦਾ ਇੱਕ ਘੋੜਾ ਮੰਗ ਲਵਾਂਗਾ।
ਜਦੋਂ ਭਾਈ ਗੋਪਾਲਾ ਜੀ ਨੇ ਪਾਠ ਦਾ ਭੋਗ ਪਾਇਆ ਤਾਂ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਕਿ ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਧਿਆਨ ਲਗਾ ਕੇ ਸ਼ੁੱਧ ਪਾਠ ਕਰ ਰਹੇ ਸੀ। ਅਸੀਂ ਸੋਚਿਆ ਸੀ ਕਿ ਤੁਹਾਨੂੰ ਗੁਰੂ ਗੱਦੀ ਦੀ ਦਾਤ ਬਖਸ਼ ਦਿਆਂਗੇ, ਪਰ ਤੁਸੀਂ ਤਾਂ ਆਪਣੇ ਮਨ ਵਿੱਚ ਦੁਨੀਆਵੀ ਚੀਜ ਦੀ ਮੰਗ ਕਰ ਬੈਠੇ ਤਾਂ ਚਲੋ ਤੁਹਾਨੂੰ ਉਹੀ ਦਿੰਦੇ ਹਾਂ ਜਿਸ ਗੱਲ ਦੀ ਤੁਹਾਨੂੰ ਆਸ਼ ਹੈ।
ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਉਸ ਸਮੇਂ ਸਿੱਖ ਸੰਗਤਾਂ ਨੂੰ ਸ਼ੁੱਧ ਬਾਣੀ ਪੜ੍ਹਨ ਦਾ ਮਹੱਤਵ ਸਮਝਾਇਆ। |