ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਜਦੋਂ ਸਾਹਿਬਜਾਦੇ ਦਾ ਅਵਤਾਰ ਹੋਇਆ ਤਾਂ ਗੁਰੂ ਘਰ ਵਿੱਚ ਬਹੁਤ ਸਾਰੀਆਂ ਸੰਗਤਾਂ ਸਾਹਿਬਜਾਦੇ ਦੇ ਪ੍ਰਕਾਸ਼ ਦੀਆਂ ਵਧਾਈਆਂ ਦੇਣ ਲਗਾਤਾਰ ਆ ਰਹੀਆਂ ਸਨ ਅਤੇ ਦਰਸ਼ਨ ਕਰਕੇ ਪਰਸ਼ਾਦਾ ਛਕ ਕੇ ਵਾਪਸ ਜਾ ਰਹੀਆਂ ਸਨ।
ਬਾਬਾ ਬੁੱਢਾ ਜੀ ਵੀ ਸਾਹਿਬਜਾਦੇ ਦੇ ਦਰਸ਼ਨ ਲਈ ਆਏ। ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰ ਕੇ ਸਾਹਿਬਜਾਦੇ ਦੇ ਦਰਸ਼ਨ ਕਰਵਾਉ। ਗੁਰੂ ਸਾਹਿਬ ਜੀ ਨੇ ਉਸੇਂ ਸਮੇਂ ਦਾਈ ਨੂੰ ਕਿਹਾ ਕਿ ਬਾਬਾ ਬੁੱਢਾ ਜੀ ਨੂੰ ਸਾਹਿਬਜਾਦੇ ਦੇ ਦਰਸ਼ਨ ਕਰਵਾਏ ਜਾਨ।
ਕੁੱਝ ਦੇਰ ਬਾਅਦ ਬਾਬਾ ਬੁੱਢਾ ਜੀ ਨੂੰ ਸਾਹਿਬਜਾਦੇ ਦੇ ਦਰਸ਼ਨ ਕਰਵਾਏ। ਬਾਬਾ ਜੀ ਸਾਹਿਬਜਾਦੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਛੇਵਾਂ ਰੂਪ ਜਾਣ ਕੇ ਮੱਥਾ ਟੇਕਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਸਾਹਿਬਜਾਦੇ ਦਾ ਨਾਂਅ ਹਰਗੋਬਿੰਦ ਜੀ ਰੱਖਿਆ।
ਨਾਂਅ ਰੱਖ ਕੇ ਗੁਰੂ ਜੀ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਆਪਣੇ ਸਥਾਨ ਗੁਰੂ ਕੇ ਬੀੜ ਵਾਪਸ ਚਲੇ ਗਏ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਹਿਬਜਾਦੇ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਪਿੰਡ ਵਡਾਲੀ ਵਿੱਚ ਇੱਕ ਖੂਹ ਲਗਵਾਇਆ ਜਿਸ ਤੇ ਇੱਕ ਸਮੇਂ ਵਿੱਚ ਛੇ ਹਰਟ ਚਲਦੇ ਸਨ, ਜਿਸ ਕਰਕੇ ਉਹ ਦਾ ਨਾਂਅ ਛਿਹਰਟਾ ਸਾਹਿਬ ਰੱਖਿਆ ਗਿਆ। ਅੱਜ ਤੱਕ ਵੀ ਉਸ ਖੂਹ ਤੇ ਛੇਹਰਟਾ ਦੇ ਚਿੰਨ੍ਹ ਦੇਖੇ ਜਾਂਦੇ ਹਨ। ਅੱਜ ਇਹ ਸਥਾਨ ਗੁਰਦੁਆਰਾ ਸ਼੍ਰੀ ਛਿਹਰਟਾ ਨਾਂਅ ਤੋਂ ਮਸ਼ਹੂਰ ਹੈ। |