ਹਿੰਦੁ ਧਰਮ ਬਾਰੇ | ਆਰਤੀ ਸੰਗ੍ਰਹਿ | ਤਿਉਹਾਰ | ਤੀਰਥ ਖੇਤਰ | ਦੇਵੀ/ਦੇਵਤਾ
ਮੁੱਖਪੰਨਾ » ਧਰਮ ਦਰਸ਼ਨ » ਹਿੰਦੁ ਧਰਮ » ਤਿਉਹਾਰ » ਕਰਵਾ ਚੌਥ ਵਰਤ ਦੀ ਕਥਾ (Karva Chauth)
 
WD
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇਕ ਸ਼ਾਹੂਕਾਰ ਦੇ ਸੱਤ ਪੁੱਤਰ ਸਨ ਅਤੇ ਉਹਨਾਂ ਦੀ ਇਕ ਭੈਣ ਸੀ। ਸਾਰੇ ਭਰਾ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ। ਇਥੋਂ ਤੱਕ ਕਿ ਪਹਿਲਾਂ ਉਸ ਨੂੰ ਭੋਜਨ ਖੁਆਉਂਦੇ ਫਿਰ ਆਪ ਭੋਜਨ ਕਰਦੇ ਸਨ। ਇਕ ਵਾਰ ਉਹਨਾਂ ਦੀ ਭੈਣ ਸਹੁਰੇ ਘਰ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ।

ਸ਼ਾਮ ਨੂੰ ਭਰਾ ਜਦੋਂ ਆਪਣਾ ਵਪਾਰ-ਦੁਕਾਨਾਂ ਬੰਦ ਕਰਕੇ ਘਰ ਆਏ ਤਾਂ ਉਹਨਾਂ ਵੇਖਿਆ ਕਿ ਉਹਨਾਂ ਦੀ ਭੈਣ ਬਹੁਤ ਔਖੀ ਸੀ। ਸਾਰੇ ਭਰਾ ਭੋਜਨ ਕਰਨ ਬੈਠੇ ਅਤੇ ਆਪਣੀ ਭੈਣ ਨੂੰ ਵੀ ਭੋਜਨ ਕਰਨ ਲਈ ਕਹਿਣ ਲੱਗੇ, ਪਰ ਭੈਣ ਨੇ ਦੱਸਿਆ ਕਿ ਉਸਦਾ ਕਰਵਾ ਚੌਥ ਦਾ ਬਿਨਾ ਪਾਣੀ ਵਾਲਾ ਵਰਤ ਹੈ ਅਤੇ ਉਹ ਭੋਜਨ ਸਿਰਫ ਚੰਦਰਮਾ ਨੂੰ ਦੇਖ ਕੇ ਅਤੇ ਉਸ ਨੂੰ ਜਲ ਅਰਪਣ ਕਰਕੇ ਹੀ ਕੁੱਝ ਖਾ ਸਕਦੀ ਹੈ। ਕਿਉਂਕਿ ਚੰਦਰਮਾ ਅਜੇ ਨਹੀਂ ਨਿੱਕਲਿਆ ਹੈ, ਇਸ ਲਈ ਉਹ ਭੁੱਖ-ਪਿਆਸ ਨਾਲ ਤੜਪ ਉੱਠੀ ਸੀ।

ਸਭ ਤੋਂ ਛੋਟੇ ਭਰਾ ਤੋਂ ਆਪਣੀ ਭੈਣ ਦੀ ਹਾਲਤ ਦੇਖੀ ਨਹੀਂ ਗਈ ਅਤੇ ਉਹ ਦੂਰ ਪਿੱਪਲ ਦੇ ਨੇੜੇ ਇੱਕ ਦੀਵਾ ਬਾਲਕੇ ਛਾਨਣੀ ਦੇ ਸਹਾਰੇ ਰੱਖ ਦਿੰਦਾ ਹੈ। ਦੂਰੋਂ ਵੇਖਣ ਤੇ ਉਹ ਇੰਝ ਜਾਪਦਾ ਸੀ ਜਿਵੇਂ ਚੌਥ ਦਾ ਚੰਨ ਨਿਕਲ ਰਿਹਾ ਹੋਵੇ।

ਇਸਦੇ ਬਾਅਦ ਭਰਾ ਆਪਣੀ ਭੈਣ ਨੂੰ ਦੱਸਦਾ ਹੈ ਕਿ ਚੰਨ ਨਿਕਲ ਆਇਆ ਹੈ, ਤੂੰ ਉਸਨੂੰ ਜਲ ਅਰਪਣ ਕਰਨ ਤੋਂ ਬਾਅਦ ਭੋਜਨ ਕਰ ਸਕਦੀ ਹੈਂ। ਭੈਣ ਖੁਸ਼ੀ ਦੇ ਮਾਰੇ ਪੌੜੀਆਂ ਤੇ ਚੜ੍ਹ ਕੇ ਚੰਨ ਨੂੰ ਵੇਖਦੀ ਹੈ, ਉਸਨੂੰ ਜਲ ਅਰਪਣ ਕਰਕੇ ਭੋਜਨ ਕਰਨ ਬੈਠ ਜਾਂਦੀ ਹੈ।

ਉਹ ਪਹਿਲਾਂ ਟੁਕੜਾ ਮੂੰਹ ਵਿੱਚ ਪਾਉਂਦੀ ਹੈ ਤਾਂ ਉਸਨੂੰ ਛਿੱਕ ਆ ਜਾਂਦੀ ਹੈ। ਦੂਜਾ ਟੁੱਕੜਾ ਪਾਉਂਦੀ ਹੈ ਤਾਂ ਉਸ ਵਿਚੋਂ ਵਾਲ ਨਿਕਲਦਾ ਹੈ ਅਤੇ ਜਿਉਂ ਹੀ ਤੀਜਾ ਟੁਕੜਾ ਪਾਉਂਦੀ ਹੈ ਤਾਂ ਉਸਦੇ ਪਤੀ ਦੀ ਮੌਤ ਦੀ ਖਬਰ ਉਸਨੂੰ ਮਿਲਦੀ ਹੈ। ਉਹ ਘਬਰਾ ਜਾਂਦੀ ਹੈ।

ਉਸਦੀ ਭਾਬੀ ਉਸਨੂੰ ਸਚਾਈ ਤੋਂ ਜਾਣੂੰ ਕਰਵਾਉਂਦੀ ਹੈ ਕਿ ਉਸ ਨਾਲ ਅਜਿਹਾ ਕਿਉਂ ਹੋਇਆ। ਕਰਵਾ ਚੌਥ ਦਾ ਵਰਤ ਗਲਤ ਤਰੀਕੇ ਨਾਲ ਟੁੱਟਣ ਦੇ ਕਾਰਨ ਦੇਵਤਾ ਉਸ ਨਾਲ ਗੁੱਸਾ ਹੋਏ ਹਨ ਅਤੇ ਉਹਨਾਂ ਨੇ ਅਜਿਹਾ ਕੀਤਾ ਹੈ।

ਸਚਾਈ ਜਾਨਣ ਮਗਰੋਂ ਕਰਵਾ ਫੈਸਲਾ ਲੈਂਦੀ ਹੈ ਕਿ ਉਹ ਆਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਵੇਗੀ ਅਤੇ ਆਪਣੀ ਸ਼ਰਧਾ ਨਾਲ ਉਸਨੂੰ ਦੁਬਾਰਾ ਜਨਮ ਦਿਵਾਵੇਗੀ। ਉਹ ਪੂਰੇ ਇਕ ਵਰ੍ਹੇ ਤੱਕ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਰਹਿੰਦੀ ਹੈ। ਉਸਦੀ ਦੇਖਭਾਲ ਕਰਦੀ ਹੈ। ਉਸ ਉੱਪਰ ਉੱਗਣ ਵਾਲੀ ਸੂਈਨੁਮਾ ਘਾਹ ਨੂੰ ਉਹ ਇੱਕਠੀ ਕਰਦੀ ਜਾਂਦੀ ਹੈ।

ਇਕ ਸਾਲ ਬਾਅਦ ਮੁੜ ਤੋਂ ਕਰਵਾ ਚੌਥ ਦਾ ਵਰਤ ਆਉਂਦਾ ਹੈ। ਉਸ ਦੀਆਂ ਸਾਰੀਆਂ ਭਾਬੀਆਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਜਦੋਂ ਭਾਬੀਆਂ ਉਸ ਕੋਲੋਂ ਆਸ਼ੀਰਵਾਦ ਲੈਣ ਆਉਂਦੀਆ ਹਨ ਤਾਂ ਉਹ ਹਰੇਕ ਭਾਬੀ ਤੋਂ 'ਯਮ ਸੂਈ ਲੈ ਲਵੋ, ਪਿਯ ਸੂਈ ਦੇ ਦਵੋ, ਮੈਨੂੰ ਵੀ ਆਪਣੇ ਵਰਗੀ ਸੁਹਾਗਣ ਬਣਾ ਦੇਵੋ' ਅਜਿਹੀ ਬੇਨਤੀ ਕਰਦੀ ਹੈ, ਪਰ ਹਰ ਵਾਰ ਭਾਬੀ ਉਸਨੂੰ ਅਗਲੀ ਭਾਬੀ ਨੂੰ ਬੇਨਤੀ ਕਰਨ ਦਾ ਕਹਿ ਕੇ ਚਲੀ ਜਾਂਦੀ ਹੈ।

WD
ਇਸ ਤਰਾਂ ਜਦੋਂ ਛੇਵੇਂ ਨੰਬਰ ਦੀ ਭਾਬੀ ਆਉਂਦੀ ਹੈ ਤਾਂ ਕਰਵਾ ਉਸਨੂੰ ਇਹੀ ਗੱਲ ਦੁਹਰਾਉਂਦੀ ਹੈ। ਉਹ ਭਾਬੀ ਉਸਨੂੰ ਦੱਸਦੀ ਹੈ ਕਿ ਕਿਉਂਕਿ ਸਭ ਤੋਂ ਛੋਟੇ ਭਰਾ ਦੇ ਕਾਰਣ ਉਸਦਾ ਵਰਤ ਟੁੱਟਿਆ ਹੈ ਇਸ ਲਈ ਉਸਦੀ ਪਤਨੀ ਵਿੱਚ ਹੀ ਸ਼ਕਤੀ ਹੈ ਕਿ ਉਹ ਤੁਹਾਡੇ ਪਤੀ ਨੂੰ ਦੁਬਾਰਾ ਜੀਵਨ ਦੇ ਸਕਦੀ ਹੈ, ਇਸ ਲਈ ਉਹ ਆਏ ਤਾਂ ਤੁਸੀਂ ਉਸਨੂੰ ਫੜ ਲੈਣਾ ਅਤੇ ਜਦੋਂ ਤੱਕ ਉਹ ਤੁਹਾਡੇ ਪਤੀ ਨੂੰ ਜਿੰਦਾ ਨਾ ਕਰੇ ਉਸਨੂੰ ਨਾ ਛੱਡਣਾ। ਅਜਿਹਾ ਕਹਿ ਕੇ ਉਹ ਚੱਲੀ ਗਈ।

ਸਭ ਤੋਂ ਆਖਰ ਵਿੱਚ ਛੋਟੀ ਭਾਬੀ ਆਉਂਦੀ ਹੈ। ਕਰਵਾ ਉਸਨੂੰ ਵੀ ਸੁਹਾਗਣ ਬਣਨ ਦੀ ਬੇਨਤੀ ਕਰਦੀ ਹੈ, ਪਰ ਉਹ ਟਾਲਮਟੋਲ ਕਰਨ ਲੱਗਦੀ ਹੈ। ਇਹ ਦੇਖ ਕੇ ਕਰਵਾ ਉਸਨੂੰ ਜ਼ੋਰ ਨਾਲ ਫੜ ਲੈਂਦੀ ਹੈ ਅਤੇ ਆਪਣੇ ਸੁਹਾਗ ਨੂੰ ਜ਼ਿੰਦਾ ਕਰਨ ਲਈ ਕਹਿੰਦੀ ਹੈ। ਭਾਬੀ ਉਸਨੂੰ ਛੁਡਾਉਣ ਲਈ ਨੋਚਦੀ ਹੈ, ਪਰ ਕਰਵਾ ਨਹੀਂ ਛੱਡਦੀ।

ਆਖਿਰਕਾਰ ਉਸਦੀ ਤਪੱਸਿਆ ਨੂੰ ਦੇਖ ਭਾਬੀ ਪਸੀਜ ਜਾਂਦੀ ਹੈ ਅਤੇ ਆਪਣੀ ਛੋਟੀ ਉਂਗਲੀ ਨੂੰ ਚੀਰ ਕੇ ਉਸ ਵਿਚੋਂ ਅੰਮ੍ਰਿਤ ਉਸਦੇ ਪਤੀ ਦੇ ਮੂੰਹ ਵਿੱਚ ਪਾ ਦਿੰਦੀ ਹੈ। ਕਰਵਾ ਦਾ ਪਤੀ ਤੁਰੰਤ ';ਸ਼੍ਰੀ-ਗਣੇਸ਼- ਸ਼੍ਰੀ-ਗਣੇਸ਼' ਕਹਿੰਦਾ ਹੋਇਆ ਉੱਠ ਕੇ ਬੈਠ ਗਿਆ। ਸ਼੍ਰੀ ਗਣੇਸ਼ ਜੀ ਦੀ ਮਾਂ ਗੌਰੀ ਤੋਂ ਜਿਸ ਤਰਾਂ ਕਰਵਾ ਨੂੰ ਸਦਾ ਸੁਹਾਗਣ ਦਾ ਵਰਦਾਨ ਮਿਲਿਆ ਹੈ, ਉਵੇਂ ਹੀ ਸਭ ਸੁਹਾਗਣਾਂ ਨੂੰ ਮਿਲੇ।