ਪ੍ਰਭੂ ਈਸਾ ਨੇ ਜਦੋਂ ਤੋਂ ਹੋਸ਼ ਸੰਭਾਲਿਆ, ਉਦੋਂ ਤੋਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਯਹੂਦੀ ਸਮਾਜ ਵਿੱਚ ਅਨੇਕ ਪ੍ਰਕਾਰ ਦੀਆਂ ਗਲਤ ਮਾਨਤਾਵਾਂ ਫੈਲੀਆਂ ਹਨ। ਉਹਨਾਂ ਨੇ ਉਹਨਾਂ ਦਾ ਵਿਰੋਧ ਕਰਕੇ ਮਨੁੱਖ ਨੂੰ ਸਹੀ ਰਸਤੇ ਤੇ ਚੱਲਣ ਦੀ ਸਿੱਖਿਆ ਦਿੱਤੀ।
ਉਸ ਸਮੇਂ ਦੇ ਸਮਾਜ ਵਿੱਚ ਆਦਮੀ ਆਪਣੇ ਆਪ ਨੂੰ ਬਹੁਤ ਨੀਚ, ਪਾਪੀ ਅਤੇ ਅਪਵਿੱਤਰ ਮੰਨ ਕੇ ਪੀੜਤ ਰਹਿੰਦਾ ਸੀ। ਆਦਮੀ ਹਉਆ ਦੀ ਗਲਤੀ ਦੀ ਮਾਨਤਾ ਉਸਦੇ ਸਿਰ ਚੜ ਬੋਲਦੀ ਸੀ।
ਈਸਾ ਨੂੰ ਇਹ ਚੀਜ਼ ਬੁਰੀ ਲੱਗਦੀ ਸੀ। ਉਹਨਾਂ ਨੇ ਮਨੁੱਖ ਨੂੰ ਸੰਦੇਸ਼ ਦਿੱਤਾ ਕਿ ਤੂੰ ਪੂਰੀ ਪ੍ਰਿਥਵੀ ਦਾ ਨਮਕ ਹੈਂ। ਵਿਸ਼ਵ ਦਾ ਪ੍ਰਕਾਸ਼ ਹੈਂ। ਤੂੰ ਕਿਉਂ ਆਪਣੇ ਆਪ ਨੂੰ ਅਪਵਿੱਤਰ ਅਤੇ ਪਾਪੀ ਸਮਝਦਾ ਹੈਂ? ਪਰਮ ਪਵਿੱਤਰ ਪ੍ਰਭੂ ਦੀ ਸੰਤਾਨ ਨੂੰ ਅਜਿਹੀ ਮਾਨਤਾ ਸ਼ੋਭਾ ਨਹੀਂ ਦਿੰਦੀ, ਤੂੰ ਆਪਣੇ ਆਪ ਨੂੰ ਨੀਚ ਅਤੇ ਅਪਵਿੱਤਰ ਨਾ ਸਮਝ। ਆਪਣਾ ਆਦਰ ਕਰ। ਆਪਣਾ ਆਤਮਸੰਨਮਾਨ ਜਗਾ। ਤੁਸੀਂ ਸਭ ਪਰਮਪਿਤਾ ਦੀ ਸੰਤਾਨ ਹੋ। ਸਭ ਬਰਾਬਰ ਹੋ। ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ।
ਕ੍ਰੋਧ ਨਾ ਕਰੋ ਕ੍ਰੋਧ ਸਾਰੇ ਪੁਆੜੇ ਦੀ ਜੜ੍ਹ ਹੈ। ਦੁਨੀਆ ਭਰ ਦੀਆਂ ਬੁਰਾਈਆਂ ਕ੍ਰੋਧ ਨਾਲ ਭਰੀਆਂ ਹਨ, ਇਸ ਲਈ ਕ੍ਰੋਧ ਨੂੰ ਦੂਰ ਕਰਨਾ ਜਰੂਰੀ ਹੈ। ਸਾਰੀਆਂ ਲੜਾਈਆਂ ਥੋੜ੍ਹੀ-ਜਿਹੀ ਗੱਲ ਨੂੰ ਲੈ ਕੇ ਹੁੰਦੀਆਂ ਹਨ। ਈਸਾ ਨੇ ਇਸ ਨੂੰ ਰੋਕਣ ਲਈ ਕਿਹਾ - * ਜੋ ਕੋਈ ਆਪਣੇ ਕਿਸੇ ਭਰਾ ਤੇ ਕ੍ਰੋਧ ਕਰਦਾ ਹੈ, ਤਾਂ ਉਸ ਨੂੰ ਈਸ਼ਵਰ ਵੱਲੋਂ ਸਜਾ ਭੋਗਣੀ ਪਵੇਗੀ। * ਤੂੰ ਦੂਸਰਿਆਂ ਦਾ ਸਾਹਮਣਾ ਹਮਲੇ ਨਾਲ ਨਾ ਕਰ। ਚਾਹੇ ਜਿੰਨਾ ਵੀ ਗੁੱਸਾ ਭਰਿਆ ਰਹੇ, ਦੂਸਰੇ ਤੇ ਵਾਰ ਨਾ ਕਰੋ। ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਉ। * ਦੋਸਤ ਨੂੰ ਹੀ ਨਹੀਂ, ਦੁਸ਼ਮਣ ਨੂੰ ਵੀ ਪਿਆਰ ਕਰੋ।
ਸੱਚ ਬੋਲੋ ਈਸਾ ਨੇ ਦੇਖਿਆ ਕਿ ਲੋਕ ਸੱਚ ਨਹੀਂ ਬੋਲਦੇ, ਝੂਠ ਬੋਲਦੇ ਹਨ, ਲੂਣ-ਮਿਰਚ ਲਗਾ ਕੇ ਗੱਲ ਦਾ ਬਤੰਗੜ ਬਣਾ ਲੈਂਦੇ ਹਨ ਅਤੇ ਬਹੁਤ ਝੂਠੀਆਂ ਸਹੁੰਆਂ ਖਾਇਆ ਕਰਦੇ ਹਨ। ਇਹ ਆਦਤ ਠੀਕ ਨਹੀਂ ਹੈ। ਉਹਨਾਂ ਨੇ ਕਿਹਾ, 'ਤੈਨੂੰ ਜੋ ਕਹਿਣਾ ਹੈ, 'ਹਾਂ' ਜਾਂ 'ਨਾਂਹ' ਵਿੱਚ ਕਹਿ ਦੇ। ਜਿਆਦਾ ਸ਼ਬਦ ਮੂੰਹ ਚੋਂ ਕੱਢੋਗੇ, ਤਾਂ ਉਹ ਤੇਰੇ ਅੰਦਰ ਭਰੇ ਕਿਸੇ ਪਾਪ ਦੇ ਕਾਰਨ ਹੀ ਨਿੱਕਲਣਗੇ।'
ਕਿਸੇ ਨੂੰ ਬੁਰੀ ਨਜ਼ਰ ਨਾਲ ਨਾ ਦੇਖੋ ਈਸਾ ਨੇ ਮਨ ਦੀ ਪਵਿੱਤਰਤਾ ਤੇ ਬਹੁਤ ਜੋਰ ਦਿੱਤਾ। ਉਹਨਾਂ ਨੇ ਕਿਹਾ, 'ਜੋ ਆਦਮੀ ਮਨ ਤੋਂ ਵੀ ਕਿਸੇ ਇਸਤਰੀ ਨੂੰ ਬੁਰੀ ਨਜ਼ਰ ਨਾਲ ਦੇਖਦਾ ਹੈ, ਮੰਨ ਲਉ ਕਿ ਉਸ ਨਾਲ ਬਦਸਲੂਕੀ ਕਰ ਹੀ ਲਈ।'
ਨੇਕੀ ਕਰ ਈਸਾ ਢੋਂਗ ਅਤੇ ਦਿਖਾਵੇ ਨੂੰ ਬਹੁਤ ਬੁਰਾ ਮੰਨਦੇ ਸਨ। ਉਹਨਾਂ ਨੇ ਇਸਦੀ ਕੜੀ ਨਿੰਦਿਆ ਕਰੀ। ਉਹਨਾਂ ਦਾ ਕਹਿਣਾ ਸੀ ਕਿ, 'ਨੇਕੀ ਕਰ ਅਤੇ ਦਰਿਆ ਵਿੱਚ ਪਾ ਦੇ।' ਈਮਾਨਦਾਰ ਰਹੋ। ਲੋਕਾਂ ਦੇ ਨਾਲ ਚੰਗਾ ਵਿਹਾਰ ਕਰੋ ਅਤੇ ਕਸੂਰ ਕਰਨ ਵਾਲੇ ਨੂੰ ਹਮੇਸ਼ਾ ਮਾਫ਼ ਕਰਦੇ ਰਹੋ।
ਈਸ਼ਵਰ ਤੇ ਵਿਸ਼ਵਾਸ ਕਰੋ ਅਸੀਂ ਮੂੰਹ ਤੋਂ ਤਾਂ ਕਹਿੰਦੇ ਹਾਂ ਕਿ ਅਸੀਂ ਈਸ਼ਵਰ ਨੂੰ ਮੰਨਦੇ ਹਾਂ, ਪਰ ਅੰਦਰੋਂ ਆਪਣੇ ਆਪ ਤੇ ਹੀ ਭਰੋਸਾ ਰੱਖਦੇ ਹਾਂ। ਈਸਾ ਨੇ ਕਿਹਾ ਹੈ ਕਿ ਜੀਵਨ ਦੀਆਂ ਜਰੂਰਤਾਂ ਦੀ ਚਿੰਤਾ ਤੂੰ ਫਾਲਤੂ ਹੀ ਕਰਦਾ ਹੈਂ।
'ਆਗੇ-ਪੀਛੇ ਹਰੀ ਖੜ੍ਹੇ, ਜਬ ਮਾਂਗੂ ਤਬ ਦੇਯ।'
ਮੰਗੋ, ਮਿਲੇਗਾ, ਦਰਵਾਜਾ ਖੜਕਾਉ, ਖੁੱਲ੍ਹੇਗਾ। ਇਹ ਹੈ, ਈਸਾ ਦਾ ਪਵਿੱਤਰ ਸੰਦੇਸ਼। ਸੱਚ, ਪ੍ਰੇਮ ਅਤੇ ਕਰੁਣਾ ਨਾਲ ਭਰਿਆ ਹੋਇਆ।
ਜੋ ਕੋਈ ਇਸਦਾ ਪਾਲਣ ਕਰੇਗਾ, ਉਸਦਾ ਕਲਿਆਣ ਹੋਏ ਬਿਨਾ ਨਹੀਂ ਰਹੇਗਾ।
ਜਰੂਰਤ ਹੈ, ਸੱਚੇ ਦਿਲ ਨਾਲ, ਈਮਾਨਦਾਰੀ ਨਾਲ ਇਸ ਤੇ ਚੱਲਣ ਦੀ।
ਕਾਸ਼, ਅਸੀਂ ਇਸ ਪਵਿੱਤਰ ਮਾਰਗ ਤੇ ਚੱਲ ਸਕੀਏ।
|