ਇੱਕ ਆਦਮੀ ਦੀ ਬਗੀਚੇ ਵਿੱਚ ਕੰਮ ਕਰਨ ਦੀ ਵਾਰੀ ਸੀ, ਉਹ ਸਵੇਰੇ ਤੋਂ ਹੀ ਉਸਦੇ ਲਈ ਮਜਦੂਰ ਲੱਭਣ ਨਿੱਕਲ ਗਿਆ। ਜੋ ਮਜਦੂਰ ਮਿਲੇ, ਉਹਨਾਂ ਨੂੰ ਪੂਰੇ ਦਿਨ ਦੀ ਚਾਰ ਪੈਸੇ ਮਜਦੂਰੀ ਤੈਅ ਕਰਕੇ ਉਸਨੇ ਬਗੀਚੇ ਵਿੱਚ ਭੇਜ ਦਿੱਤਾ।
ਪਹਿਰ ਦਿਨ ਚੜ੍ਹੇ ਅੰਗੂਰ ਦੇ ਬਗੀਚੇ ਦਾ ਮਾਲਿਕ ਫਿਰ ਬਾਜਾਰ ਗਿਆ। ਉਸਨੇ ਦੇਖਿਆ ਕਿ ਕੁਝ ਖਾਲੀ ਮਜਦੂਰ ਉੱਥੇ ਅਜੇ ਤੱਕ ਖੜ੍ਹੇ ਸਨ। ਉਸਨੇ ਕਿਹਾ, 'ਤੁਸੀਂ ਸਾਰੇ ਵੀ ਬਗੀਚੇ ਵਿੱਚ ਚੱਲ ਕੇ ਕੰਮ ਕਰੋ। ਜੋ ਮਜਦੂਰੀ ਬਣੇਗੀ, ਮੈਂ ਤੁਹਾਨੂੰ ਦਵਾਂਗਾ।'
ਦੁਪਿਹਰ, ਤੀਜੇ ਪਹਿਰ ਅਤੇ ਜਦੋਂ ਇੱਕ ਘੰਟਾ ਬਾਕੀ ਸੀ, ਉਦੋਂ ਵੀ ਉਹ ਬਗੀਚੇ ਦਾ ਮਾਲਿਕ ਬਾਜਾਰ ਵਿੱਚ ਗਿਆ ਅਤੇ ਉੱਥੇ ਜੋ ਬੇਕਾਰ ਮਜਦੂਰ ਖੜ੍ਹੇ ਸਨ, ਉਹਨਾਂ ਨੂੰ ਕੰਮ ਕਰਨ ਲਈ ਉਸਨੇ ਆਪਣੇ ਬਗੀਚੇ ਵਿੱਚ ਭੇਜ ਦਿੱਤਾ।
ਸ਼ਾਮ ਨੂੰ ਜਦੋਂ ਮਜਦੂਰੀ ਦੇਣ ਦਾ ਸਮਾਂ ਹੋਇਆ, ਤਾਂ ਮਾਲਿਕ ਨੇ ਆਪਣੇ ਮੁਨੀਮ ਨੂੰ ਕਿਹਾ, 'ਮਜਦੂਰਾਂ ਨੂੰ ਮਜਦੂਰੀ ਵੰਡ ਦਉ। ਸਭ ਨੂੰ ਚਾਰ-ਚਾਰ ਪੈਸੇ ਦੇਣੇ ਹਨ। ਜੋ ਸਭ ਤੋਂ ਪਿੱਛੇ ਆਇਆ ਹੈ, ਉਸੇ ਤੋਂ ਦੇਣਾ ਸ਼ੁਰੂ ਕਰੋ।'
ਮੁਨੀਮ ਨੇ ਉਸੇ ਹਿਸਾਬ ਨਾਲ ਵੰਡਣਾ ਸ਼ੁਰੂ ਕੀਤਾ।
ਉਸਨੇ ਸਭ ਤੋਂ ਪਿੱਛੇ ਆਉਣ ਵਾਲੇ ਨੂੰ ਵੀ ਚਾਰ-ਚਾਰ ਪੈਸੇ ਦਿੱਤੇ ਅਤੇ ਸਭ ਤੋਂ ਪਹਿਲਾਂ ਆਉਣ ਵਾਲੇ ਨੂੰ ਵੀ ਚਾਰ-ਚਾਰ ਪੈਸੇ। ਜੋ ਲੋਕ ਸਵੇਰ ਦੇ ਆਏ ਸੀ, ਉਹ ਸਮਝਦੇ ਸੀ ਕਿ ਉਹਨਾਂ ਨੂੰ ਜਿਆਦਾ ਮਜਦੂਰੀ ਮਿਲੇਗੀ। ਜਦੋਂ ਉਹਨਾਂ ਨੂੰ ਵੀ ਚਾਰ ਹੀ ਪੈਸੇ ਮਿਲੇ ਤਾਂ ਉਹ ਬੋਲਣ ਲੱਗੇ, 'ਜਿੰਨ੍ਹਾਂ ਨੇ ਸਿਰਫ ਇੱਕ ਘੰਟਾ ਕੰਮ ਕੀਤਾ, 'ਉਹਨਾਂ ਨੂੰ ਵੀ ਤੁਸੀਂ ਚਾਰ ਪੈਸੇ ਦਿੱਤੇ ਅਤੇ ਅਸੀਂ ਜੋ ਸਵੇਰ ਤੋਂ ਕੰਮ 'ਚ ਲੱਗੇ ਹੋਏ ਹਾਂ, ਧੁੱਪ ਸਹਿ ਰਹੇ ਹਾਂ, ਉਹਨਾਂ ਨੂੰ ਵੀ ਚਾਰ ਪੈਸੇ!'
ਮਾਲਿਕ ਬੋਲਿਆ, 'ਮੈਂ ਤੁਹਾਡੇ ਨਾਲ ਕੋਈ ਅਨਿਆਂ ਤਾਂ ਕਰਦਾ ਨਹੀਂ। ਸਵੇਰੇ ਮੈਂ ਚਾਰ ਪੈਸੇ ਮਜਦੂਰੀ ਦੇਣ ਦਾ ਵਾਅਦਾ ਕੀਤਾ ਸੀ ਨਾ? ਆਪਣੀ ਮਜਦੂਰੀ ਲਉ ਅਤੇ ਜਾਉ। ਮੈਂ ਤਾਂ ਪਿੱਛੇ ਵਾਲਿਆਂ ਨੂੰ ਵੀ ਓਨਾ ਹੀ ਦਵਾਂਗਾ ਜਿੰਨਾ ਪਹਿਲਾਂ ਵਾਲਿਆਂ ਨੂੰ। ਆਪਣਾ ਪੈਸਾ ਹੈ, ਮੈਂ ਚਾਹੇ ਜਿਵੇਂ ਮਰਜੀ ਖਰਚ ਕਰਾਂ।'
|