ਆਸਥਾ ਅਤੇ ਅੰਧਵਿਸ਼ਵਾਸ ਵਿੱਚ ਹਰ ਵਾਰ ਅਸੀਂ ਤੁਹਾਡੇ ਸਾਹਮਣੇ ਆਸਥਾ ਅਤੇ ਅੰਧਵਿਸ਼ਵਾਸ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਅਜੀਬੋਗਰੀਬ ਘਟਨਾਵਾਂ ਨੂੰ ਰੱਖਿਆ ਹੈ। ਆਸਥਾ ਅਤੇ ਅੰਧਵਿਸ਼ਵਾਸ ਦੀ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੀ ਹਕੀਕਤ ਦਿਖਾ ਰਹੇ ਹਾਂ, ਜੋ ਕੁਝ ਲੋਕਾਂ ਲਈ ਆਸਥਾ ਰੂਪੀ ਚਮਤਕਾਰ ਹੈ, ਤਾਂ ਕੁਝ ਲੋਕਾਂ ਲਈ ਅੰਧਵਿਸ਼ਵਾਸ ਤੋਂ ਬਿਨਾ ਕੁਝ ਨਹੀਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦਿੱਲੀ ਵਿੱਚ ਰਹਿਣ ਵਾਲੀ ਇੰਦਰਾ ਦੇਵੀ ਦੀ, ਜਿਹਨਾਂ ਦਾ ਦਾਅਵਾ ਹੈ ਕਿ ਉਹ ਆਪਣੀਆਂ ਚਮਤਕਾਰੀ ਸ਼ਕਤੀਆਂ ਨਾਲ ਕਿਸੇ ਵੀ ਪ੍ਰਕਾਰ ਦੇ ਰੋਗ ਦਾ ਇਲਾਜ ਕਰ ਸਕਦੀ ਹੈ।
ਚਾਹੇ ਕੈਂਸਰ ਹੋਵੇ ਜਾਂ ਟਊਮਰ ਜਾਂ ਫਿਰ ਹੋਵੇ ਸ਼ੂਗਰ ਜਾਂ ਪੋਲੀਉ, ਇੰਦਰਾ ਦੇਵੀ ਦਾ ਮੰਨਣਾ ਹੈ ਕਿ ਉਹਨਾਂ ਨੂੰ ਅਜਿਹੀਆਂ ਚਮਤਕਾਰੀ ਸ਼ਕਤੀਆਂ ਪ੍ਰਾਪਤ ਹਨ, ਜਿਸ ਨਾਲ ਉਹ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੀ ਹੈ। ਇੰਦਰਾ ਦੇਵੀ ਦੇ ਇਲਾਜ ਦਾ ਤਰੀਕਾ ਵੀ ਕੁਝ ਨਿਰਾਲਾ ਹੈ। ਪਹਿਲਾਂ ਉਹ ਰੋਗੀ ਦੇ ਸਰੀਰ ਦੇ ਸੰਕ੍ਰਮਿਤ ਸਥਾਨ ਤੇ ਆਪਣੇ ਘਰ ਤੋਂ ਲਿਆਂਦਾ ਹੋਇਆ ਜਲ ਛਿੜਕਦੀ ਹੈ ਅਤੇ ਫਿਰ ਉਹੀ ਜਲ ਉਸ ਨੂੰ ਪੀਣ ਲਈ ਦਿੰਦੀ ਹੈ। ਜਲ ਦੇ ਨਾਲ ਉਹ ਰੋਗੀ ਨੂੰ ਫੁੱਲ ਅਤੇ ਕੇਲੇ ਪ੍ਰਸਾਦ ਦੇ ਰੂਪ ਵਿੱਚ ਦਿੰਦੀ ਹੈ। ਜਲ ਦੇ ਨਾਲ-ਨਾਲ ਰੋਗੀ ਨੂੰ ਸਰੀਰ ਤੇ ਫੁੱਲ ਵੀ ਰਗੜਨੇ ਹੁੰਦੇ ਹਨ।
ਹਰ ਉਮਰ ਅਤੇ ਹਰ ਪ੍ਰਕਾਰ ਦੇ ਰੋਗ ਨਾਲ ਪੀੜਤ ਲੋਕ ਇਹਨਾਂ ਦੇ ਦਰ ਤੇ ਆਪਣਾ ਇਲਾਜ ਕਰਨ ਲਈ ਭੀੜ ਲਗਾਉਂਦੇ ਹਨ। ਇੰਦਰਾ ਦੇਵੀ ਦਾ ਮੰਨਣਾ ਹੈ ਕਿ ਉਹਨਾਂ ਨੂੰ ਰੱਬ ਦੀਆਂ ਬਖਸ਼ੀਆਂ ਸ਼ਕਤੀਆਂ ਪ੍ਰਾਪਤ ਹਨ ਜਿਸ ਦੇ ਬਲ ਤੇ ਉਹ ਰੋਗਾਂ ਦਾ ਇਲਾਜ ਕਰਦੀ ਹੈ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਦੇ ਛੂਹਣ ਨਾਲ ਹੀ ਲੋਕਾਂ ਦੇ ਦੁੱਖ-ਦਰਦ ਦੂਰ ਹੋ ਜਾਂਦੇ ਹਨ।
ਨਾਲ ਹੀ ਇੰਦਰਾ ਦੇਵੀ ਇਹ ਵੀ ਕਹਿੰਦੀ ਹੈ ਕਿ ਉਹ ਕਿਸੇ ਵੀ ਇਲਾਜ ਲਈ ਰੋਗੀ ਤੋਂ ਕੋਈ ਫ਼ੀਸ ਨਹੀਂ ਲੈਂਦੀ ਹੈ, ਪਰ ਮੰਦਿਰ ਦਾ ਨਜ਼ਾਰਾ ਕੁਝ ਹੋਰ ਹੀ ਹਕੀਕਤ ਬਿਆਨ ਕਰਦਾ ਹੈ। ਜਦੋਂ ਅਸੀਂ ਸਾਫ ਤੌਰ ਤੇ ਇਸ ਵਿਸ਼ੇ ਵਿੱਚ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ 'ਸ਼ਰਧਾਲੂ ਆਪਣੇ ਮਨ ਨਾਲ ਵੀਹ-ਪੰਜਾਹ ਜੋ ਵੀ ਰੱਖ ਕੇ ਚਲਾ ਜਾਵੇ, ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ। ਜੇਕਰ ਉਹ ਆਪਣੀ ਲਾ-ਇਲਾਜ ਬਿਮਾਰੀ ਦੇ ਇਲਾਜ ਲਈ ਦਸ-ਵੀਹ ਰੁਪਏ ਚੜਾ ਵੀ ਦਿੰਦਾ ਹੈ, ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ...।'
ਦੂਜੇ ਪਾਸੇ, ਰੋਗੀ ਅਤੇ ਉਹਨਾਂ ਦੇ ਪਰਿਵਾਰ ਦੇ ਲੋਕ ਇੰਦਰਾ ਦੇਵੀ ਦੇ ਕੋਲ ਠੀਕ ਹੋਣ ਦੀਆਂ ਉਮੀਦਾਂ ਲੈ ਕੇ ਕਈ ਵਾਰ ਆਉਂਦੇ ਹਨ। ਉਹਨਾਂ ਨੂੰ ਉਮੀਦ ਹੈ ਕਿ ਦੇਵੀ ਭਲਾ ਉਹਨਾਂ ਨੂੰ ਕਿੰਨੀ ਵਾਰ ਵੀ ਬੁਲਾਏ, ਪਰ ਇਸ ਨਾਲ ਉਹਨਾਂ ਨੂੰ ਲਾਭ ਜਰੂਰ ਹੋਵੇਗਾ। ਹਾਲਾਂਕਿ ਅਜੇ ਤੱਕ ਇੰਦਰਾ ਦੇਵੀ ਦਾ ਚਮਤਕਾਰ ਕਿੰਨਾ ਜਿਆਦਾ ਸਫਲ ਹੋਵੇਗਾ ਇਸਦਾ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ, ਪਰ ਫਿਰ ਵੀ ਲੋਕਾਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਨਜ਼ਰ ਆਉਂਦੀ ਹੈ। ਤੁਸੀਂ ਇਸ ਨੂੰ ਆਸਥਾ ਦਾ ਚਮਤਕਾਰ ਮੰਨਦੇ ਹੋ ਜਾਂ ਫਿਰ ਅੰਧਵਿਸ਼ਵਾਸ ਦਾ ਮਾਇਆਜਾਲ, ਸਾਨੂੰ ਜਰੂਰ ਦੱਸਣਾ...।
|