ਅੱਜ ਦੇ ਆਧੁਨਿਕ ਯੁਗ ਵਿੱਚ ਜਦੋਂ ਕੁੜੀਆਂ ਹਰ ਕਦਮ ਤੇ ਆਪਣੇ ਆਪ ਨੂੰ ਮੁੰਡਿਆਂ ਤੋਂ ਬੇਹਤਰ ਸਾਬਿਤ ਕਰ ਰਹੀਆਂ ਹਨ, ਫਿਰ ਵੀ ਅਨੇਕਾਂ ਅਜਿਹੇ ਪਰਿਵਾਰ ਹਨ ਜੋ ਮੁੰਡੇ ਦੀ ਚਾਹ ਰੱਖਦੇ ਹਨ। ਘਰ ਦੇ ਚਿਰਾਗ ਦੀ ਚਾਹ ਵਿੱਚ ਇਹ ਲੋਕ ਕੰਨਿਆ ਭਰੂਣ ਹੱਤਿਆ ਤੋਂ ਲੈ ਕੇ, ਮਸ਼ਹੂਰ ਬਾਬਿਆਂ ਅਤੇ ਫਰਜੀ ਡਾਕਟਰਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਸਾਡਾ ਮੁੱਦਾ ਵੀ ਇਹੀ ਹੈ। ਇਸ ਕੜੀ ਵਿੱਚ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਕਰਵਾ ਰਹੇ ਹਾਂ ਜੋ ਦਾਅਵਾ ਕਰਦਾ ਹੈ ਕਿ ਉਸਦੀ ਦਵਾਈ ਦਾ ਸੇਵਨ ਕਰਨ ਦੇ ਬਾਅਦ ਸ਼ਰਤੀਆ ਮੁੰਡਾ ਹੀ ਹੋਵੇਗਾ। ਜੀ ਹਾਂ, ਪਵਨ ਕੁਮਾਰ ਅਜਮੇਰਾ ਨਾਮਕ ਇਹ ਵਿਅਕਤੀ ਪੇਸ਼ੇ ਤੋਂ ਆਯੁਰਵੈਦਿਕ ਡਾਕਟਰ ਹਨ ਅਤੇ ਦਾਅਵਾ ਕਰਦੇ ਹਨ ਕਿ ਇਹ ਕੋਖ ਵਿੱਚ ਹੀ ਬੱਚੇ ਦਾ ਲਿੰਗ ਨਿਰਧਾਰਣ ਕਰ ਸਕਦਾ ਹੈ।
ਇੰਦੌਰ ਦੇ ਗਾਂਧੀਨਗਰ ਵਿੱਚ ਇਸ ਵਿਅਕਤੀ ਦਾ ਕਲੀਨਿਕ ਹੈ ਜਿੱਥੋਂ ਦੀਆਂ ਕੰਧਾਂ ਤੇ ਸ਼ਰਤੀਆ ਮੁੰਡਾ ਪੈਦਾ ਕਰਵਾਉਣ ਦੇ ਦਾਅਵੇ ਲਿਖੇ ਹੋਏ ਹਨ। ਸ਼ਰਤੀਆ ਮੁੰਡਾ ਪੈਦਾ ਕਰਵਾਉਣ ਦਾ ਦਾਅਵਾ ਕਰਨ ਵਾਲੇ ਇਸ ਸ਼੍ਰੀਮਾਨ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਦਵਾਈ ਉਸੇ ਮਹਿਲਾ ਤੇ ਅਸਰ ਕਰੇਗੀ ਜਿਸ ਦੀ ਪਹਿਲਾਂ ਤੋਂ ਇੱਕ ਕੁੜੀ ਹੋਵੇ ਅਤੇ ਉਹਨਾਂ ਕੋਲ ਇਲਾਜ ਲਈ ਆਉਂਦੇ ਸਮੇਂ ਇਸ ਗੱਲ ਦਾ ਪ੍ਰਮਾਣ ਨਾਲ ਲੈ ਕੇ ਆਉਣਾ ਵੀ ਬਹੁਤ ਜਰੂਰੀ ਹੈ। ਵੱਡੇ-ਵੱਡੇ ਦਾਵਿਆਂ ਦੇ ਵਿੱਚ ਪਵਨ ਕੁਮਾਰ ਦਾ ਇਹ ਕਹਿਣਾ ਹੈ ਕਿ ਉਹ ਅਜੇ ਤੱਕ ਤਿੰਨ ਸੌ ਮਹਿਲਾਵਾਂ ਦੀ ਗੋਦ ਵਿੱਚ ਮੁੰਡੇ ਪਾ ਚੁੱਕੇ ਹਨ। ਉਹਨਾਂ ਦੁਆਰਾ ਦਿੱਤੀਆਂ ਗਈਆਂ ਦਵਾਈਆਂ ਨੂੰ ਗਾਂ ਦੇ ਦੁੱਧ ਨਾਲ ਖਾਣ ਕਰਨ ਨਾਲ ਮਹਿਲਾ ਨੂੰ ਸ਼ਰਤੀਆ ਮੁੰਡਾ ਹੀ ਹੋਵੇਗਾ।
ਅਜੇ ਸਾਡੇ ਸਮਾਜ ਵਿੱਚ ਜਿੱਥੇ ਮੁੰਡੇ ਨੂੰ ਹੀ ਘਰ ਦਾ ਚਿਰਾਗ ਸਮਝਿਆ ਜਾਂਦਾ ਹੈ ਉੱਥੇ ਇਸ ਤਰ੍ਹਾਂ ਦੇ ਦਾਵਿਆਂ ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ। ਇਸ ਲਈ ਇਸ ਸ਼੍ਰੀਮਾਨ ਦਾ ਧੰਦਾ ਬਹੁਤ ਚਮਕ ਰਿਹਾ ਹੈ। ਕਲੀਨਿਕ ਤੇ ਚੱਕਰ ਲਗਾਉਣ ਵਾਲੇ ਲੋਕਾਂ ਵਿੱਚੋਂ ਕੁਝ ਦਾਅਵਾ ਕਰਦੇ ਹਨ ਕਿ ਪਵਨ ਕੁਮਾਰ ਦੀਆਂ ਦਿੱਤੀਆਂ ਗਈਆਂ ਦਵਾਈਆਂ ਦੇ ਸੇਵਨ ਨਾਲ ਹੀ ਉਹਨਾਂ ਨੂੰ ਮੁੰਡਾ ਹੋਇਆ ਹੈ। ਇਹਨਾਂ ਵਿੱਚੋਂ ਹੀ ਇੱਕ ਮੋਹਨੀ ਉਪਾਧਿਆਏ ਦਾ ਕਹਿਣਾ ਹੈ ਕਿ ਮੇਰੀ ਇੱਕ ਕੁੜੀ ਹੈ ਮੈਂ ਦੂਜਾ ਮੁੰਡਾ ਚਾਹੁੰਦੀ ਸੀ। ਮੈਨੂੰ ਇਸ ਕਲੀਨਿਕ ਦਾ ਪਤਾ ਲੱਗਿਆ ਤਾਂ ਇੱਥੇ ਆ ਗਈ। ਡਾਕਟਰ ਸਾਹਿਬ ਦੀ ਦਵਾਈ ਦੇ ਬਾਅਦ ਹੀ ਮੈਨੂੰ ਮੁੰਡਾ ਹੋਇਆ ਹੈ।
ਪਵਨ ਕੁਮਾਰ ਜਿਹੇ ਲੋਕ ਜਿੰਨੇ ਵੀ ਦਾਅਵੇ ਕਰ ਲੈਣ ਪਰ ਅਸਲੀ ਡਾਕਟਰ ਇਹਨਾਂ ਦਾਵਿਆਂ ਨੂੰ ਸਿਰੇ ਤੋਂ ਨਕਾਰਦੇ ਹਨ। ਬੱਚਿਆਂ ਦੇ ਮਾਹਿਰ ਡਾਕਟਰ ਮੁਕੇਸ਼ ਬਿੜਲਾ ਨੇ ਵੈਬਦੁਨੀਆ ਨੂੰ ਦੱਸਿਆ ਕਿ ਅਜਿਹੇ ਦਾਅਵੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਬਿਨਾ ਹੋਰ ਕੁਝ ਨਹੀਂ ਹਨ। ਵਿਗਿਆਨ ਦੇ ਨਜਰੀਏ ਤੋਂ ਦੇਖੀਏ ਤਾਂ ਅਜੇ ਤੱਕ ਕੋਖ ਵਿੱਚ ਲਿੰਗ ਨਿਰਧਾਰਣ ਸੰਭਵ ਹੀ ਨਹੀ ਹੈ।
ਅਸਲੀ ਡਾਕਟਰਾਂ ਦੇ ਨਕਾਰਨ ਦੇ ਬਾਅਦ ਵੀ ਇਹਨਾਂ ਆਯੁਰਵੈਦਿਕ ਡਾਕਟਰਾਂ ਦਾ ਧੰਦਾ ਬਹੁਤ ਚੱਲ ਰਿਹਾ ਹੈ। ਮੁੰਡੇ ਦੀ ਚਾਹਤ ਵਿੱਚ ਲੋਕ ਇਹਨਾਂ ਦੇ ਦਰਵਾਜਿਆਂ ਦੇ ਚੱਕਰ ਕੱਟਦੇ ਰਹਿੰਦੇ ਹਨ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੂਰੇ ਦੇਸ਼ ਵਿੱਚ ਜਿੱਥੇ ਕੁੜੀਆਂ ਦੀ ਜਨਮਦਰ ਤੇਜੀ ਨਾਲ ਡਿੱਗਦੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਜਨਮ ਤੋਂ ਪਹਿਲਾਂ ਲਿੰਗ ਪਰੀਖਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾ ਚੁੱਕਿਆ ਹੈ ਉੱਥੇ ਮੱਧਪ੍ਰਦੇਸ਼ ਦੀ ਵਪਾਰਿਕ ਰਾਜਧਾਨੀ ਮੰਨੇ ਜਾਣ ਵਾਲੇ ਇੰਦੌਰ ਵਿੱਚ ਸ਼ਰਤੀਆ ਮੁੰਡੇ ਪੈਦਾ ਕਰਵਾਉਣ ਦਾ ਇਹ ਗੋਰਖਧੰਦਾ ਕਲੀਨਿਕ ਦੇ ਨਾਮ ਤੇ ਬੇਰੋਕ ਟੋਕ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਤੁਸੀਂ ਇਸ ਸਬੰਧ ਵਿੱਚ ਕੀ ਸੋਚਦੇ ਹੋ ਸਾਨੂੰ ਦੱਸਣਾ।
|