ਪਿੱਛਲੇ ਕੁੱਝ ਸਾਲਾਂ ਤੋਂ ਅੱਤਵਾਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਰੇਲਵੇ ਅਧਿਕਾਰੀਆਂ ਨੇ ਇਨ੍ਹਾ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ।ਰੇਲਵੇ ਸਟੇਸ਼ਨਾਂ ਦੀ ਹਰ ਪੱਖੋਂ ਸੁਰੱਖਿਆ ਲਈ ਰੇਲਵੇ ਵਿਭਾਗ ਜਲਦੀ ਇੰਟੀਗਰੰਟਿਡ ਸਕਿਉਰਟੀ ਸਿਸਟਮ ਸਕੀਮ ਲਾਗੂ ਕਰਨ ਜਾ ਰਿਹਾ ਹੈ,ਜਿਸ ਤਹਿਤ ਪੰਜਾਬ ਦੇ ਦੋ,ਹਰਿਆਣਾ,ਹਿਮਾਚਲ ਪ੍ਰਦੇਸ਼,ਯੂ.ਪੀ ਅਤੇ ਯੂ.ਟੀ ਦੇ ਇੱਕ-ਇੱਕ ਰੇਲਵੇ ਸਟੇਸ਼ਨ ਨੂੰ ਲਿਆਂਦਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ 18 ਕਰੋੜ ਰੁੱਪਏ ਦੀ ਲਾਗਤ ਨਾਲ ਦੇਸ਼ ਦੇ 6 ਰੇਲਵੇ ਸਟੇਸ਼ਨਾਂ ਅੰਬਾਲਾ,ਸਹਾਰਨਪੁਰ,ਬਠਿੰਡਾ,ਪਟਿਆਲਾ,ਚੰਡੀਗੜ੍ਹ ਅਤੇ ਕਾਲਕਾ ਵਿਖੇ ਇਹ ਸਕੀਮ ਸ਼ੁਰੂ ਕੀਤੀ ਜਾਵੇਗੀ।ਪਹਿਲੇ ਪੜ੍ਹਾਅ ਵਿੱਚ ਅੰਬਾਲਾ ਅਤੇ ਸਹਾਰਨਪੁਰ ਅਤੇ ਦੂਜੇ ਪੜ੍ਹਾਅ ਵਿੱਚ ਬਠਿੰਡਾ,ਪਟਿਆਲਾ,ਚੰਡੀਗੜ੍ਹ ਅਤੇ ਕਾਲਕਾ ਰੇਲਵੇ ਸਟੇਸ਼ਨਾਂ ਨੂੰ ਲਿਆਂਦਾ ਜਾਏਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ ਇਨ੍ਹਾ ਦੀ ਚਾਰ ਦੀਵਾਰੀ ਇਸੇ ਢੰਗ ਨਾਲ ਕੀਤੀ ਜਾਵੇਗੀ ਤਾਂ ਜੋ ਆਸੇ-ਪਾਸੇ ਦਾ ਕੋਈ ਵਿਅਕਤੀ ਸਟੇਸ਼ਨ ਅੰਦਰ ਦਾਖਲ ਨਾ ਹੋ ਸਕੇ।ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਅਤੇ ਸਟੇਸ਼ਨਾਂ ਅੰਦਰ ਆਉਣ ਵਾਲੀਆਂ ਗੱਡੀਆਂ ਦੀ ਪੂਰ੍ਹੀ ਜਾਣਕਾਰੀ ਜਮ੍ਹਾ ਕਰਨ ਲਈ ਸਟੇਸ਼ਨਾਂ ਦੇ ਮੁੱਖ ਦਰਵਾਜ਼ਿਆਂ 'ਤੇ ਆਟੋਮੈਟਿਕ ਵਹੀਕਲ ਸਕੈਨਰ ਲਗਾਏ ਜਾਣ,ਜੋ ਗੱਡੀ ਵਿੱਚ ਹਥਿਆਰ ਜਾਂ ਹੋਰ ਵਿਸਫ਼ੋਟਕ ਸਮੱਗਰੀ ਹੋਣ ਸਬੰਧੀ ਜਾਣਕਾਰੀ ਦੇਣਗੇ।
ਇਸ ਤਰ੍ਹਾਂ ਸਟੇਸ਼ਨ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਮਲਟੀਜੋਨ ਮੈਟਲ ਡਿਟੈਕਟਿਵ ਵਿੱਚੋਂ ਲੰਘਣਾ ਹੋਵੇਗਾ।ਆਧੁਨਿਕ ਸਹੂਲਤਾਂ ਨਾਲ ਲੈਸ ਇਹ ਮਲਟੀਜੋਨ ਮੈਟਲ ਡਿਟੈਕਟਿਵ ਹਥਿਆਰ ਹੋਣ 'ਤੇ ਪੂਰ੍ਹੀ ਜਾਣਕਾਰੀ ਮੁਹੱਈਆ ਕਰਵਾ ਸਕੇਗਾ ਕਿ ਵਿਅਕਤੀ ਨੇ ਸਰੀਰ ਦੇ ਕਿਸੇ ਹਿੱਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਤਾਂ ਛੁਪਾਇਆ ਨਹੀਂ ਹੈ।
ਹੁਣ ਰੇਲਵੇ ਅਧਿਕਾਰੀਆਂ ਅਤੇ ਫੋਰਸ ਨੂੰ ਰੇਲਵੇ ਸਟੇਸ਼ਨਾਂ ਅੰਦਰ ਆਉਣ ਵਾਲੇ ਅਤੇ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਵਿਅਕਤੀਆਂ ਦੇ ਬੈਗ ਫਰੋਲਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਲਾਗੂ ਕੀਤੀ ਜਾਣ ਵਾਲੀ ਇਸ ਸਕੀਮ ਤਹਿਤ ਹਵਾਈ ਅੱਡਿਆਂ ਦੀ ਤਰਜ਼ 'ਤੇ ਸਕੈਨਰ ਲਾਏ ਜਾਣਗੇ,ਜੋ ਮੁਸਾਫਰਾਂ ਦੇ ਸਮਾਨ ਦੀ ਚੈਕਿੰਗ ਕਰਨਗੇ,ਅਜਿਹੇ ਸਕੈਨਰ ਲਗਾਏ ਜਾਣ ਨਾਲ ਕੋਈ ਮੁਸਾਫ਼ਰ ਤਸਕਰੀ ਜਾਂ ਗੈਰ ਕਾਨੂੰਨੀ ਵਸਤੂ ਛੁਪਾ ਕੇ ਆਪਣੇ ਨਾਲ ਨਹੀਂ ਲਿਜਾ ਸਕੇਗਾ।
ਰੇਲਵੇ ਸੁਰੱਖਿਆ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਵਿਦੇਸ਼ਾਂ ਤੋਂ ਵਧੀਆ ਨਸਲ ਦੇ ਕਤੂਰੇ ਲਿਆ ਕੇ ਉਨ੍ਹਾ ਨੂੰ ਵਿਦੇਸ਼ੀ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਇੰਟੀਗਰੰਟਿਡ ਸਕਿਉਰਟੀ ਸਿਸਟਮ ਸਕੀਮ ਅਧੀਨ ਰੇਲਵੇ ਸਟੇਸ਼ਨਾਂ ਅੰਦਰ ਤੋਂ ਬਾਹਰ ਕਲੋਜ਼ ਸਰਕਟ ਕੈਮਰੇ ਲਾਏ ਜਾਣਗੇ,ਜਿਨ੍ਹਾ ਦੇ ਕੰਟਰੋਲ ਲਈ ਇੱਕ ਵਿਸ਼ੇਸ ਕਮਰਾ ਬਣਾਇਆ ਜਾਵੇਗਾ,ਅਜਿਹੇ ਕੈਮਰਿਆਂ ਰਾਹੀਂ ਸਟੇਸ਼ਨਾਂ ਅੰਦਰ ਆਉਣ ਵਾਲੇ ਲੋਕਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕੇਗੀ,ਉੱਥੇ ਕੈਮਰੇ ਸਟੇਸ਼ਨਾਂ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਫੋਟੋ ਸਮੇਤ ਗਤੀਵਿਧੀਆਂ ਨੂੰ ਰਿਕਾਰਡ ਕਰਨਗੇ।
ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਇੰਟੀਗਰੇਟਿਡ ਸਕਿਉਰਟੀ ਸਕੀਮ ਨੂੰ ਲਾਗੂ ਕਰਨ ਲਈ ਲੱਗਭਗ ਤਿੰਨ ਕਰੋੜ ਰੁੱਪਏ ਦਾ ਖਰਚਾ ਆਵੇਗਾ।ਇਸ ਯੋਜਨਾ ਸਬੰਧੀ ਰੇਲਵੇ ਪ੍ਰੋਟੈਕਸ਼ਨ ਫੋਰਸ ਅੰਬਾਲਾ ਡਵੀਜ਼ਨ ਦੇ ਮੰਡਲ ਸੁਰੱਖਿਆ ਅਧਿਕਾਰੀ ਜੇਬ ਖਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਤਿੰਨ,ਹਿਮਾਚਲ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਇੱਕ-ਇੱਕ ਰੇਲਵੇ ਸਟੇਸ਼ਨ 'ਤੇ ਇਹ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਇਸ ਦੀ ਮੰਜ਼ੂਰੀ ਲਈ ਖਾਕਾ ਤਿਆਰ ਕਰਕੇ ਬੋਰਡ ਨੂੰ ਭੇਜਿਆ ਗਿਆ ਹੈ।ਉਨ੍ਹਾ ਮੰਨਿਆ ਹੈ ਕਿ ਰੇਲਵੇ ਲਾਇਨਾਂ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ ਕੋਲ ਮੁਲਾਜ਼ਮਾਂ ਦੀ ਘਾਟ ਹੈ।ਖਾਨ ਨੇ ਦੱਸਿਆ ਹੈ ਕਿ ਇਸ ਸਮੇਂ 997 ਅਸਾਮੀਆਂ ਆਰ.ਪੀ.ਐਡ ਵਿੱਚ ਖਾਲੀ ਪਈਆਂ ਹਨ।
|