ਝਾਰਖੰਡ ਦੀ ਸਪੈਸ਼ਲ ਵਿਜੀਲੈਂਸ ਅਦਾਲਤ ਨੇ ਵਿਜੀਲੈਂਸ ਵਿਭਾਗ ਨੂੰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਮਧੂ ਕੌੜਾ ਅਤੇ ਤਿੰਨ ਹੋਰਨਾਂ ਖਿਲਾਫ ਆਮਦਨੀ ਮੁਕਾਬਲੇ ਵੱਧ ਜਾਇਦਾਦ ਇਕੱਤਰ ਕਰਨ ਦੇ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
ਅਦਾਲਤ ਦੇ ਇਹ ਨਿਰਦੇਸ਼ ਰਾਜੀਵ ਸ਼ਰਮਾ ਨਾਮੀ ਇੱਕ ਸ਼ਿਕਾਇਤਕਰਤਾ ਵੱਲੋਂ ਅਦਾਲਤ ਵਿਚ ਦਾਖਲ ਕੀਤੀ ਗਈ ਅਪੀਲ ਮਗਰੋਂ ਆਇਆ ਹੈ ਜਿਸ ਵਿਚ ਉਹਨਾਂ ਮਧੂ ਕੌੜਾ ਸਮੇਤ ਉਹਨਾਂ ਦੇ ਕੈਬਿਨੇਟ ਸਹਿਯੋਗੀ ਕਮਲੇਸ਼ ਸਿੰਘ, ਬੰਧੂ ਟਿਰਕੀ ਅਤੇ ਭਾਨੂ ਪ੍ਰਤਾਪ ਸਾਹੀ ਦੀ ਜਾਇਦਾਦ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਸੀ ਜਦੋਂ ਉਹ ਸਤੰਬਰ 2005 ਤੋਂ ਅਗਸਤ 2007 ਦੌਰਾਨ ਸੱਤਾ ਵਿਚ ਸਨ।
ਇਸ ਤੋਂ ਪਹਿਲਾਂ ਅਦਾਲਤ ਨੇ ਬੀਤੇ ਵਰ੍ਹੇ 24 ਨਵੰਬਰ ਨੂੰ ਵੀ ਕੌੜਾ ਦੇ ਦੋ ਹੋਰ ਮੰਤਰੀ ਮੰਡਲ ਦੇ ਸਹਿਯੋਗੀਆਂ ਹਰਿਨਾਰਾਇਣ ਰਾਏ ਅਤੇ ਇਨੋਸ ਏੱਕਾ ਖਿਲਾਫ ਵਿਜੀਲੈਂਸ ਵਿਭਾਗ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।ਇਸ ਤੋਂ ਮਗਰੋਂ ਰਾਏ ਅਤੇ ਏੱਕਾ ਖਿਲਾਫ ਐਫਆਈਆਰ ਦਾਖਲ ਹੁੰਦਿਆਂ ਹੀ 27 ਜੂਨ ਨੂੰ ਗੈਰ ਜਮਾਨਤੀ ਵਾਰੰਟ ਜ਼ਾਰੀ ਕੀਤੇ ਗਏ ਸਨ। |