ਜੈਪੁਰ ਦੇ ਭੀੜ ਭਾੜ ਵਾਲੇ ਇਲਾਕੇ 'ਚ ਅੱਜ ਮੰਗਲਵਾਰ ਦੀ ਦੇਰ ਸ਼ਾਮ ਲਗਾਤਾਰ ਪੰਜ ਧਮਾਕੇ ਹੋਣ ਨਾਲ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਅਤੇ 20 ਲੋਕਾਂ ਦੀ ਮੌਤ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 7:15 ਵੱਜੇ ਦੇ ਕਰੀਬ ਵਿਸਫ਼ੋਟ ਚਾਂਦਪੋਲ ਤ੍ਰਿਪੋਲੀਆ ਬਜ਼ਾਰ,ਮਾਨਕ ਚੌਕ,ਵੱਡੀ ਚੌਪੜ ਅਤੇ ਜੌਹਰੀ ਬਜ਼ਾਰ 'ਚ ਇੱਕ ਦੇ ਬਾਅਦ ਇੱਕ 5 ਧਮਾਕੇ ਹੋਏ।ਦੱਸਿਆ ਜਾਂਦਾ ਹੈ ਕਿ ਤ੍ਰਿਪੋਲੀਆ ਬਜ਼ਾਰ 'ਚ ਹਨੂੰਮਾਨ ਮੰਦਰ ਸਥਿੱਤ ਹੈ,ਜਿੱਥੇ ਅੱਜ ਮੰਗਲਵਾਰ ਵਾਲੇ ਦਿਨ ਭਾਰੀ ਸੰਖਿਆ 'ਚ ਸ਼ਰਧਾਲੂ ਆਉਂਦੇ ਹਨ,ਜਦੋਂ ਹੀ ਲੜੀਵਾਰ ਧਮਾਕੇ ਹੋਏ ਤਾਂ ਲੋਕਾਂ ਵਿੱਚ ਭੱਜਦੜ ਮੱਚ ਗਈ ਅਤੇ ਜੈਪੁਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਇਸ ਤੋਂ ਇਲਾਵਾ ਚਾਂਦਪੋਲ ਇਲਾਕੇ 'ਚ ਇੱਕ ਸਾਈਕਲ 'ਤੇ ਰੱਖਿਆ ਜਿੰਦਾ ਬੰਬ ਵੀ ਬਰਾਮਦ ਹੋਇਆ ਹੈ,ਜਿਸ ਨੂੰ ਬੰਬ ਨਿਰੋਧਕ ਦਸਤੇ ਦੁਆਰਾ ਨਸ਼ਟ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਇੱਕ ਧਮਾਕਾ ਹੋਂਡਾ ਸਿਟੀ ਕਾਰ ਦੇ ਜ਼ਰੀਏ ਕੀਤਾ ਗਿਆ,ਜਦੋਂਕਿ ਇੱਕ ਧਮਾਕਾ ਹੈਂਡਲੂਮ ਦੀ ਦੁਕਾਨ ਦੇ ਬਾਹਰ ਸਾਈਕਲ ਰਿਕਸ਼ੇ 'ਚ ਹੋਇਆ।ਇਸ ਦੌਰਾਨ ਰਾਜਸਥਾਨ ਦੇ ਗ੍ਰਹਿ ਵਿਭਾਗ ਨੇ ਇਸ ਹਾਦਸੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਹਮਲੇ 'ਚ ਹੂਜੀ ਦਾ ਹੱਥ ਹੋ ਸਕਦਾ ਹੈ।ਪੁਲਿਸ ਨੇ ਸਾਰੀਆ ਘਟਨਾਸਥਾਨਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਵਿਸਫੋਟਕ ਮਾਹਿਰਾਂ ਦੀ ਟੀਮ ਵੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ।
|