ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਆਰਟੀਕਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਖਬੀਰ ਨੂੰ ਸਥਾਪਤ ਕਰਨਾ ਬਾਦਲ ਦਾ ਮੁੱਖ ਟੀਚਾ:ਮੱਖਣ
ਹਰਕ੍ਰਿਸ਼ਨ ਸ਼ਰਮਾਂ
ਸ਼੍ਰੋਮਣੀ ਅਕਾਲੀ ਦਲ ਵਿੱਚ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਅੱਗੇ ਲਿਆ ਅਤੇ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਸੇਵਾਵਾਂ ਨਿਭਾਅ ਰਹੇ ਸੀਨੀਅਰ ਲੀਡਰਾਂ ਨੂੰ ਮਧੋਲਿਆ ਜਾ ਰਿਹਾ ਹੈ,ਜਿਸ ਕਾਰਣ ਹੁਣ ਤੱਕ ਕਈ ਸੀਨੀਅਰ ਅਕਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਹੋਂਦ ਖਤਮ ਹੋ ਗਈ ਜਾਂ ਫ਼ਿਰ ਆਪਣੀ ਹੋਂਦ ਨੂੰ ਬਚਾਉਣ ਲਈ ਅਤੇ ਲੋਕ ਸੇਵਾ ਕਰਨ ਲਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ,ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ. ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਕਾਫੀ ਲੰਮੇ ਅਰਸੇ ਤੱਕ ਰਹਿ ਚੁੱਕੇ ਅਤੇ ਪੱਕਾ ਕਲਾਂ ਤੋਂ ਕਾਂਗਰਸ ਦੇ ਮੌਜੂਦ ਵਿਧਾਇਕ ਮੱਖਣ ਸਿੰਘ ਨੇ ਵੈਬਦੁਨੀਆਂ ਦੇ ਸਬ ਐਡੀਟਰ ਹਰਕ੍ਰਿਸ਼ਨ ਸ਼ਰਮਾਂ ਨਾਲ ਗੱਲਬਾਤ ਕਰਦਿਆਂ ਆਖੇ.

ਪ੍ਰਸ਼ਨ : ਭੱਠਲ ਅਤੇ ਕੈਪਟਨ ਵਿੱਚ ਪੈਦਾ ਹੋਏ ਮੱਤਭੇਦਾਂ ਦਾ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਕੁ ਨੁਕਸਾਨ ਹੋਣ ਦੀ ਸੰਭਾਵਨਾ ਹੈ?

ਉੱਤਰ: ਭੱਠਲ ਅਤੇ ਕੈਪਟਨ ਵਿੱਚ ਕੋਈ ਮੱਤਭੇਦ ਨਹੀਂ, ਦੂਜੀਆਂ ਜਿਵੇਂ ਅਕਾਲੀ ਦਲ ਪਾਰਟੀ ਇੱਕ ਡਿਕਟੇਟਰ ਸ਼ਿੱਪ ਨਾਲ ਚੱਲਣ ਵਾਲੀ ਪਾਰਟੀ ਹੈ ਕਿ ਉਸ ਵਿੱਚ,ਜੋ ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਦਿੱਤਾ,ਉਹ ਹੀ ਹੋਵੇਗਾ ਪਰ ਕਾਂਗਰਸ ਪਾਰਟੀ ਇੱਕ ਜ਼ਮਹੂਰੀਅਤ ਪਾਰਟੀ ਹੈ, ਜਿਹੜੀ ਕਿ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ. ਇਸ ਵਿੱਚ ਸਾਰਿਆਂ ਨੂੰ ਆਪਣੀ ਅਜ਼ਾਦੀ ਦੀ ਖੁੱਲ੍ਹ ਹੈ ਅਤੇ ਆਪਣੇ ਵਿਚਾਰ ਉਹ ਰੱਖ ਸਕਦਾ ਹੈ. ਬਾਕੀ ਪਾਰਟੀਆਂ ਵਿੱਚ ਤਾਂ ਇਹ ਮੱਤਭੇਦ ਹਮੇਸ਼ਾ ਹੀ ਉੱਭਰਦੇ ਰਹੇ ਹਨ,ਇਹਨਾਂ ਦਾ ਉਹ ਆਪਣੇ ਆਪ ਹੱਲ ਲੱਭ ਲੈਂਦੀਆਂ ਹਨ. ਭੱਠਲ ਅਤੇ ਅਮਰਿੰਦਰ ਦੋਨੋਂ ਸੋਨੀਆ ਅਤੇ ਮਾਰਗਰੇਟ ਨੂੰ ਮਿਲ ਚੁੱਕੇ ਹਨ ਅਤੇ ਮਾਰਗਰੇਟ ਅਲਵਾ ਜੀ ਪੰਜਾਬ ਦੇ ਜੋ ਮਾਮਲਿਆਂ ਦੇ ਪ੍ਰਧਾਨ ਹਨ. ਉਨ੍ਹਾਂ ਦੀ ਡਿਊਟੀ ਲੱਗ ਚੁੱਕੀ ਹੈ ਕਿ ਉਹ ਇਸ ਮਾਮਲੇ ਨੂੰ ਸਮਝਣ.ਇਸ ਦਾ ਫੈਸਲਾ ਜਲਦ ਹੋ ਜਾਵੇਗਾ.

ਪ੍ਰਸ਼ਨ: ਸ਼੍ਰੋਮਣੀ ਅਕਾਲੀ ਦਲ ਵੱਲੋਂ,ਜੋ ਚੌਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਕੀ ਉਹ ਉਨ੍ਹਾਂ ਨੇ ਪੂਰੇ ਕੀਤੇ ਹਨ?

ਉੱਤਰ:ਚੌਣਾਂ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ,ਬਜਟ 'ਚ ਕਿਸੇ ਤਬਕੇ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ. ਹਰ ਸਟੇਟ ਨੇ ਮੁਲਾਜ਼ਮਾਂ ਨੂੰ ਪੈਸਾ ਦੇਣ ਲਈ ਰੱਖਿਆ, ਜਿਵੇਂ ਹਰਿਆਣੇ ਨੇ 15051 ਕਰੋੜ ਰੁੱਪਏ ਮੁਲਾਜ਼ਮਾਂ ਨੂੰ ਦੇਣ ਲਈ ਰੱਖਿਆ ਪਰ ਪੰਜਾਬ ਸਰਕਾਰ ਨੇ ਦੁਆਨੀ ਵੀ ਨਹੀਂ ਰੱਖੀ. ਕੇਂਦਰ ਸਰਕਾਰਾਂ ਨੇ ਪੇਂਡੂ ਕੌਮੀ ਯੋਜਨਾ ਸ਼ੁਰੂ ਕੀਤੀ ਹੈ, ਹਰ ਦਿਹਾੜੀਦਾਰ ਨੂੰ ਸਾਲ ਵਿੱਚ 100 ਦਿਹਾੜੀਆਂ ਭਾਵ 9 ਹਜ਼ਾਰ ਰੁੱਪਏ ਦੇਣੇ ਹਨ ਪਰ ਪੰਜਾਬ ਵਿੱਚ ਉਹ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੇ.

ਪ੍ਰਸ਼ਨ: ਪੰਜਾਬ 'ਚ ਭੱਠਲ ਜਾਂ ਫ਼ਿਰ ਅਮਰਿੰਦਰ ਵਿੱਚੋਂ ਲੋਕਾਂ ਵਿੱਚ ਕੌਣ ਜ਼ਿਆਦਾ ਮਸ਼ਹੂਰ ਹਨ?

ਉੱਤਰ: ਮਹਾਰਾਜ ਕੈਪਟਨ ਅਮਰਿੰਦਰ ਸਿੰਘ ਹੀ ਆਮ ਲੋਕਾਂ ਵਿੱਚ ਹਾਲੇ ਤੱਕ ਕਾਫ਼ੀ ਮਸ਼ਹੂਰ ਰਹੇ ਹਨ,ਕੈਪਟਨ ਦੀ ਅਗਵਾਈ ਵਿੱਚ ਉਹ ਪਾਰਟੀ 45 ਸੀਟਾਂ ਜਿੱਤੀ ਹੈ.ਅਕਾਲੀ ਦਲ ਨੂੰ ਉਸ ਸਮੇਂ 30% ਵੋਟ ਮਿਲੇ ਸਨ ਜਦੋਂਕਿ ਕਾਂਗਰਸ ਨੂੰ 34% ਵੋਟ ਮਿਲੇ ਸਨ .ਮਾਝੇ ਅਤੇ ਦੁਆਬੇ ਦੇ ਕੁੱਝ ਮੰਤਰੀਆਂ ਦੀ ਕਾਰਜਸ਼ੈਲੀ ਉਸ ਸਮੇਂ ਠੀਕ ਨਾ ਹੋਣ ਕਾਰਣ ਲੋਕਾਂ ਨੇ ਉਨ੍ਹਾਂ ਖਿਲਾਫ਼ ਵੋਟ ਦਿੱਤੀ ਸੀ,ਨਾ ਕਿ ਕਾਂਗਰਸ ਖਿਲਾਫ਼ ਦਿੱਤੀ. ਇਸ ਤੋਂ ਇਲਾਵਾ ਟਿਕਟਾਂ ਦੀ ਕੁੱਝ ਸਹੀ ਵੰਡ ਵੀ ਨਹੀਂ ਹੋ ਸਕੀ. ਮਾਝੇ ਅਤੇ ਦੁਆਬੇ ਵਿੱਚ 15 ਸੀਟਾਂ ਤੇ ਜਿੰਨੇ ਥੋੜੇ ਮਾਰਜਨ ਨਾਲ ਸਰਕਾਰ ਹਾਰੀ, ਉਹ ਵੀ ਬੀਐਸਪੀ ਨੇ ਖਰਾਬ ਕੀਤੀਆਂ ਸਨ ਪਰ ਲੋਕ ਇੱਕ ਸਾਲ ਵਿੱਚ ਹੀ ਸਰਕਾਰ ਤੋਂ ਅੱਕ ਚੁੱਕੇ ਹਨ. ਪਾਸ ਹੋਏ ਬਜਟ ਨੇ ਤਾਂ ਲੋਕਾਂ ਨੂੰ ਹੋਰ ਵੀ ਨਿਰਾਸ਼ ਕਰ ਦਿੱਤਾ ਹੈ, ਜੇਕਰ ਅੱਜ ਵੋਟਾਂ ਪੈਂਦੀਆਂ ਹਨ ਤਾਂ ਕਾਂਗਰਸ ਭਾਰੀ ਵੋਟਾਂ ਨਾਲ ਜਿੱਤੇਗੀ.

ਪ੍ਰਸ਼ਨ: ਸ੍ਰ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਲਿਆਉਣਾ ਤੁਸੀਂ ਕਿੰਨਾ ਕੁ ਉੱਚਿਤ ਸਮਝਦੇ ਹੋ?

ਉੱਤਰ: ਇਹ ਤਾਂ ਜੱਗ ਜ਼ਾਹਿਰ ਹੈ ਕਿ ਬਾਦਲ ਸਾਹਿਬ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸਥਾਪਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਪਹਿਲਾਂ ਉਹਨਾਂ ਨੂੰ ਪਾਰਟੀ ਦਾ ਜਰਨਲ ਸੈਕਟਰੀ ਬਨਾਉਣਾ ਪਰ ਜਦੋਂ ਅਕਾਲੀ ਦਲ ਦੇ ਸਾਰੇ ਹਲਕਿਆਂ ਨੇ ਜਨਰਲ ਸੈਕਟਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨਾ. ਕਾਰਜਕਾਰੀ ਪ੍ਰਧਾਨ ਮੰਨ ਲਿਆ ਗਿਆ ਤਾਂ ਉਸ ਨੂੰ ਪੂਰਣ ਤੌਰ 'ਤੇ ਪ੍ਰਧਾਨ ਬਣਾ ਦਿੱਤਾ, ਹੌਲੀ-ਹੌਲੀ ਸਥਾਪਤ ਹੋਈ ਲੀਡਰਸ਼ਿਪ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਆਉਣ ਵਾਲੀਆਂ ਚੌਣਾਂ ਵਿੱਚ ਵੀ ਟਿਕਟਾਂ ਦੀ ਵੰਡ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਰਨੀ ਹੈ,ਜਿਹੜਾ ਵੀ ਸੁਖਬੀਰ ਸਿੰਘ ਬਾਦਲ ਦੀ ਵਿਰੋਧਤਾ ਕਰੇਗਾ,ਉਸ ਨੂੰ ਆਉਂਦੀਆਂ ਚੌਣਾਂ 'ਚ ਅਕਾਲੀ ਦਲ ਦੀ ਟਿਕਟ ਤੋਂ ਹੱਥ ਧੋਣੇ ਪੈਣਗੇ.ਇਹ ਉਨ੍ਹਾਂ ਕੋਲ ਇੱਕ ਡਰਾਊ ਹਥਿਆਰ ਹੈ.

ਪ੍ਰਸ਼ਨ : ਤੁਹਾਨੂੰ ਸ਼੍ਰੋਮਣੀ ਅਕਾਲੀ ਦਲ 'ਚ ਇਨ੍ਹਾਂ ਲੰਬਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਵੀ ਟਿਕਟ ਨਹੀਂ ਦਿੱਤੀ ਗਈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ : ਪੁਰਾਣਾ ਤਜਰਬਾ ਦੱਸਦਾ ਹੈ ਕਿ ਜੋ ਵੀ ਮਿਹਨਤੀ ਅਤੇ ਈਮਾਨਦਾਰ ਅਕਾਲੀ ਦਲ 'ਚ ਹਾਲੇ ਤੱਕ ਆਇਆ, ਉਸ ਨੂੰ ਜ਼ਿਆਦਾ ਦੇਰ ਅਕਾਲੀ ਦਲ ਨੇ ਬਰਦਾਸ਼ਤ ਨਹੀਂ ਕੀਤਾ. ਸਾਡੇ ਬਠਿੰਡਾ,ਮਾਨਸਾ ਦੇ ਖਿੱਤਿਆਂ 'ਚ ਇੱਕ ਹੋਰ ਵੀ ਉੱਭਰਦਾ ਤੱਤ ਹੈ ਕਿ ਇੱਥੇ ਬਲਵਿੰਦਰ ਸਿੰਘ ਭੂੰਦੜ ਅਤੇ ਮਲੂਕਾ ਦਾ ਤਾਨਾਸ਼ਾਹੀ ਵਤੀਰਾ,ਜਿਸ ਕਰਕੇ ਇਕੱਲਾ ਮੈਂ ਹੀ ਨਹੀਂ,ਬਲਕਿ ਮੈਂ ਹੋਰ ਵੀ ਅਨੇਕਾਂ ਸਥਾਪਤ ਲੀਡਰਾਂ ਦੀ ਉਦਾਹਰਣ ਦੇ ਸਕਦਾ ਹਾਂ, ਜਿਹਨਾਂ ਨੂੰ ਅਕਾਲੀ ਸਫ਼ਿਆਂ ਵਿੱਚੋਂ ਬਾਹਰ ਕਰ ਦਿੱਤਾ ਗਿਆ, ਜਿਵੇਂ ਕਿ ਸ੍ਰ.ਤੇਜਾ ਸਿੰਘ ਦਰਦੀ, ਸ੍ਰ.ਸੁਖਦੇਵ ਸਿੰਘ ਢਿੱਲੋਂ, ਸ੍ਰ.ਬਲਦੇਵ ਸਿੰਘ ਖਿਆਲਾ, ਸ੍ਰ.ਜਸਵੰਤ ਸਿੰਘ ਸਾਬਕਾ ਸਪੀਕਰ, ਸ੍ਰ.ਤੇਜਾ ਸਿੰਘ ਢਿੱਲੋ, ਸ੍ਰ.ਜਸਮੇਲ ਸਿੰਘ, ਸ੍ਰ.ਜੀਤ ਮਹਿੰਦਰ ਸਿੰਘ ਸਿੱਧੂ, ਸ੍ਰ.ਗੁਰਪ੍ਰੀਤ ਸਿੰਘ ਕਾਂਗੜ ਅਤੇ ਹੁਣ ਮੈਂ ਉਸ ਤਾਨਾਸ਼ਾਹੀ ਦਾ ਸ਼ਿਕਾਰ ਹੋਇਆ ਹਾਂ.

ਪ੍ਰਸ਼ਨ: ਜਦੋਂ ਤੁਹਾਨੂੰ ਅਕਾਲੀ ਦਲ 'ਚ ਟਿਕਟ ਨਾ ਮਿਲੀ ਤੇ ਤੁਹਾਡੇ ਕਾਂਗਰਸ 'ਚ ਸ਼ਾਮਲ ਹੋਣ ਬਾਅਦ ਵੀ ਕਈ ਅਕਾਲੀ ਵਰਕਰ ਤੁਹਾਡੇ ਨਾਲ ਜੁੜੇ ਰਹੇ,ਇਸ ਤੋਂ ਤੁਸੀਂ ਕੀ ਸਮਝਦੇ ਹੋ?

ਉੱਤਰ : ਜਦ ਮੈਂ ਰਾਜਨੀਤੀ 'ਚ ਵਿਚਰਦਾ ਹਾਂ ਤਾਂ ਮੈਂ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਉਹਨਾਂ 'ਚ ਆਉਂਦਾ ਹਾਂ ਅਤੇ ਮੇਰੇ ਹਮਾਇਤੀਆਂ ਵਿਚਾਲੇ ਕੋਈ ਵਿੱਥ ਨਹੀਂ ਹੁੰਦੀ .ਇਹੀ ਕਾਰਣ ਹੈ ਕਿ ਹਜ਼ਾਰਾਂ ਵਰਕਰ ਵੀ ਮੈਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ ਹਨ.

ਪ੍ਰਸ਼ਨ: ਹਲਕਾ ਪੱਕਾ ਕਲਾਂ 'ਚ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ 'ਚ ਕੀ ਯੋਜਨਾਵਾਂ ਹਨ?
ਉੱਤਰ:ਆਉਣ ਵਾਲੇ ਸਮੇਂ 'ਚ ਹਲਕਾ ਪੱਕਾ ਕਲਾਂ ਦੇ ਵਿਕਾਸ ਲਈ ਮੈਂ ਕਈ ਯੋਜਨਾਵਾਂ ਨੂੰ ਅਮਲੀ ਰੂਪ 'ਚ ਲਿਆਉਣ ਲਈ ਯਤਨਸ਼ੀਲ ਹਾਂ, ਜਿਵੇਂ ਕਿ ਸਭ ਤੋਂ ਪਹਿਲਾ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਦੂਸਰਾ ਨਹਿਰੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣਾ, ਤੀਸਰਾ ਜਿਹੜੇ ਵੀ ਕੱਚੇ ਰਸਤੇ ਹਨ ਜਾਂ ਪਿੰਡਾਂ ਦੀਆਂ ਗਲੀਆਂ ਕੱਚੀਆਂ ਹਨ, ਉਹਨਾਂ ਨੂੰ ਪੱਕੀਆਂ ਕਰਵਾਉਣ ਲਈ ਕਈ ਚੰਗੇ ਪ੍ਰੋਜੈਕਟ ਇੱਥੇ ਲਿਆਵਾਂ. ਸਕੂਲਾਂ 'ਚ ਸਟਾਫ਼ ਲਾਇਬ੍ਰੇਰੀਆਂ ਪ੍ਰਯੋਗਸ਼ਾਲਾਵਾਂ ਵਿਸ਼ੇਸ ਤੌਰ 'ਤੇ ਕੰਪਿਊਟਰ ਸਿੱਖਿਆ ਕਰਵਾਉਣਾ ਹੈ. ਇਸ ਤੋਂ ਇਲਾਵਾ ਮੈਂ ਰਿਫਾਇਨਰੀ ਦੀ ਉਸਾਰੀ ਵਿੱਚ ਵੀ ਦਿਲਚਸਪੀ ਰੱਖਦਾ ਹਾਂ ਤਾਂ ਜੋ ਰਿਫਾਇਨਰੀ ਆਉਣ ਨਾਲ ਵਿਹਲੇ ਫਿਰਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਅਤੇ ਉਹ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲਣ.
ਹੋਰ ਵੀ
ਬੀਬੀ ਭੱਠਲ ਤੇ ਕੈਪਟਨ 'ਚ ਵੱਧਦਾ ਮੱਤਭੇਦ