ਪੰਜਾਬੀ ਵਿਚ ਈ-ਮੇਲ ਭੇਜਣਾ ਹੋਇਆ ਆਸਾਨ

ਯੁਨੀਕੋਡ ਪ੍ਰਣਾਲੀ ਦੇ ਹੋਂਦ ਵਿਚ ਆਉਣ ਨਾਲ ਹੁਣ ਪੰਜਾਬੀ ਸਮੇਤ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਈ-ਮੇਲ ਭੇਜਣਾ, ਬਲੌਗ ਅਤੇ ਵੈਬਸਾਈਟਾਂ ਦਾ ਵਿਕਾਸ ਕਰਨਾ ਕਾਫ਼ੀ ਆਸਾਨ ਹੋ ਗਿਆ ਹੈ। ਇਸ ਵਿਸ਼ਵ-ਵਿਆਪੀ ਪ੍ਰਣਾਲੀ ਨੇ ਪੰਜਾਬੀ ਫੌਂਟਾਂ ਦੀ ਸਮੱਸਿਆ ਦਾ ਮਸਲਾ ਚੁਟਕੀ ਮਾਰ ਕੇ ਸੁਲਝਾ ਦਿੱਤਾ ਹੈ। ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਕ ਅਜਿਹੇ ਸੌਫਟਵੇਅਰ ਦਾ ਵਿਕਾਸ ਕੀਤਾ ਹੈ ਜੋ ਰਵਾਇਤੀ ਫੌਂਟਾਂ ਵਿਚ ਲਿਖੇ ਹੋਏ ਪੰਜਾਬੀ ਮੈਟਰ ਨੂੰ ਯੁਨੀਕੋਡ ਵਿਚ ਤਬਦੀਲ ਕਰ ਸਕਦਾ ਹੈ, ਵਰਤੋਂ ਕਰਤਾ ਨੂੰ ਆਸਾਨ ਤਰੀਕੇ ਨਾਲ ਪੰਜਾਬੀ ਨੂੰ ਯੁਨੀਕੋਡ ਵਿਚ ਟਾਈਪ ਕਰਨ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ ਤੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚ ਈ-ਮੇਲ ਕਰਨ ਦਾ ਆਸਾਨ ਤਰੀਕਾ ਉਪਲਬਧ ਕਰਵਾਉਂਦਾ ਹੈ।ਪੰਜਾਬੀ ਭਾਸ਼ਾ ਨੂੰ ਤਕਨੀਕ ਦੀ ਬਦੌਲਤ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਡਾ: ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਯੁਨੀਕੋਡ ਪ੍ਰਣਾਲੀ ਰਾਹੀਂ ਟਾਈਪ ਕਰਨ 'ਚ ਪੰਜਾਬੀ ਯੂਜ਼ਰ ਨੂੰ ਅਨੇਕਾਂ ਸਮੱਸਿਆਵਾਂ ਆਉਂਦੀਆਂ ਸਨ। ਪਹਿਲਾਂ ਜਦੋਂ ਵੀ ਕੋਈ ਯੂਜ਼ਰ ਦੂਸਰੇ ਨੂੰ ਈ-ਮੇਲ ਸੰਦੇਸ਼ ਭੇਜਦਾ ਸੀ ਤਾਂ ਉਸ ਨੂੰ ਪੜ੍ਹਨ ਲਈ ਅਗਲੇ ਦੇ ਕੰਪਿਊਟਰ ਵਿਚ ਉਸ ਵਿਸ਼ੇਸ਼ ਫੌਂਟ ਦਾ ਹੋਣਾ ਜ਼ਰੂਰੀ ਸੀ, ਜਿਸ ਵਿਚ ਉਸ ਨੂੰ ਟਾਈਪ ਕੀਤਾ ਗਿਆ ਹੈ। ਇੰਝ ਫੌਂਟ ਨਾ ਹੋਣ ਦੀ ਸੂਰਤ ਵਿਚ ਈ-ਮੇਲ ਸੰਦੇਸ਼ ਦੇ ਅਰਥ-ਅਨਰਥ ਹੋ ਜਾਂਦੇ ਸਨ। ਪੰਜਾਬੀ ਵਿਚ ਆਸਾਨ ਤਰੀਕੇ ਨਾਲ ਈ-ਮੇਲ ਕਰਨ ਵਾਲੇ ਸੌਫਟਵੇਅਰ ਦੀ ਪੰਜਾਬੀਆਂ ਨੂੰ ਚਿਰੋਕਣੀ ਆਸ ਸੀ। ਡਾ. ਲਹਿਲ ਦੇ ਇਲਾਵਾ ਯੁਨੀਕੋਡ ਟਾਈਪਿੰਗ ਪੈਡ ਨਾਮਕ ਇਸ ਸੌਫਟਵੇਅਰ ਦੇ ਨਿਰਮਾਣ ਵਿਚ ਸਿਸਟਮ ਐਨਾਲਿਸਟ ਸ੍ਰੀ ਤਜਿੰਦਰ ਸਿੰਘ ਸੈਣੀ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਸ ਟਾਈਪਿੰਗ ਪੈਡ ਵਿਚ ਯੂਜ਼ਰ ਆਪਣੀ ਮਰਜ਼ੀ ਨਾਲ ਰਮਿੰਗਟਨ, ਫੌਨੈਟਿਕ ਜਾਂ ਆਨ-ਸਕਰੀਨ ਕੀ-ਬੋਰਡ ਵਰਤ ਕੇ ਯੁਨੀਕੋਡ ਪ੍ਰਣਾਲੀ ਵਿਚ ਮੈਟਰ ਟਾਈਪ ਕਰ ਸਕਦਾ ਹੈ। ਟਾਈਪਿੰਗ ਪੈਡ ਵਿਚ ਯੂਜ਼ਰ ਕੁਝ ਖਾਸ ਬਦਲਾਂ ਦੀ ਵਰਤੋਂ ਕਰਕੇ ਆਪਣੀ ਜ਼ਰੂਰਤ ਵਾਲਾ ਅੰਗਰੇਜ਼ੀ ਦਾ ਸ਼ਬਦ ਜਾਂ ਲਾਈਨ ਵੀ ਟਾਈਪ ਕਰ ਸਕਦਾ ਹੈ। ਨਵੇਂ ਯੂਜ਼ਰ ਇਸ ਟਾਈਪਿੰਗ ਪੈਡ ਰਾਹੀਂ ਫੌਨੈਟਿਕ ਅਤੇ ਰਮਿੰਗਟਨ ਕੀ-ਬੋਰਡ ਖਾਕਾ ਵੇਖ ਕੇ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਕੋਈ ਮੈਟਰ ਸਤਲੁਜ ਜਾਂ ਅਨਮੋਲ ਲਿਪੀ ਫੌਂਟ ਵਿਚ ਤਿਆਰ ਕੀਤਾ ਹੋਇਆ ਹੈ ਤਾਂ ਤੁਸੀਂ ਉਸ ਨੂੰ ਪੈਡ ਵਿਚ ਖੋਲ੍ਹ ਕੇ ਯੁਨੀਕੋਡ ਵਿਚ ਤਬਦੀਲ ਕਰ ਸਕਦੇ ਹੋ ਤੇ ਲੋੜ ਅਨੁਸਾਰ ਸੁਰੱਖਿਅਤ ਕਰ ਸਕਦੇ ਹੋ ਜਾਂ ਮੇਲ ਕਰ ਸਕਦੇ ਹੋ। ਟਾਈਪਿੰਗ ਪੈਡ ਦੀ ਸਕਰੀਨ ਉਤੇ ਬਣੇ 'ਯੁਨੀਕੋਡ ਕੀ ਹੈ?' ਨਾਮਕ ਲਿੰਕ ਉਤੇ ਕਲਿੱਕ ਕਰਕੇ ਕੋਈ ਵੀ ਯੂਜ਼ਰ ਯੁਨੀਕੋਡ ਪ੍ਰਣਾਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕਰ ਸਕਦਾ ਹੈ। ਇਸ ਸੌਫਟਵੇਅਰ ਨੂੰ http://g2s.learnpunjabi.org/unipad.aspx ਨਾਮਕ ਵੈਬਸਾਈਟ ਉਤੇ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ। ਵੈਬਸਾਈਟ ਵਿਚ ਪੰਜਾਬੀ ਦੀ ਗੁਰਮੁਖੀ ਲਿਪੀ ਵਿਚ ਲਿਖੇ ਮੈਟਰ ਨੂੰ ਸ਼ਾਹਮੁਖੀ ਵਿਚ ਤਬਦੀਲ ਕਰਕੇ ਈ-ਮੇਲ ਸੰਦੇਸ਼ ਵਜੋਂ ਭੇਜਣ ਦੀ ਦਮਦਾਰ ਸੁਵਿਧਾ ਵੀ ਪਹਿਲੀ ਵਾਰ ਮੁਹੱਈਆ ਕਰਵਾਈ ਗਈ ਹੈ। ਯੂਜ਼ਰਾਂ ਨੂੰ ਈ-ਮੇਲ ਦੀ ਸੁਵਿਧਾ ਮੁਹੱਈਆ ਕਰਵਾਉਣ ਵਾਲਾ ਇਹ ਸੌਫਟਵੇਅਰ ਇਕੱਲਾ ਈ-ਮੇਲ ਔਜ਼ਾਰ ਹੀ ਨਹੀਂ ਬਲਕਿ ਇਸ ਵਿਚ ਯੁਨੀਕੋਡ ਕਨਵਰਟਰ, ਯੁਨੀਕੋਡ ਟਾਈਪ-ਰਾਈਟਰ ਅਤੇ ਟਾਈਪਿੰਗ ਟਿਊਟਰ ਵਾਲੀਆਂ ਤਮਾਮ ਸਹੂਲਤਾਂ ਮੌਜੂਦ ਹਨ। Courtesy - ਪੰਜਾਬੀ ਯੂਨੀਵਰਸਿਟੀ, ਪਟਿਆਲਾ