ਭੁਜੰਗਾਸਨ

ਇਸ ਆਸਨ ਵਿੱਚ ਸਰੀਰ ਦੀ ਆਕ੍ਰਿਤੀ ਫਨ ਉਠਾਏ ਹੋਏ ਭੁਜੰਗ (ਸੱਪ) ਵਰਗੀ ਬਣਦੀ ਹੈ, ਇਸ ਲਈ ਇਸ ਨੂੰ ਭੁਜੰਗਾਸਨ ਜਾਂ ਸਰਪਾਸਨ ਕਿਹਾ ਜਾਂਦਾ ਹੈ। ਉਲਟੇ ਹੋ ਕੇ ਪੇਟ ਦੇ ਭਾਰ ਲੇਟ ਜਾਉ। ਅੱਡੀ- ਪੰਜੇ ਮਿਲੇ ਹੋਏ ਰੱਖੋ। ਠੋਡੀ ਫਰਸ਼ ਤੇ ਰੱਖੀ ਹੋਈ ਹੋਣੀ ਚਾਹੀਦੀ ਹੈ। ਕੂਹਣੀਆਂ ਕਮਰ ਤੋਂ ਹਟੀਆਂ ਹੋਈਆਂ ਅਤੇ ਹਥੇਲੀਆਂ ਉੱਪਰ ਵੱਲ ਹੋਣੀਆਂ ਚਾਹੀਦੀਆਂ ਹਨ। ਹੁਣ ਹੌਲੀ- ਹੌਲੀ ਹੱਥ ਨੂੰ ਕੂਹਣੀਆਂ ਨਾਲ ਮੋੜਦੇ ਹੋਏ ਲਿਆਉ ਅਤੇ ਹਥੇਲੀਆਂ ਨੂੰ ਬਾਹਾਂ ਦੇ ਹੇਠਾਂ ਰੱਖ ਦਉ। ਫਿਰ ਠੋਡੀ ਨੂੰ ਗਰਦਨ ਵਿੱਚ ਦਬਾਉਂਦੇ ਹੋਏ ਮੱਥਾ ਭੂਮੀ ਤੇ ਰੱਖੋ। ਫਿਰ ਤੋਂ ਨੱਕ ਨੂੰ ਹਲਕਾ- ਜਿਹਾ ਭੂਮੀ ਨਾਲ ਛੂੰਹਦੇ ਹੋਏ ਸਿਰ ਨੂੰ ਅਕਾਸ਼ ਵੱਲ ਉਠਾਉ। ਜਿੰਨਾ ਸਿਰ ਅਤੇ ਛਾਤੀ ਨੂੰ ਪਿੱਛੇ ਲੈ ਜਾ ਸਕਦੇ ਹੋ ਲੈ ਜਾਉ ਪਰ ਨਾਭੀ ਭੂਮੀ ਨਾਲ ਲੱਗੀ ਹੋਣੀ ਚਾਹੀਦੀ ਹੈ। 20
ਸੈਕਿੰਟ ਤੱਕ ਇਹ ਸਥਿਤੀ ਰੱਖੋ। ਬਾਅਦ ਵਿੱਚ ਸਾਹ ਛੱਡਦੇ ਹੋਏ ਹੌਲੀ- ਹੌਲੀ ਸਿਰ ਨੂੰ ਹੇਠਾਂ ਲਿਆ ਕੇ ਮੱਥਾ ਭੂਮੀ ਤੇ ਰੱਖੋ। ਛਾਤੀ ਵੀ ਭੂਮੀ ਤੇ ਰੱਖੋ। ਫਿਰ ਤੋਂ ਠੋਡੀ ਨੂੰ ਭੂਮੀ ਤੇ ਰੱਖੋ। ਇਸਦੇ ਲਾਭ : ਇਸ ਆਸਨ ਨਾਲ ਰੀੜ ਦੀ ਹੱਡੀ ਮਜਬੂਤ ਹੁੰਦੀ ਹੈ। ਅਤੇ ਪਿੱਠ ਵਿੱਚ ਲਚੀਲਾਪਣ ਆਉਂਦਾ ਹੈ। ਇਹ ਆਸਨ ਫੇਫੜਿਆਂ ਦੀ ਸ਼ੁੱਧੀ ਲਈ ਵੀ ਬਹੁਤ ਵਧੀਆ ਹੈ ਅਤੇ ਜਿਹਨਾਂ ਲੋਕਾਂ ਦਾ ਗਲਾ ਖਰਾਬ ਰਹਿਣ ਦੀ, ਦਮੇ ਦੀ, ਪੁਰਾਣੀ ਖਾਂਸੇ ਜਾਂ ਫੇਫੜਿਆਂ ਸਬੰਧੀ ਹੋਰ ਕੋਈ ਬਿਮਾਰੀ ਹੋਵੇ, ਉਹਨਾਂ ਨੂੰ ਇਹ ਆਸਨ ਕਰਨਾ ਚਾਹੀਦਾ ਹੈ। ਇਸ ਆਸਨ ਨਾਲ ਪਿੱਤੇ ਦੀ ਕਿਰਿਆਸ਼ੀਲਤਾ ਵਧਦੀ ਹੈ ਅਤੇ ਪਾਚਨ-ਪ੍ਰਣਾਲੀ ਦੀ ਕੋਮਲ ਪੇਸ਼ੀਆਂ ਮਜਬੂਤ ਬਣਦੀਆਂ ਹਨ। ਇਸ ਨਾਲ ਪੇਟ ਦੀ ਚਰਬੀ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਉਮਰ ਵਧਣ ਦੇ ਕਾਰਨ ਪੇਟ ਦੇ ਹੇਠਾਂ ਦੇ ਹਿੱਸਿਆਂ ਦੀਆਂ ਪੇਸ਼ੀਆਂ ਨੂੰ ਢਿੱਲਾ ਹੋਣ ਤੋਂ ਰੋਕਣ ਵਿੱਚ ਸਹਾਇਤਾ ਮਿਲਦੀ ਹੈ। ਇਸ ਨਾਲ ਬਾਹਾਂ ਵਿੱਚ ਸ਼ਕਤੀ ਆਉਂਦੀ ਹੈ। ਪਿੱਠ ਵਿੱਚ ਸਥਿਤ ਈੜਾ ਅਤੇ ਪਿੰਗਲਾ ਨਾੜੀਆਂ ਤੇ ਚੰਗਾ ਪ੍ਰਭਾਵ ਪੈਂਦਾ ਹੈ। ਵਿਸ਼ੇਸ਼ ਕਰ ਕੇ, ਦਿਮਾਗ ਤੋਂ ਨਿਕਲਣ ਵਾਲੇ ਗਿਆਨਤੰਤੂ ਬਲਵਾਨ ਬਣਦੇ ਹਨ। ਪਿੱਠ ਦੀਆਂ ਹੱਡੀਆਂ ਵਿੱਚ ਰਹਿਣ ਵਾਲੀਆਂ ਸਾਰੀਆਂ ਖਰਾਬੀਆਂ ਦੂਰ ਹੁੰਦੀਆਂ ਹਨ। ਕਬਜ਼ ਦੂਰ ਹੁੰਦਾ ਹੈ। ਸਾਵਧਾਨੀ : ਇਸ ਆਸਨ ਨੂੰ ਕਰਦੇ ਸਮੇਂ ਪਿੱਛੇ ਵੱਲ ਬਹੁਤ ਜਿਆਦਾ ਨਾ ਝੁਕੋ। ਇਸ ਨਾਲ ਤੁਹਾਡੀ ਛਾਤੀ ਜਾਂ ਪਿੱਠ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪੈ ਸਕਦੀ ਹੈ ਅਤੇ ਬਾਹਾਂ ਅਤੇ ਮੋਢਿਆਂ ਦੀਆਂ ਪੇਸ਼ੀਆਂ ਵਿੱਚ ਵੀ ਵਲ ਪੈ ਸਕਦਾ ਹੈ ਜਿਸ ਨਾਲ ਦਰਦ ਪੈਦਾ ਹੋਣ ਦੀ ਸੰਭਾਵਨਾ ਵਧਦੀ ਹੈ। ਪੇਟ ਵਿੱਚ ਕੋਈ ਰੋਗ ਜਾਂ ਪਿੱਠ ਵਿੱਚ ਜਿਆਦਾ ਦਰਦ ਹੋਵੇ ਤਾਂ ਇਹ ਆਸਨ ਨਾ ਕਰੋ।