ਫੱਗਣ ਦਾ ਮਹੀਨਾ ਆਉਂਦੇ ਹੀ ਸਾਰਾ ਵਾਤਾਵਰਨ ਜਿਵੇਂ ਰੰਗੀਨ ਹੋ ਜਾਂਦਾ ਹੈ ਅਤੇ ਹੋਵੇ ਵੀ ਕਿਉਂ ਨਾ, ਰੰਗਾਂ ਦੇ ਤਿਉਹਾਰ ਦੀ ਵਾਰੀ ਜੋ ਰਹਿੰਦੀ ਹੈ। ਫੱਗਣ ਪੂਰਨਮਾਸ਼ੀ ਨੂੰ ਰੰਗ, ਉਤਸ਼ਾਹ, ਮਸਤੀ ਅਤੇ ਉਲਾਸ ਦਾ ਇੱਕ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਨਾਮ ਹੈ ਹੋਲੀ। ਇਹ ਤਿਉਹਾਰ ਜਾਤੀ-ਭੇਦ, ਊਚ-ਨੀਚ, ਅਮੀਰੀ-ਗਰੀਬੀ ਤੋਂ ਉੱਪਰ ਉੱਠ ਕੇ ਮਿੱਤਰਤਾ ਅਤੇ ਭਾਈ-ਚਾਰੇ ਦਾ ਤਿਉਹਾਰ ਹੈ।
ਇਹ ਦਿਨ ਤਾਂ ਦੁਸ਼ਮਨਾਂ ਦੇ ਵੀ ਗਲੇ ਮਿਲਣ ਦਾ ਦਿਨ ਹੁੰਦਾ ਹੈ। ਬੱਚੇ-ਬੱਢੇ, ਇਸਤਰੀ-ਪੁਰਸ਼ ਜਿਸ ਨੂੰ ਦੇਖੋ ਉਹ ਇਸ ਦਿਨ ਰੰਗ ਅਤੇ ਉਲਾਸ ਵਿੱਚ ਡੁੱਬਿਆ ਰਹਿੰਦਾ ਹੈ। ਦੁੱਖ ਭੁੱਲਣ ਅਤੇ ਖੁਸ਼ੀਆਂ ਵਿੱਚ ਵਾਧਾ ਕਰਨ ਅਰਥਾਤ ਪਿਆਰ ਦੇਣ ਅਤੇ ਪਿਆਰ ਲੈਣ ਦੇ ਇਸ ਤਿਉਹਾਰ ਦਾ ਨਾਮ ਹੋਲਿਕਾ ਉਤਸਵ ਹੈ। ਮਿਲਨ, ਮਿੱਤਰਤਾ ਅਤੇ ਏਕਤਾ ਦੇ ਇਸ ਪਰਬ ਦਾ ਨਾਮ ਹੋਲੀ ਹੈ। ਇਹ ਇੱਕ ਸਮਾਜਿਕ ਪਰਬ ਤਾਂ ਹੈ ਹੀ ਏਕਤਾ ਅਤੇ ਭਾਈਚਾਰੇ ਦਾ ਤਿਉਹਾਰ ਹੋਣ ਦੇ ਕਾਰਨ ਇਹ ਰਾਸ਼ਟਰੀ ਤਿਉਹਾਰ ਵੀ ਹੈ।
ਹੋਲੀ ਤੇ ਧਰਤੀ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਭਰ ਜਾਂਦੀ ਹੈ। ਰੰਗਾਂ ਦੀ ਭੂਮਿਕਾ ਹਰ ਭਾਰਤੀ ਉਤਸਵ ਵਿੱਚ ਕਿਤੇ ਨਾ ਕਿਤੇ ਆਪਣਾ ਅਲੱਗ ਅਸਰ ਰੱਖਦੀ ਹੈ। ਦੀਵਾਲੀ ਦੀ ਆਤਿਸ਼ਬਾਜ਼ੀ ਤੋਂ ਨਿਕਲਦੇ ਰੰਗੀਨ ਗੁਲ ਹੋਣ, ਰੱਖੜੀ ਦੇ ਰੰਗਾਂ ਨਾਲ ਸਜੀਆਂ-ਧਜੀਆਂ ਰੱਖੜੀਆਂ ਹੋਣ, ਈਦ ਅਤੇ ਦੁਸਹਿਰੇ ਤੇ ਸਿਲਵਾਏ ਗਏ ਨਵੇਂ ਕੱਪੜੇ ਹੋਣ, ਰੰਗ ਦਾ ਮਹੱਤਵ ਹਰ ਥਾਂ ਮੌਜੂਦ ਹੈ। ਫਿਰ ਹੋਲੀ ਤਾਂ ਰੰਗਾਂ ਦਾ ਹੀ ਤਿਉਹਾਰ ਹੈ। ਰੰਗਾਂ ਦੀ ਬਰਸਾਤ ਵੀ ਅਜਿਹੀ ਕਿ ਸਾਰਾ ਜਹਾਨ ਬੌਰਾ ਜਾਏ। ਬਸੰਤ ਦੀ ਹਵਾ ਦੇ ਜਵਾਨ ਝੋਕੇ, ਫੱਗਣ ਦੀ ਮਸਤੀ ਅਤੇ ਰੰਗਾਂ ਦਾ ਸਰੂਰ ਕਿਸ ਨੂੰ ਪਾਗਲ ਨਹੀਂ ਕਰੇਗਾ?
ਕੁਦਰਤ ਤੁਹਾਡੇ ਨਾਲ ਹੈ। ਬਸੰਤ ਨੇ ਵਾਤਾਵਰਨ ਰਚ ਦਿੱਤਾ ਹੈ। ਦੇਰ ਕਿਸ ਗੱਲ ਦੀ ਹੈ- ਉਠਾਉ ਰੰਗ ਅਤੇ ਕਰ ਦਉ ਹਰ ਉਸ ਚਿਹਰੇ ਨੂੰ ਰੰਗੀਨ ਜੋ ਸਨੇਹ ਚਾਹੁੰਦਾ ਹੈ, ਪਿਆਰ ਚਾਹੁੰਦਾ ਹੈ, ਮੁਹੱਬਤ ਚਾਹੁੰਦਾ ਹੈ, ਆਪਣਾਪਣ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਰਿਸ਼ਤਾ ਹੋਲੀ ਗੁਜਰ ਜਾਣ ਦੇ ਬਾਦ ਵੀ ਬਣਿਆ ਰਹੇ। ਉਦੋਂ ਤੱਕ ਬਣਿਆ ਰਹੇ ਜਦੋਂ ਤੱਕ ਜੀਵਨ ਹੈ। ਹਰ ਸਾਲ ਉਸ ਨੂੰ ਯਾਦ ਕਰਵਾਉਣ ਹੋਲੀ ਆਉਂਦੀ ਰਹੇਗੀ।
|