ਚੀਕੂ, ਪਾਪਾ ਦੇ ਨਾਲ ਕਾਲੋਨੀ ਵਿੱਚ ਰੰਗਪੰਚਮੀ ਖੇਡਣ ਲਈ ਜਾ ਰਿਹਾ ਸੀ ਤਾਂ ਮੰਮੀ ਅਤੇ ਪਾਪਾ ਵਿੱਚ ਬਹਿਸ ਸ਼ੁਰੂ ਹੋ ਗਈ।
ਮੰਮੀ ਗੁੱਸੇ ਨਾਲ ਬੋਲੀ, 'ਪਹਿਲਾਂ ਪਾਗਲਾਂ ਦੀ ਤਰ੍ਹਾਂ ਇੱਕ-ਦੂਜੇ ਨੂੰ ਬੇਦਰਦੀ ਵਿੱਚ ਰੰਗਣਾ ਫਿਰ ਘੰਟਿਆਂ ਬੈਠ ਕੇ ਸਰੀਰ ਤੇ ਸਾਬਣ ਲਗਾ ਕੇ ਉਸ ਨੂੰ ਸਾਫ ਕਰਨਾ। ਇਹ ਕਿਹੜੀ ਬੁੱਧੀਮਾਨੀ ਦੀ ਗੱਲ ਹੈ? ਤੁਸੀਂ ਜਾਉ ਅਤੇ ਹੁੜਦੰਗ ਮਚਾਉ, ਪਰ ਮੈਂ ਚੀਕੂ ਨੂੰ ਨਹੀਂ ਜਾਣ ਦਊਂਗੀ..!' ਪਾਪਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਮੰਮੀ ਆਪਣੀ ਉਸੇ ਗੱਲ ਤੇ ਜੋਰ ਦੇ ਰਹੀ ਸੀ।
ਚੀਕੂ ਹੱਥ ਵਿੱਚ ਪਿਚਕਾਰੀ ਫੜੇ, ਉਦਾਸ ਗੈਲਰੀ ਵਿੱਚ ਖੜ੍ਹਾ ਸੋਚ ਰਿਹਾ ਸੀ। ਕਾਲੋਨੀ ਦੇ ਸਾਰੇ ਲੋਕ ਇੱਕ-ਦੂਜੇ ਤੇ ਰੰਗ ਪਾ ਰਹੇ ਹਨ, ਗਲੇ ਮਿਲ ਰਹੇ ਹਨ ਅਤੇ ਮੰਮੀ ਇਸ ਨੂੰ ਪਾਗਲਾਂ ਦਾ ਤਿਉਹਾਰ ਮੰਨ ਰਹੀ ਹੈ। ਮੰਮੀ ਨੂੰ ਰੰਗ ਨਹੀਂ ਖੇਡਣਾ ਹੈ ਤਾਂ ਉਹ ਨਾ ਖੇਡੇ, ਪਰ ਮੈਨੂੰ ਤਾਂ ਪਾਪਾ ਦੇ ਨਾਲ ਜਾਣ ਦਏ..!
ਕਾਲੋਨੀ ਦੇ ਕੁਝ ਲੜਕੇ-ਲੜਕੀਆਂ ਢੋਲ ਦੀ ਧੁਨ ਤੇ ਨੱਚਦੇ-ਗਾਉਂਦੇ ਆ ਰਹੇ ਸਨ। ਉਸ ਸ਼ੋਰ ਨਾਲ ਮੰਮੀ -ਪਾਪਾ ਦੀ ਬਹਿਸ ਰੁਕ ਗਈ। ਕੁਝ ਦੇਰ ਬਾਅਦ ਉਹਨਾਂ ਦੋਨਾਂ ਦਾ ਧਿਆਨ ਗੈਲਰੀ ਵੱਲ ਗਿਆ। ਜਮੀਨ ਤੇ ਚੀਕੂ ਦੀ ਪਿਚਕਾਰੀ ਪਈ ਸੀ ਪਰ ਉਹ ਉੱਥੇ ਨਹੀਂ ਸੀ। ਮੰਮੀ ਗੈਲਰੀ ਵੱਲ ਦੌੜ ਕੇ ਗਈ। ਉਹਨਾਂ ਦੇ ਪਿੱਛੇ-ਪਿੱਛੇ ਪਾਪਾ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਦੇਖਿਆ ਕਿ ਸੜਕ ਤੇ ਚੀਕੂ ਮਸਤੀ ਨਾਲ ਝੂਮ ਰਿਹਾ ਹੈ। ਢੋਲ ਦੀ ਆਵਾਜ ਤੇ ਨੱਚ ਰਿਹਾ ਹੈ। ਲੜਕੇ-ਲੜਕੀਆਂ ਉਸਦੇ ਚਾਰੇ ਪਾਸੇ ਗੋਲਾ ਬਣਾ ਕੇ ਖੜ੍ਹੇ ਹਨ ਅਤੇ ਤਾੜੀਆਂ ਵਜਾ ਰਹੇ ਹਨ। ਇਹ ਦ੍ਰਿਸ਼ ਦੇਖ ਕੇ ਉਹਨਾਂ ਦਾ ਮਨ ਆਨੰਦਿਤ ਹੋ ਉੱਠਿਆ ਸੀ। ਦੋਨੇ ਇੱਕ ਪਲ ਲਈ ਭੁੱਲ ਗਏ ਕਿ ਪਿਛਲੇ ਪੰਦਰਾਂ ਮਿੰਟ ਤੋਂ ਉਹਨਾਂ ਦੇ ਵਿੱਚ ਬਹਿਸ ਛਿੜੀ ਹੋਈ ਸੀ।
ਨੱਚਦੇ-ਨੱਚਦੇ ਚੀਕੂ ਦਾ ਧਿਆਨ ਗੈਲਰੀ ਵੱਲ ਚਲਾ ਗਿਆ। ਉੱਥੇ ਮੰਮੀ ਨੂੰ ਖੜ੍ਹਾ ਦੇਖ ਕੇ ਉਸਦੇ ਥਿਰਕਦੇ ਹੋਏ ਹੱਥ-ਪੈਰ ਇੱਕ ਦਮ ਰੁਕ ਗਏ। ਉਹ ਘਰ ਵੱਲ ਦੌੜ ਗਿਆ।
ਚੀਕੂ ਘਰ ਵਿੱਚ ਪ੍ਰਵੇਸ਼ ਕਰਦੇ ਹੀ ਹੈਰਾਨ ਰਹਿ ਗਿਆ। ਮੰਮੀ ਦੇ ਹੱਥ ਵਿੱਚ ਉਸਦੀ ਪਿਚਕਾਰੀ ਸੀ। ਉਹ ਪਾਪਾ ਨੂੰ ਰੰਗ ਰਹੀ ਸੀ ਅਤੇ ਪਾਪਾ ਉਹਨਾਂ ਨੇ ਹੱਥ ਚੋਂ ਪਿਚਕਾਰੀ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ। ਪਿਚਕਾਰੀ ਜਮੀਨ ਤੇ ਡਿੱਗ ਪਈ। ਚੀਕੂ ਨੇ ਉਸ ਨੂੰ ਉਠਾਇਆ ਅਤੇ ਮੰਮੀ ਤੇ ਰੰਗ ਪਾਉਣ ਲੱਗਿਆ।
ਪਿਚਕਾਰੀ ਦਾ ਰੰਗ ਖਤਮ ਹੁੰਦੇ ਹੀ ਪਾਪਾ ਬੋਲੇ- 'ਬੇਟਾ' ਤੇਰਾ ਧੰਨਵਾਦ।।ਜੋ ਕੰਮ ਮੈਂ ਸਾਲਾਂ ਤੋਂ ਨਹੀਂ ਕਰ ਪਾਇਆ, ਉਹ ਅੱਜ ਤੂੰ ਕਰ ਦਿਖਾਇਆ। ਤੂੰ ਮੰਮੀ ਨੂੰ ਸਿਖਾ ਦਿੱਤਾ ਕਿ ਰੰਗ ਪੰਚਮੀ ਕਿੰਨੇ ਆਨੰਦ ਦਾ ਤਿਉਹਾਰ ਹੈ।' ਇਹ ਸੁਣ ਕੇ ਮੰਮੀ ਮੁਸਕਰਾ ਰਹੀ ਸੀ ਅਤੇ ਚੀਕੂ ਦਾ ਚਿਹਰਾ ਚਮਕ ਉੱਠਿਆ ਸੀ।
|