ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਗੋਬਿੰਦ ਸਿੰਘ: ਚੜ੍ਹਦੀ ਕਲਾ ਦੇ ਪੁੰਜ
ਡਾ. ਸ਼ਮਸ਼ੇਰ ਸਿੰ
ਭਾਰਤੀ ਸੰਸਕ੍ਰਿਤੀ ਦੇ ਕੇਂਦਰ ਪੁਰਾਤਨ ਸ਼ਹਿਰ ਪਟਨਾ ਵਿਖੇ ਸਾਲਸ ਰਾਏ ਜੌਹਰੀ ਦੀ ਵੱਡੀ ਹਵੇਲੀ ਉਸ ਵਕਤ ਪੱਵਿਤਰ ਹੋਈ ਜਦੋਂ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1509 ਈਸਵੀ ਦੇ ਆਸ ਪਾਸ ਇਸ ਸ਼ਹਿਰ ਵਿਖੇ ਆਪਣੇ ਚਰਨ ਪਾਏ ਅਤੇ ਸਿੱਖ ਸੰਗਤ ਦੀ ਸਥਾਪਨਾ ਕੀਤੀ. ਗੁਰੂ ਜੀ ਨੇ ਸਿੱਖ ਕੇਂਦਰ ਸਥਾਪਤ ਕਰਕੇ ਸਾਲਸ ਰਾਏ ਨੂੰ ਹੀ ਇਸ ਸੰਗਤ ਦਾ ਮੁੱਖੀ ਥਾਪਦਿਆਂ ਕਿਹਾ ਕਿ ਤੇਰੇ ਤੋਂ ਬਾਅਦ ਤੇਰਾ ਨੌਕਰ ਅਧਰੱਕਾ ਇਸ ਸੰਗਤ ਦਾ ਮੁੱਖੀ ਹੋਵੇਗਾ. ਇਸ ਕੇਂਦਰ ਵਿਖੇ ਨਾਨਕ ਪੰਥੀ ਰੋਜਾਨਾ ਜੁੜ ਕੇ ਬੈਠਦੇ ਅਤੇ ਗੁਰੂ ਉਪਦੇਸ਼ ਜਪਦੇ ਅਤੇ ਜਪਾਉਂਦੇ. ਇਹ ਸੰਗਤ ਪੂਰਬੀ ਭਾਰਤ ਵਿਖੇ ਬੜਾ ਪ੍ਰਭਾਵਸ਼ਾਲੀ ਕੇਂਦਰ ਰਿਹਾ. ਹੁਣ ਇਹ ਸਿੱਖ ਪੰਥ ਦਾ ਦੂਸਰਾ ਮਹਾਨ ਪਵਿੱਤਰ ਤਖਤ ਕਰਕੇ ਸਤਿਕਾਰਿਆ ਜਾਂਦਾ ਹੈ.

ਸਿੱਖ ਧਰਮ ਦੇ ਨੌਵੇਂ ਗੁਰੂ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਚਾਰ ਦੌਰਿਆਂ ਸਮੇਂ ਪੂਰਬ ਵੱਲ ਜਾਣ ਉਪਰੰਤ ਕਈ ਨਵੇਂ ਕੇਂਦਰ ਸਥਾਪਤ ਕੀਤੇ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿਖੇ ਜਾ ਕੇ ਉਨ੍ਹਾਂ ਨੂੰ ਹੋਰ ਮਜਬੂਤ ਕੀਤਾ. ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਸਿੱਖੀ ਪਰਿਪੱਕ ਹੋਈ. ਪੂਰਬੀ ਭਾਰਤ ਵਿਖੇ ਜਿੰਨ੍ਹੇ ਵੀ ਗੁਰੂ ਨਾਨਕ ਨਾਮ ਲੇਵਾ ਨਾਨਕ ਪੰਥੀ ਸਨ ਉਨ੍ਹਾਂ ਨੇ ਸਿੱਖੀ ਦਾ ਪਰਚਾਰ ਹੋਣ ਕਰਕੇ ਸਿੱਖੀ ਨੂੰ ਹੋਰ ਵਧਾਇਆ.

ਪੂਰਬੀ ਭਾਰਤ ਦੇ ਸਿੱਖਾਂ ਦੇ ਪਿਆਰ ਦੇ ਬੱਧੇ ਹੋਏ ਗੁਰੂ ਜੀ ਜਦੋਂ ਪਰਿਵਾਰ ਸਮੇਤ ਪਟਨਾ ਪਹੁੰਚੇ ਤਾਂ ਉਨ੍ਹਾਂ ਦੀ ਧਰਮ ਪਤਨੀ ( ਮਾਤਾ ਗੁਜਰੀ ਜੀ) ਅਗੰਮੀ ਜੋਤ ਪ੍ਰਕਾਸ਼ ਅਵਸਥਾ ਵਿਚ ਸਨ. ਇਸ ਲਈ ਗੁਰੂ ਜੀ ਪਰਿਵਾਰ ਨੂੰ ਪਟਨੇ ਵਿਖੇ ਸੁਵਿਧਾ ਹੋਣ ਕਰਕੇ, ਸਿੱਖ ਸੇਵਕਾਂ ਦੀ ਦੇਖ ਰੇਖ ਵਿੱਚ ਸੰਭਾਲ ਕੇ ਆਪ ਕੁੱਝ ਸਿੱਖਾਂ ਸਮੇਤ ਅਸਾਮ ਬੰਗਾਲ ਦੇ ਪਰਚਾਰ ਦੌਰੇ ਉਤੇ ਚਲੇ ਗਏ.

ਸਿੱਖ ਧਰਮ ਦੀ ਕੜੀ ਨੂੰ ਅੱਗੇ ਤੋਰਨ ਦੇ ਮੰਤਵ ਨਾਲ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਘਰ 1666 ਈ: ਪੋਹ ਸੁਦੀ ਸਤਵੀ ਨੂੰ ਪਟਨਾ ਵਿਖੇ ਸਾਲਸ ਰਾਏ ਦੀ ਧਰਮਸ਼ਾਲਾ ਵਿਖੇ ਪ੍ਰਕਾਸ਼ ਧਾਰਨ ਕੀਤਾ. ਗੁਰੂ ਜੀ ਨੇ ਆਪਣੇ ਬਚਪਨ ਦੇ 5-6 ਸਾਲ ਜੋ ਪਟਨਾ ਸਾਹਿਬ ਵਿਖੇ ਬਿਤਾਏ ਉਹ ਬੜੇ ਅਨੋਖੇ ਕੌਤਕਾਂ ਤੇ ਚੋਜਾਂ ਨਾਲ ਭਰਪੁਰ ਹਨ. ਗੁਰੂ ਕੇ ਬਾਗ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਨਾਲ ਪਹਿਲੀ ਮੁਲਾਕਾਤ ਸਮੇਂ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੇ ਬਾਗ ਨੂੰ ਭਾਗ ਲਾਏ.

ਗੁਰੂ ਤੇਗ ਬਹਾਦਰ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਬਾਲ ਗੋਬਿੰਦ ਰਾਏ ਲਈ ਸ਼ਸਤਰ ਵਿੱਦਿਆ ਸਿਖਲਾਈ ਪੜ੍ਹਾਈ ਦਾ ਉਚੇਚਾ ਪਰਬੰਧ ਕੀਤਾ. ਘੋੜ ਸਵਾਰੀ, ਨੇਜਾਬਾਜੀ, ਗਤਕਾ, ਤਲਵਾਰ ਚਲਾਉਣ ਦਾ ਹੁਨਰ, ਫੌਜਾਂ ਦਾ ਗਠਨ, ਕਿਲਿਆਂ ਦੇ ਨਿਰਮਾਣ ਆਦਿ ਸਾਰੇ ਜੰਗੀ ਹੁਨਰਾਂ ਦੀ ਸਿਖਲਾਈ ਦਾ ਪਰਬੰਧ ਕੀਤਾ. ਇਸ ਦੇ ਨਲ ਵਿੱਦਿਆ ਦੇ ਖੇਤਰ ਵਿਚ ਵੀ ਨਿਪੁੰਨਤਾ ਹਾਸਲ ਕਰਾਈ.

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅੰਦਰ ਚੜ੍ਹਦੀ ਕਲਾ ਦਾ ਪੱਖ ਸਭ ਤੋਂ ਮਹੱਤਵਪੂਰਨ ਪੱਖ ਸੀ. ਚੜ੍ਹਦੀ ਕਲਾ ਦਾ ਸ੍ਰੋਤ ਅਕਾਲ ਪੁਰਖ ਦੀ ਅਰਾਧਨਾ ਤੇ ਦ੍ਰਿੜ ਵਿਸ਼ਵਾਸ ਸੀ. ਪ੍ਰਭੂ ਸਦਾ ਇਨਸਾਫ ਕਰਦਾ ਹੈ ਅਤੇ ਹੱਕ, ਸੱਚ, ਨਿਆਂ ਲਈ ਜੂਝਣ ਵਾਲਿਆਂ ਨੂੰ ਸੇਧ ਪਰਦਾਨ ਕਰਨਾ, ਉਨ੍ਹਾਂ ਦੇ ਅੰਗ ਸੰਗ ਰਹਿੰਦਾ ਹੈ.

ਗੁਰੂ ਜੀ ਦੀ ਚੜ੍ਹਦੀ ਕਲਾ ਦੀ ਮਿਸਾਲ ਸਾਨੂੰ ਉਨ੍ਹਾਂ ਦੁਆਰਾ ਕੀਤੇ ਗਏ ਭੰਗਾਣੀ ਦੇ ਧਰਮ ਯੁੱਧ ਤੇ ਮਿਲਦੀ ਹੈ ਜਦੋਂ ਗਦਾਰ ਪਠਾਣਾਂ ਦੀਆਂ ਕੰਪਨੀਆਂ ਭੱਜ ਗਈਆਂ ਤੇ ਕੇਵਲ ਇਕ ਹੀ ਰਹਿ ਗਈ. ਜਦ ਸਿੰਘਾ ਨੇ ਇਸ ਬਾਰੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਪਠਾਣ ਧੋਖਾ ਦੇ ਗਏ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਯੁੱਧ ਤਾਂ ਬੰਦਿਆ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਸਰੇ ਲੜਿਆ ਜਾਂਦਾ ਹੈ.

ਗੁਰੂ ਜੀ ਨੇ ਇਸ ਪਰਕਾਰ ਬੀਰਤਾ ਦਾ ਅੰਸ਼ ਭਾਰਤ ਵਾਸੀਆਂ ਅੰਦਰ ਜਗਾਇਆ. ਭਾਰਤ ਵਰਸ਼ ਜੋ ਗੁਲਾਮੀ ਵਿੱਚ ਜਕੜਿਆ ਹੋਇਆ ਸੀ, ਉਹਨਾਂ ਦੇ ਮਨ ਅੰਦਰ ਸਵੈ-ਮਾਨ, ਅਣਖ, ਇਜਤ ਪੱਤ ਵਾਲਾ ਜੀਵਨ ਜਿਉਣ ਦਾ ਸਾਹਸ ਪਰਦਾਨ ਕੀਤਾ. ਗੁਰੂ ਜੀ ਨੇ ਲਤਾੜੇ, ਪਛਾੜੇ ਗਰੀਬ ਲੋਕਾਂ ਨੂੰ ਸੂਰਬੀਰ ਬਲੀ ਯੋਧੇ ਬਣਾ ਦਿੱਤਾ.

ਭਾਰਤ ਵਾਸੀਆਂ ਦੇ ਮਨਾਂ ਨੂੰ ਬਦਲਣ ਦੀ ਲੋੜ ਸੀ. ਮਨਾਂ ਵਿਚੋਂ ਗੁਲਾਮੀ ਦੇ ਸੰਸਕਾਰ ਕਢਣ ਦੀ ਜਰੂਰਤ ਸੀ. ਇਨ੍ਹਾਂ ਸੰਸਕਾਰਾਂ ਨੂੰ ਬਦਲਣ ਲਈ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਮਨ ਵਿਚੋ ਹਮੇਸ਼ਾ ਲਈ ਮੌਤ ਦਾ ਭੈ ਖਤਮ ਕਰ ਦਿੱਤਾ. ਗੁਰੂ ਜੀ ਨੇ ਭਾਰਤ ਵਾਸੀਆਂ ਦੇ ਹੱਕਾਂ, ਧਰਮ, ਇੱਜਤ ਤੇ ਪਤ ਨੂੰ ਬਚਾਉਣ ਲਈ ਹਰ ਪਰਕਾਰ ਦੀ ਕੁਰਬਾਨੀ ਦਿੱਤੀ. ਦੇਸ਼ ਵਾਸਿਆਂ ਦੇ ਹਿੰਦੂ ਧਰਮ ਦੀ ਖਾਤਰ ਪਿਤਾ ਦੀ ਕੁਰਬਾਨੀ ਦਿੱਤੀ. ਫਿਰ ਆਪਣੇ ਚਾਰੇ ਪੁੱਤਰ, ਪਿਆਰੇ ਸਿੱਖ, ਅੰਤ ਨੂੰ ਆਪਣਾ ਆਪ ਤੇ ਆਪਣਾ ਸਭ ਕੁਛ ਦੇਸ਼, ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ.

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਦਾ ਸ਼ਿਖਰ ਉਸ ਵਕਤ ਉਭਰ ਕੇ ਸਾਹਮਣੇ ਆਉਂਦਾ ਹੈ ਜਿਸ ਵਕਤ ਗੁਰੂ ਜੀ ਅਕਾਲ ਪੁਰਖ ਤੋਂ ਇਹੀ ਵਰਦਾਨ ਮੰਗਦੇ ਹਨ ਕਿ ਹੇ ਪ੍ਰਭੂ ਮੈਨੂੰ ਸਮਰਥਾ ਦਿਉ ਕਿ ਮੈਂ ਆਪਣਾ ਅੰਤਮ ਸੁਆਸ ਦੇਸ਼ ਧਰਮ ਦੇ ਸ਼ੁਭ ਕਰਮਾਂ ਲਈ ਨਿਸ਼ਾਵਰ ਕਰ ਦਿਆ. ਸ਼ੁਭ ਕਰਮ ਲਈ ਪੂਰਨ ਵਿਸ਼ਵਾਸ ਅਤੇ ਜਿੱਤ ਵਿੱਚ ਪੂਰੇ ਭਰੋਸੇ ਦੀ ਮੰਗ ਕੀਤੀ.

ਗੁਰੂ ਜੀ ਨੇ ਡਿੱਗੀ ਹੋਈ ਕੌਮ ਦੀ ਮੁਰਦਾ ਰੂਹ ਵਿਚ ਇਕ ਜੋਸ਼ ਭਰਿਆ. ਆਪ ਭਾਰਤ ਵਰਸ਼ ਵਿੱਚ ਧਾਰਮਕ ਤੇ ਰਾਜਸੀ ਕਰਾਂਤੀ ਪੈਦਾ ਕਰਨ ਵਾਲੇ ਸਨ. ਆਪ ਜੀ ਅਤਿਆਚਾਰ ਨੂੰ ਹਮੇਸ਼ਾ ਲਈ ਜੜ੍ਹਾਂ ਤੋਂ ਖਤਮ ਕਰਨ ਵਾਲੇ ਅਤੇ ਅਕਾਲ ਪੁਰਖ ਦੀ ਰਜਾ ਅੰਦਰ ਖਾਲਸੇ ਦੀ ਸਾਜਨਾ ਕਰਨ ਵਾਲੇ ਇੱਕ ਯੁਗ ਪੁਰਸ਼ ਸਨ. ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਹਮੇਸ਼ਾ ਆਪਣੀਆਂ ਕੁਰਬਾਨੀਆਂ ਦੇ ਲਈ ਅਮਰ ਰਹਿਣਗੇ.
ਹੋਰ ਵੀ
ਗੁਰੂ ਗੋਬਿੰਦ ਸਿੰਘ ਜੀ ਦਾ ਨਾਦਾਤਮਕ ਸੰਸਾਰ
ਸਤਿਗੁਰ ਸੇਵੇ ਤਾ ਮੁਕਤ ਹੋਵੇ
ਸੱਚਾ ਪ੍ਰੇਮ ਪਿਆਰ ਗੁਰ ਪੁਰੇ ਤੇ ਪਾਈਐ
ਤੂੰ ਸਮਰਥ ਵੱਡਾ
ਸ਼੍ਰੀ ਦਸ਼ਮੇਸ਼ ਜੀ ਦਾ ਆਦਰਸ਼
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ