ਡਾ. ਗੁਰਨਾਮ ਸਿੰਘ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਨਵੀ ਸੰਸਕ੍ਰਿਤੀ ਪ੍ਰਤੀ ਯੋਗਦਾਨ ਬਹੁਮੁਖੀ ਤੇ ਬਹੁਦਿਸ਼ਾਵੀ ਹੈ. ਜਿਸ ਨੂੰ ਸਮੇਂ ਸਮੇਂ ਵਿਚਾਰਕ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਿਤ ਅਤੇ ਵਿਆਖਿਆਤ ਕਰਦੇ ਰਹੇ ਹਨ. ਪਰੰਤੂ ਉਹਨਾਂ ਦੇ ਜੀਵਨ ਅਤੇ ਰਚਨਾਵਾਂ ਤੋਂ ਪ੍ਰਗਟ ਹੋਣ ਵਾਲੇ ਵਿਵਿਧ ਅਕਾਰੀ ਸੰਗੀਤ ਰੂਪਾਂ ਦਾ ਉਲੇਖ ਨਹੀਂ ਮਿਲਦਾ. ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਵਕਾਲੀ ਸੰਗੀਤ ਪਰੰਪਰਾਵਾਂ ਉਤੇ ਝਾਤ ਮਾਰੀਏ ਤਾਂ ਗੁਰੂ ਗੋਬਿੰਦ ਸਿੰਘ ਕਾਲ ਤਕ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ, ਦਰਬਾਰੀ ਸੰਗੀਤ ਦੇ ਰੂਪ ਵਿਚ ਮੂਲ ਭਾਰਤੀ ਕਲਾਤਮਿਕ ਪਰਯੋਜਨ ਤੋਂ ਦੂਰਾਡੇ ਜਾ ਆਪਣਾ ਨਵੇਕਲਾ ਮਨੋਰੰਜਕ ਸਰੂਪ ਗ੍ਰਹਿਣ ਕਰ ਚੁੱਕੀ ਸੀ.
ਇਸ ਪਰੰਪਰਾ ਦੇ ਪ੍ਰਮੁੱਖ ਪ੍ਰਤਿਨਿਧ ਸੰਗੀਤ ਸਮਰਾਟ ਤਾਨਸੈਨ ਨੂੰ ਸਵੀਕਾਰਿਆ ਜਾ ਸਕਦਾ ਹੈ. ਇਸ ਦੇ ਨਾਲ ਹੀ ਸੁਆਮੀ ਹਰੀਦਾਸ ਵਰਗੇ ਅਧਿਆਤਮਕ ਸੇਵੀ ਸੰਗੀਤਕਾਰ ਭਾਰਤੀ ਪਰੰਪਰਾ ਦੇ ਮੋਕਸ਼ਵਾਦੀ ਉਪਦੇਸ਼ ਨੂੰ ਆਪਣੇ ਸੰਗੀਤ ਦੁਆਰਾ ਜੀਵੰਤ ਰਖ ਰਹੇ ਹਨ. ਸੰਤਾ ਭਗਤਾਂ ਦੁਆਰਾ ਆਪਣੀ ਬਾਣੀ ਦੇ ਪਰਚਾਰ ਪਰਸਾਰ ਲਈ ਸੰਗੀਤ ਦਾ ਪ੍ਰਯੋਗ ਇਸ ਵਿਸ਼ਾਲ ਪਰੰਪਰਾ ਦੀ ਧਾਰਣੀ ਸੀ. ਸੂਫੀ ਸੰਤਾਂ ਵਿਸ਼ੇਸ਼ ਕਰਕੇ ਪੰਜਾਬੀ ਸੂਫੀ ਸੰਤਾਂ ਦੁਆਰਾ ਆਪਣੇ ਕਲਾਮ ਲਈ ਸੰਗੀਤ ਦਾ ਪ੍ਰਯੋਗ ਪੰਜਾਬ ਦੀ ਸੰਗੀਤ ਪਰੰਪਰਾ ਸੰਗ ਇਕਮਿਕ ਹੋ ਕੇ ਨਵਾਂ ਰੂਪ ਗ੍ਰਹਿਣ ਕਰ ਰਿਹਾ ਸੀ. ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੂਹ ਗੁਰੂ ਸਹਿਬਾਨਾਂ ਦੁਆਰਾ ਸਥਾਪਿਤ ਅਤੇ ਪਰਚਲਿਤ ਗੁਰਮਤਿ ਸੰਗੀਤ ਪਰੰਪਰਾ ਆਪਣੇ ਪੂਰੇ ਵਿਵਹਾਰਿਕ ਜਲੌ ਵਿਚ ਸੀ.
ਇਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤਕ ਉਨ੍ਹਾਂ ਦੇ ਸੰਸਕ੍ਰਿਤਕ ਆਲੇ ਦੁਆਲੇ ਵਿਚ ਸੰਗੀਤ ਦੇ ਬਹੁਵਿਧ ਰੂਪ ਪ੍ਰਚਲਿਤ ਸਨ. ਗੁਰੂ ਗੋਬਿੰਦ ਸਿੰਘ ਜੀ ਜਿਥੇ ਮਾਨਵੀ ਜੀਵਨ ਦੀਆਂ ਧਾਰਮਕ, ਸਮਾਜਕ, ਰਾਜਨੀਤਕ ਅਤੇ ਵਿਦਿਅਕ ਉਚ ਕੀਮਤਾਂ ਦੀ ਸੁਆਮੀ ਪ੍ਰਤਿਭਾ ਦੇ ਮਾਲਕ ਸਨ ਉਥੇ ਕਾਵਿ ਅਤੇ ਸੰਗੀਤ ਵਰਗੀਆਂ ਸੂਖਮ ਅਤੇ ਸੰਵੇਦਨਸ਼ੀਲ ਕਲਵਾਂ ਦੇ ਇਸਤੇਮਾਲ ਨੂੰ ਸਿੱਖੀ ਜੀਵਨ ਦਾ ਅਨਿੱਖੜ ਅੰਗ ਬਨਾਉਣ ਲਈ ਵਿਵਹਾਰਕ ਰੂਪ ਵਿਚ ਸਫਰ ਅਗਾਜ਼ ਕਰ ਚੁੱਕੇ ਸਨ ਜੋ ਕਿ ਉਨ੍ਹਾਂ ਦੇ ਜੀਵਨ ਕਾਲ ਤੋਂ ਪ੍ਰਗਟ ਹੈ.
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਤੋਂ ਪੂਰਵਲੇ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਸਥਾਪਿਤ ਗੁਰਮਤਿ ਸੰਗੀਤ ਪਰੰਪਰਾ ਨੂੰ ਵਿਵਹਾਰਿਕ ਰੂਪ ਵਿੱਚ ਦ੍ਰਿੜਾਉਣ ਦੇ ਅਨੇਕ ਇਤਿਹਾਸਕ ਹਵਾਲੇ ਮਿਲਦੇ ਹਨ ਜਿੰਨ੍ਹਾਂ ਨੂੰ ਗੁਰੂ ਸਾਹਿਬ ਨੇ ਮਰਿਯਾਦਤ ਰੂਪ ਵਿੱਚ ਦ੍ਰਿੜਾਇਆ. ਅਨੰਦਪੁਰ ਸਾਹਿਬ ਵਿਖੇ ਸ਼ਬਦ ਕੀਰਤਨ ਦਾ ਪਸਰਾ ਜੰਗਾ ਯੁੱਧਾਂ ਦੇ ਕਠਿਨ ਸਮਿਆਂ ਵਿਚ ਵੀ ਸ਼ਬਦ ਕੀਰਤਨ ਜੀ ਜੋਤ ਨੂੰ ਜਾਗਰਤ ਰਖਣਾ ਆਪ ਦੀ ਇਸੇ ਪ੍ਰਤਿਬੱਧਤਾ ਦੀ ਲਖਾਇਕ ਹੈ.
ਭਾਈ ਸੱਦੂ ਤੇ ਭਾਈ ਮੱਦੂ ਆਪ ਦੇ ਦਰਬਾਰ ਦੇ ਪਰਮੁੱਖ ਕੀਰਤਨੀਏ ਸਨ. ਆਪ ਦੁਆਰਾ ਕੀਰਤਨ ਹਿਤ ਤਾਨ ਪੁਰੇ ਦਾ ਪ੍ਰਯੋਗ ਅਤੇ ਤੰਤੀ ਸਾਜਾਂ ਦੁਆਰਾ ਕੀਰਤਨ ਨੂੰ ਉਤਸਾਹਿਤ ਕਰਨਾ ਗੁਰਮਤਿ ਸੰਗੀਤ ਲਈ ਵਿਸ਼ੇਸ਼ ਯੋਗਦਾਨ ਹੈ. ਵਿਵਹਾਰਕ ਰੂਪ ਵਿਚ ਗੁਰਮਤਿ ਸੰਗੀਤ ਪਰੰਪਰਾ ਨੂੰ ਵਿਭਿੰਨ ਸ਼ਬਦਾਂ ਦਾ ਸੰਗੀਤ ਪਰਬੰਧ ਮੂਲ ਤੌਰ ਤੇ ਗੁਰਮਤਿ ਸੰਗੀਤ ਪਰਬੰਧ ਦਾ ਅਨੁਸਾਰੀ ਹੈ. ਵਿਸ਼ੇਸ਼ ਕਰਕੇ ਜੋਗੀਆਂ ਦੇ ਪ੍ਰਿਅ ਰਾਗ ਰਾਮਕਲੀ ਵਿਚ ਰਚਿਤ ਜੋਗ ਤੇ ਸੰਨਿਆਸ ਸੰਬੰਧੀ ਬਾਣੀ ਵਿਸ਼ੇਸ਼ ਹੈ.
ਦਸਮ ਗ੍ਰੰਥ ਦੀ ਬਾਣੀ ਵਿਚ ਪ੍ਰਯੁਕਤ ਸੰਗੀਤ ਛੰਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਦਾਤਮਕ ਸੰਸਾਰ ਦਾ ਉਤਕ੍ਰਿਸ਼ਟ ਨਮੂਨਾ ਹੈ. ਇਨ੍ਹਾਂ ਪਦਾਂ ਦੀ ਛੰਦਾਤਮਕ ਲੈਅ ਵਿਚ ਮਿਰਦੰਗ ਦੇ ਬੋਲਾਂ ਦੀ ਗੂੰਜ ਤੇ ਰਵਾਨਗੀ ਹੈ. ਮਿਰਦੰਗ ਦੀ ਪੜੰਤ ਵਾਗੂੰ ਇਨ੍ਹਾਂ ਬੋਲਾਂ ਦੀ ਸ਼ਬਦ ਧੁਨੀ ਤਾਲਾਤਮਕ ਨਾਦ ਉਤਪੰਨ ਕਰਦੀ ਹੈ.
ਗੁਰੂ ਗੋਬਿੰਦ ਸਿੰਘ ਜੀ ਦੀ ਪਰਸਿੱਧ ਰਚਨਾ ਖਿਆਲ ਪਾਤਿਸ਼ਾਹੀ 10 "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਪੰਜਾਬੀ ਸਾਹਿਤ ਜਗਤ ਵਿੱਚ ਉਚਤਮ ਕਾਵਿ ਨਮੂਨਾ ਹੈ ਜੋ ਵਿਦਵਾਨਾਂ ਦੇ ਵਿਚਾਰ ਗੋਚਰੇ ਨਹੀਂ ਆਇਆ. ਖਿਆਲ ਭਾਰਤੀ ਸੰਗੀਤ ਦੀ ਇਕ ਪ੍ਰਸਿੱਧ ਗਾਇਨ ਸ਼ੈਲੀ ਹੈ ਜਿਸ ਦਾ ਅਰੰਭਿਕ ਸਰੂਪ 15 ਵੀਂ ਸਦੀ ਦੇ ਕਰੀਬ ਵਿਕਸਤ ਹੋਇਆ ਮੰਨਿਆ ਜਾਂਦਾ ਹੈ.ਪਰੰਤੂ ਇਸ ਦੇ ਸਪਸ਼ਟ ਪਰਮਾਣ ਨਹੀਂ ਮਿਲਦੇ.
ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤੋਂ ਪੂਰਵ ਖਿਆਲ ਰਚਨਾ ਰਾਜਸਥਾਨ, ਜੋਨਪੁਰ, ਬੁੰਢੇਲ ਖੰਡ, ਰਹੇਲਖੰਡ ਆਦਿ ਇਲਾਕਿਆਂ ਵਿੱਚ ਲੋਕ ਸੰਗੀਤ ਦੀ ਇਕ ਵਿਧਾ ਵਜੋਂ ਪਰਚਾਰ ਵਿਚ ਸੀ. ਇਸ ਖਿਆਲ ਵਿੱਚ ਗੀਤ, ਅਭਿੰਨੈ ਅਤੇ ਨਿਰਤ ਦਾ ਸਮਾਵੇਸ਼ ਹੁੰਦਾ ਸੀ. ਇਸ ਖਿਆਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਸ਼ਾਹ ਸਦਾਰੰਗ ਨੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਕਾਲ ਵਿੱਚ ਅਪਣਾਇਆ. ਸਦਾਰੰਗ ਨੇ ਪੰਜਾਬੀ ਭਾਸ਼ਾ ਵਿੱਚ ਅਨੇਕ ਖਿਆਲਾਂ ਦੀ ਰਚਨਾ ਕੀਤੀ ਪਰੰਤੂ ਜੋ ਅੱਜ ਤਕ ਸ਼ਾਸਤਰੀ ਸੰਗੀਤ ਵਿੱਚ ਪਰਚਾਰ ਵਿਚ ਹੈ. ਸ਼ਾਹ ਸਦਾਰੰਗ ਦੀਆਂ ਇਹ ਰਚਨਾਵਾਂ ਮੂਲ ਰੂਪ ਵਿੱਚ ਪੰਜਾਬੀ ਵਿਚ ਮਿਲਆਂ ਜੁਲੀਆਂ ਹਨ.
ਸਦਾ ਰੰਗ ਨੂੰ ਇਹ ਪ੍ਰੇਰਣਾ ਕਿਥੋਂ ਮਿਲੀ ਇਸ ਬਾਰੇ ਸਪਸ਼ਟ ਰੂਪ ਵਿੱਚ ਕਹਿਣਾ ਭਾਵੇਂ ਕਠਿਨ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਖਿਆਲ ਪਾਤਿਸ਼ਾਹੀ 10 ਸਿਰਲੇਖ ਅਧੀਨ ਰਚਿਤ ਇਹ ਰਚਨਾ ਦੀ ਪ੍ਰੋਢ ਸ਼ੈਲੀ ਤੋਂ ਇਹ ਪ੍ਰਤੱਖ ਹੈ ਕਿ ਇਸ ਗਾਇਨ ਰੂਪ ਦਾ ਸ਼ਾਹ ਸਦਾਰੰਗ ਤੋਂ ਪਹਿਲਾਂ ਰਚੇ ਜਾਣਾ ਅਤੇ ਪ੍ਰਸਿੱਧ ਹੋ ਜਾਣਾ ਖਿਆਲ ਸ਼ੈਲੀ ਦੇ ਵਰਤਮਾਨ ਸਰੂਪ ਦਾ ਅਗਾਜ ਕਿਹਾ ਜਾ ਸਕਦਾ ਹੈ. ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਵ ਕਾਲੀਨ ਕੋਈ ਪਰਮਾਣਿਕ ਰਚਨਾ ਅਤੇ ਸਾਨੂੰ ਪ੍ਰਾਪਤ ਨਹੀਂ ਹੋ ਸਕੀ.
ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਭਾਰਤੀ ਸੰਗੀਤ ਦੀ ਸ਼ਬਦਾਵਲੀ ਦੇ ਅਨੇਕ ਰੂਪਾਂ ਦਾ ਵਿਵਿਧਅਕਾਰੀ ਪਰਯੋਗ ਇਉਂ ਮਿਲਦਾ ਹੈ. ਢੋਲ, ਮ੍ਰਿਦੰਗ, ਨਗਾਰੇ, ਸੰਖ, ਧੁਨੀ, ਕੋਲਾਹਲ, ਰਾਗ, ਗੰਧਰਵ, ਡੰਡੀ, ਰਾਗ ਰਸਾਲੂ, ਤਾਨ ਤਰੰਗ, ਤਾਲ ਗੀਤ ਆਦਿ ਸ਼ਬਦ ਗੂੜ ਸੰਗੀਤ ਕਸਮ ਦੀ ਉਪਜ ਹਨ. ਫੱਗਣ ਦੀ ਰੁਤ ਵਿਚ ਹੌਲੀ ਖੇਡਣ ਨੂੰ "ਖੇਲਤ ਧਮਾਹ" ਕਹਿਣਾ ਉਸ ਸਮੇਂ ਦੀ ਪ੍ਰਸਿੱਧ ਗਾਇਨ ਸ਼ੈਲੀ ਧਗਾਹ ਸੰਬੰਧੀ ਜਾਣਕਾਰੀ ਨੂੰ ਹੀ ਨਹੀਂ ਦਿਖਾਉਂਦੀ ਸਗੋਂ ਉਸ ਸ਼ੈਲੀ ਵਸਤੂ ਨੂੰ ਵੀ ਅਤੀ ਕਲਾ ਕੋਸ਼ਲਤਾ ਨਾਲ ਦਰਸਾਇਆ ਗਿਆ ਹੈ.
ਸ਼੍ਰੀ ਸਰਬ ਲੋਹ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਬਾਰੇ ਤਾਂ ਵਿਦਵਾਨ ਕਿੰਤੂ ਪਰੰਤੂ ਕਰਦੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਅਤੇ ਕਾਲ ਨਾਲ ਜੁੜੀ ਇਸ ਰਚਨਾ ਵਿੱਚ ਸੰਗੀਤ ਦਾ ਇਕ ਵਿਸ਼ਾਲ ਸਰਮਾਇਆ ਮੌਜੂਦ ਹੈ ਜਿਸ ਵਿੱਚ ਅਨੇਕ ਰਾਗਾਂ, ਰਾਗ ਪਰਕਾਰਾਂ ਦਾ ਜਿਕਰ ਹੈ. ਉਦਾਹਰਣ ਦੇ ਤੌਰ ਤੇ ਇਹ ਰਾਗ ਅਤੇ ਰਾਗ ਪਰਕਾਰ ਇਸ ਤਰ੍ਹਾਂ ਹਨ. ਰਾਗ- ਸਾਰੰਗ, ਗਉਰੀ, ਭੈਰਉ, ਰਾਮਕਲੀ, ਗੂਜਰੀ, ਪ੍ਰਭਾਤੀ, ਧਨਾਸਾਰੀ, ਬਿਲਾਵਲ, ਤੇਲੰਗ, ਤੁਖਾਰੀ, ਕੇਦਾਰ, ਆਸਾ ਆਦਿ. ਅਤੇ ਰਾਗ ਪਰਕਾਰ- ਧਨਾਸਰੀ ਅੰਬਿਕਾ, ਨਟ ਨਰਾਇਣ, ਬਿਲਾਵਲ ਮੰਗਲ, ਆਸਾ ਕਾਫੀ, ਗੋਡ ਬਿਲਾਵਲ ਆਦਿ.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਰਚਨਾ ਤੇ ਅਧਾਰਿਤ ਉਨ੍ਹਾਂ ਦੇ ਨਾਦਾਤਮਕ ਸੰਸਾਰ ਦੀਆਂ ਕੁੱਝ ਪਰਤਾਂ ਨੂੰ ਸੰਖੇਪ ਰੂਪ ਵਿਚ ਵੇਖਣ ਦਾ ਇਹ ਜਤਨ ਅਰੰਭਕ ਹੀ ਹੈ. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰਤੇ ਗਏ ਰਾਗ, ਗਾਇਨ ਰੂਪ, ਸੰਗੀਤ ਛੰਦ, ਸੰਗੀਤ ਪਸਾਰੇ ਦਾ ਵਿਸ਼ਲੇਸ਼ਣ ਗਹਿਰ ਗੰਭੀਰ ਅਧਿਐਨ ਤੇ ਖੋਜ ਦੀਆਂ ਅਸੀਮ ਸੰਭਾਵਨਾਵਾਂ ਰਖਦਾ ਹੈ.
|