ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਦਾ ਰੌਨਕ ਲੱਗੀ ਰਹਿੰਦੀ ਸੀ. ਇਥੇ ਸੰਗਤ ਦਾ ਕੱਠ ਵੇਖ ਕੇ ਕੁੱਝ ਠੱਗ ਵੀ ਅਨੰਦਪੁਰ ਸਾਹਿਬ ਆ ਪੁੱਜੇ. ਉਹਨਾਂ ਨੇ ਆਪਣਾ ਵੇਸ਼ ਸੰਤਾ ਵਾਲਾ ਬਣਾ ਲਿਆ. ਉਹਨਾਂ ਨੇ ਲੋਕਾਂ ਨਾਲ ਧੋਖਾ ਕਰਨਾ ਸ਼ੁਰੂ ਕਰ ਦਿੱਤਾ.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਤਾਂ ਲੰਗਰ ਚਲਦਾ ਹੀ ਸੀ. ਇਹਨਾਂ ਠੱਗਾ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਲੈ ਕੇ ਸੰਗਤ ਤੋਂ ਰਾਸ਼ਨ ਮੰਗਨਾ ਸ਼ੁਰੂ ਕਰ ਦਿੱਤਾ ਅਤੇ ਸਹਾਇਤਾ ਰੂਪ ਵਿੱਚ ਦਾਨ ਵੀ ਮੰਗਦੇ, ਪਰ ਇਹ ਲੋਕ ਲੰਗਰ ਵਿੱਚ ਸੇਵਾ ਨਹੀਂ ਕਰਦੇ. ਇਹ ਗਰੀਬਾਂ ਨੂੰ ਬਗੈਰ ਲੰਗਰ ਛਕਾਏ ਭਜਾ ਦਿੰਦੇ ਤੇ ਅਮੀਰ ਇਨਸਾਨ ਨੂੰ ਵੇਖ ਕੇ ਲਾਲਚ ਵਿੱਚ ਉਸ ਦੀ ਚੰਗੀ ਸੇਵਾ ਕਰਦੇ.
ਉਹਨਾਂ ਦੀ ਇਹਨਾਂ ਕਰਮਾਂ ਦੀ ਸ਼ਿਕਾਇਤ ਗੁਰੂ ਸਾਹਿਬ ਜੀ ਅੱਗੇ ਕੀਤੀ ਗਈ. ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਉਹ ਇਸ ਗੱਲ ਦਾ ਪਤਾ ਆਪ ਹੀ ਕਰਣਗੇ. ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਮ ਗਰੀਬ ਸਿੱਖ ਦਾ ਵੇਸ਼ ਬਣਾਇਆ ਅਤੇ ਰਾਤ ਨੂੰ ਉਹਨਾਂ ਲੰਗਰਾ ਵਿੱਚ ਚਲੇ ਗਏ.
ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਲੰਗਰਾ ਵਿੱਚ ਜਾ ਕੇ ਲੰਗਰ ਲਈ ਬੇਨਤੀ ਕੀਤੀ ਤਾਂ ਅਤੇ ਤੋਂ ਲਾਂਗਰੀ ਨੇ ਬਹੁਤ ਕੌੜੀ ਭਾਸ਼ਾ ਵਿੱਚ ਕਹਿ ਦਿੱਤਾ ਕਿ ਲੰਗਰ ਵਾਧੇ ਪੈ ਗਿਆ ਹੈ. ਉਸ ਨੇ ਕਿਹਾ ਪਹਿਲਾਂ ਕਿਥੇ ਸੀ. ਗੁਰੂ ਸਾਹਿਬ ਜੀ ਕਹਿਣ ਲੱਗੇ ਮੈਂ ਦੀਵਾਨ ਵਿੱਚ ਸੀ ਗੁਰਬਾਣੀ ਸੁਣ ਰਿਹਾ ਸੀ, ਇਸ ਕਰਕੇ ਦੇਰ ਹੋ ਗਈ. ਲਾਂਗਰੀ ਇਹ ਗੱਲ ਸੁਣ ਕੇ ਗੁੱਸੇ ਵਿੱਚ ਕਹਿਣ ਲਗਿਆ ਅਸੀਂ ਤੇਰੇ ਨੌਕਰ ਨਹੀਂ ਚਲ ਤੁਰਦਾ ਹੋ.
ਗੁਰੂ ਸਾਹਿਬ ਜੀ ਉਸ ਦੀ ਗੱਲ ਸੁਣ ਕੇ ਸ਼ਾਂਤ ਰਹੇ ਅਤੇ ਬਾਹਰ ਖੜੇ ਹੋ ਕੇ ਵੇਖਦੇ ਰਹੇ. ਕੁੱਝ ਦੇਰ ਬਾਅਦ ਦੋ ਗਰੀਬ ਸਿੰਘ ਹੋਰ ਆਏ ਉਹਨਾਂ ਨੇ ਲਾਂਗਰੀ ਨੂੰ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਲੰਗਰ ਛਕਣ ਦੀ ਇਛਾ ਪ੍ਰਗਟ ਕੀਤੀ. ਉਸ ਲਾਂਗਰੀ ਨੇ ਉਹਨਾਂ ਨੂੰ ਵੀ ਨਾ ਕਰ ਦਿੱਤੀ. ਪਰ ਕੁੱਝ ਹੀ ਦੇਰ ਵਿੱਚ ਇਕ ਅਮੀਰ ਵਪਾਰੀ ਆਇਆ ਉਸ ਲਾਂਗਰੀ ਨੇ ਉਸ ਨੂੰ ਲੰਗਰ ਛਕਾ ਦਿੱਤਾ. ਦਸ਼ਮੇਸ਼ ਪਿਤਾ ਜੀ ਸਭ ਕੁੱਝ ਵੇਖਦੇ ਰਹੇ.
ਇਸ ਤਰ੍ਹਾਂ ਉਹ ਸਾਰੇ ਲੰਗਰਾ ਵਿੱਚ ਗਏ ਜੋ ਗੁਰੂ ਸਾਹਿਬ ਜੀ ਦੇ ਨਾਮ ਤੇ ਠੱਗੀਆ ਹੋ ਰਹੀ ਸੀ, ਪਰ ਸਭ ਨੇ ਕੋਈ ਬਹਾਨਾ ਬਣਾ ਕੇ ਟਾਲ ਦਿੱਤਾ ਲੰਗਰ ਨਹੀਂ ਛਕਾਇਆ. ਆਖਿਰ ਵਿੱਚ ਭਾਈ ਨੰਦ ਲਾਲ ਦੁਆਰਾ ਜੀ ਕੀਤੀ ਜਾ ਰਹੀ ਲੰਗਰ ਦੀ ਸੇਵਾ ਵਿੱਚ ਪੁੱਜ ਗਏ. ਉਥੇ ਗੁਰੂ ਸਾਹਿਬ ਜੀ ਨੇ ਲੰਗਰ ਲਈ ਜਿਵੇਂ ਹੀ ਬੇਨਤੀ ਕੀਤੀ. ਨੰਦ ਲਾਲ ਜੀ ਨੇ ਉਹਨਾਂ ਨੂੰ ਬਹੁਤ ਪ੍ਰੇਮ ਅਤੇ ਸਤਕਾਰ ਨਾਲ ਬਿਠਾਇਆ ਅਤੇ ਲੰਗਰ ਤਿਆਰ ਕਰ ਕੇ ਛਕਾਇਆ. ਜਦ ਗੁਰੂ ਸਾਹਿਬ ਜੀ ਲੰਗਰ ਛਕ ਰਹੇ ਸੀ ਨੰਦ ਲਾਲ ਜੀ ਗੁਰੂ ਜਸ ਕਰਦੇ ਹੀ ਰਹੇ. ਕਲਗੀਧਰ ਮਹਾਰਾਜ ਜੀ ਨੰਦ ਲਾਲ ਜੀ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਤੇ ਵਾਪਸ ਦਰਬਾਰ ਸਾਹਿਬ ਵਿੱਚ ਆ ਗਏ.
ਸਵੇਰ ਹੋਣ ਤੇ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਸਾਰੇ ਲਾਂਗਰੀਆ ਨੂੰ ਬੁਲਾਇਆ ਅਤੇ ਸਾਰੇ ਲਾਂਗਰੀ ਦਰਬਾਰ ਵਿੱਚ ਪੁੱਜ ਗਏ. ਗੁਰੂ ਸਾਹਿਬ ਜੀ ਨੇ ਉਹਨਾਂ ਲਾਂਗਰੀਆ ਨੂੰ ਪੁੱਛਿਆ ਕਿਉ ਭਾਈ ਸਿੱਖੋ ਆਪ ਆਈ ਗਈ ਸਾਰੀ ਸੰਗਤ ਦੀ ਸੇਵਾ ਕਰ ਰਹੇ ਹੋ? ਉਹਨਾਂ ਵਿਚੋ ਇੱਕ ਬੋਲਿਆ ਹਾਂ ਪਾਤਸ਼ਾਹ ਜੀ ਲੰਗਰ ਅਟੁਤ ਚੱਲਦੇ ਹਨ. ਅਸੀਂ ਕਿਸੇ ਯਾਤਰੂ ਨਾ ਭੁਖਾ ਨਹੀਂ ਮੋੜਦੇ. ਜੇ ਸਾਡੀ ਕਿਸੇ ਨੇ ਸ਼ਿਕਾਇਤ ਕੀਤੀ ਹੈਂ ਤਾਂ ਈਰਖਾ ਨਾਲ ਕੀਤੀ ਹੋਣੀ ਹੈ. ਅਸੀਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਸੇਵਾ ਕਰਦੇ ਹਾਂ.
ਇਹ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਉਣ ਲੱਗੇ ਅਤੇ ਕਹਿਣ ਲੱਗੇ ਦਾਤਾ ਰਾਮ ਕੱਲ ਆਪ ਜੀ ਕੋਲ ਇੱਕ ਸਿੱਖ ਆਇਆ ਸੀ ਜਿਸ ਨੇ ਸਾਡਾ ਨਾਮ ਦਾ ਵਾਸਤਾ ਪਾ ਕੇ ਪ੍ਰਸ਼ਾਦਾ ਮੰਗਿਆ ਸੀ. ਦਾਤਾ ਰਾਮ ਕਹਿਣ ਲਗਿਆ ਆਇਆ ਸੀ ਸੱਚੇ ਪਾਤਸ਼ਾਹ ਪਰ ਉਸ ਸਮੇਂ ਲੰਗਰ ਛਕਾਇਆ ਜਾ ਚੁਕਾ ਸੀ ਇਸ ਲਈ ਉਸ ਨੂੰ ਮੋੜ ਦਿੱਤਾ ਪਰ ਕੋਈ ਮਾੜਾ ਸ਼ਬਦ ਨਹੀਂ ਬੋਲਿਆ.
ਗੁਰੂ ਸਾਹਿਬ ਜੀ ਨੇ ਉਸ ਦੀ ਗੱਲ ਸੁਣਨ ਦੇ ਬਾਅਦ ਕਿਹਾ ਕਿ ਪ੍ਰੇਮ ਵਾਲਾ ਤਾਂ ਕੋਈ ਸ਼ਬਦ ਨਹੀਂ ਕਿਹਾ ਸੀ. ਉਸ ਦੇ ਬਾਅਦ ਜੋ ਯਾਤਰੂ ਆਏ ਤੁਸੀਂ ਉਹਨਾਂ ਨੂੰ ਵੀ ਪਰਸ਼ਾਦਾ ਨਹੀਂ ਛਕਾਇਆ ਅਤੇ ਉਸ ਦੇ ਬਾਅਦ ਇੱਕ ਸੇਠ ਆਇਆ ਸੀ, ਉਸ ਨੂੰ ਪਰਸ਼ਾਦਾ ਛਕਾਇਆ ਅਤੇ ਉਸ ਤੋਂ ਲੰਗਰ ਲਈ ਸਹਾਇਤਾ ਵੀ ਲਈ.
ਦਾਤਾ ਰਾਮ ਸ਼ਰਮਿੰਦਾ ਹੋ ਗਿਆ. ਗੁਰੂ ਸਾਹਿਬ ਜੀ ਕਹਿਣ ਸਭ ਕੁੱਝ ਅਸੀਂ ਆਪ ਵੇਖਿਆ ਹੈ ਉਹ ਸਿੱਖ ਹੋਰ ਕੋਈ ਨਹੀਂ ਅਸੀਂ ਸੀ. ਕੇਵਲ ਨੰਦ ਲਾਲ ਜੀ ਨੇ ਪ੍ਰੇਮ ਨਾਲ ਸੇਵਾ ਕੀਤੀ, ਬਾਕਿ ਸਾਰਿਆ ਨੇ ਤਾਂ ਬਹਾਨੇ ਬਣਾ ਕੇ ਨਾ ਕਰ ਦਿੱਤੀ. ਤੁਸੀਂ ਸਾਰੇ ਲੰਗਰ ਨਹੀਂ ਦੁਕਾਨਾ ਚਲਾ ਰਹੇ ਹੋ. ਅੱਗੇ ਤੋਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਸੰਗਤ ਤੋਂ ਰਾਸ਼ਨ ਲੈ ਕੇ ਸੇਵਾ ਨਹੀਂ ਕਰੇਗਾ ਨਰਕ ਵਿੱਚ ਜਾਵੇਗਾ. ਇਸ ਲਈ ਅੱਗੇ ਤੋਂ ਕੋਈ ਵੀ ਗੁਰੂ ਘਰ ਵਿੱਚ ਧੋਖਾ ਕਰਨ ਦੀ ਕੋਸ਼ਿਸ਼ ਨਾ ਕਰੇ.
ਸਾਰੇ ਦੋਸ਼ੀਆਂ ਨੇ ਗੁਰੂ ਸਾਹਿਬ ਜੀ ਤੋਂ ਖਿਮਾ ਮੰਗੀ.ਉਹਨਾਂ ਨੇ ਕਿਹਾ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸਾਨੂੰ ਬਖਸ਼ੋ ਅਸੀਂ ਅੱਗੇ ਤੋਂ ਇਹ ਪਾਪ ਨਹੀਂ ਕਰਾਂਗੇ. ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਪਰਵਾਣ ਕੀਤੀ ਅਤੇ ਉਹਨਾਂ ਨੂੰ ਖਿਮਾ ਬਖਸ਼ੀ.
|