ਕਹਿੰਦੇ ਹਨ ਰੱਖੜੀ ਦੀ ਡੋਰ ਭੈਣ ਭਰਾ ਨੂੰ ਇੱਕ ਮਜਬੂਤ ਰਿਸ਼ਤੇ ਨਾਲ ਜੋੜਦੀ ਹੈ, ਪਰ ਮੇਰਾ ਆਪਣਾ ਵਿਚਾਰ ਇਹ ਹੈ ਕਿ ਇਸ ਰਿਸ਼ਤੇ ਵਿੱਚ ਕਿਸੀ ਡੋਰ ਦੀ ਲੋੜ ਹੀ ਨਹੀਂ ਇਹ ਰਿਸ਼ਤਾ ਦਾ ਹਰ ਇਨਸਾਨ ਦੇ ਜਨਮ ਨਾਲ ਹੀ ਜੁੜਿਆ ਹੁੰਦਾ ਹੈ. ਮੈਨੂੰ ਮੇਰੇ ਜੀਵਨ ਵਿੱਚ ਬਗੈਰ ਇਸ ਡੋਰ ਨੂੰ ਬੰਨੇ ਹੀ ਇੱਕ ਬਹੁਤ ਪਿਆਰਾ ਵੀਰ ਮਿਲਿਆ.
ਗੱਲ ਅੱਜ ਤੋ ਤਿੰਨ ਸਾਲ ਪਹਿਲਾਂ ਦੀ ਹੈ ਮੈ ਟ੍ਰੇਨ ਰਾਹੀਂ ਇੰਦੌਰ ਤੋਂ ਪੰਜਾਬ ਜਾ ਰਹੀ ਸੀ. ਰਾਹ ਵਿੱਚ ਭੋਪਾਲ ਸ਼ਹਿਰ ਤੋ ਇੱਕ ਵੀਰਜੀ ਜਿਹਨਾਂ ਦੀ ਉਮਰ ਲੱਗਭੱਗ 30 ਸਾਲਾਂ ਦੀ ਹੋਵੇਗੀ ਜੋ ਪੁਲੀਸ ਮਹਿਕਮੇ ਵਿੱਚ ਸਨ. ਸਾਡੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠੇ. ਉਹਨਾਂ ਨਾਲ ਇੱਕ ਹੋਰ ਬੁਜਰਗ ਜੋ ਉਹਨਾਂ ਨਾਲ ਕਿਸੀ ਕੇਸ ਦੇ ਲਈ ਭੋਪਾਲ ਆਏ ਸੀ. ਪਹਿਲਾਂ ਤਾਂ ਸਾਡੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕਿਸੇ ਅਜਨਬੀ ਨਾਲ ਗੱਲ ਵੀ ਕੀ ਕਰ ਸਕਦੇ ਹਾਂ?
ਪਰ ਹੋਲੀ ਹੋਲੀ ਅਸੀਂ ਧਰਮ ਅਤੇ ਆਮ ਵਿਸ਼ੇ ਤੇ ਗੱਲ ਕਰਨ ਲੱਗੇ. ਫਿਰ ਮੈਂ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਅਸੀਂ ਇੱਕ ਦੁੱਜੇ ਨੂੰ ਬਹੁਤ ਸਮੇਂ ਤੋਂ ਜਾਣਦੇ ਹਾਂ. ਵੀਰਜੀ ਦੀ ਦੀ ਮੀਠੀ ਬੋਲੀ, ਉਹਨਾਂ ਦੀ ਸ਼ਰਾਫਤ ਤੇ ਈਮਾਨਦਾਰੀ ਉਹਨਾਂ ਦੀ ਗੱਲਾਂ ਤੋਂ ਸਾਫ ਝਲਕਦੀ ਸੀ. ਮੈ ਤੇ ਵੀਰਜੀ ਸਾਰੀ ਰਾਤ ਹੀ ਟ੍ਰੇਨ ਵਿੱਚ ਗੱਲ ਕਰਦੇ ਰਹੇ. ਇਹ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲ ਰਹੀ ਹਾਂ.
ਉਸ ਦੇ ਬਾਅਦ ਸਵੇਰੇ ਜਦੋਂ ਅਸੀਂ ਅੰਬਾਲਾ ਪਹੁੰਚੇ ਵੀਰ ਜੀ ਸਾਡਾ ਵੀ ਸਮਾਨ ਚੁੱਕ ਕੇ ਥੱਲੇ ਉਤਰੇ. ਮੇਰੇ ਵੀਰ ਵਾਲਾ ਉਹ ਹਰ ਕੰਮ ਕਰ ਰਹੇ ਸੀ. ਇਹ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਇਹ ਮੇਰੇ ਸਕੇ ਵੀਰ ਨਹੀਂ ਹਨ. ਹੁਣ ਸਮਾਂ ਸੀ ਸਾਡੇ ਵਿਛੜਣ ਦਾ. ਮੈਂ ਕਦੀ ਨਹੀਂ ਸੋਚਿਆ ਸੀ ਕਿ ਮੇਰਾ ਵੀਰਜੀ ਨਾਲ ਦੁਬਾਰਾ ਸੰਪਰਕ ਵੀ ਹੋਵੇਗਾ. ਪਰ ਟ੍ਰੇਨ ਵਿੱਚ ਅਸੀਂ ਇੱਕ ਦੁੱਜੇ ਦੇ ਫੋਨ ਨੰਬਰ ਜੋ ਲਏ ਸੀ ਉਹਨਾਂ ਨਾਲ ਅਸੀਂ ਤਿੰਨ ਸਾਲਾਂ ਤੋਂ ਸੰਪਰਕ ਵਿੱਚ ਹਾਂ ਮੈਂ ਕਈ ਵਾਰ ਸੋਚ ਕੇ ਵੀ ਵੀਰ ਜੀ ਨੂੰ ਫੋਨ ਲਗਾਉਣ ਦਾ ਸਮਾਂ ਨਹੀਂ ਕੱਢ ਪਾਉਂਦੀ ਪਰ ਵੀਰ ਜੀ ਲਗਾਤਾਰ ਮੈਨੂੰ ਫੋਨ ਕਰਦੇ ਹਨ.
ਹੁਣ ਅਸੀਂ ਆਪਣੇ ਹਰ ਸੁੱਖ ਦੁੱਖ ਤੇ ਹਰ ਗੱਲ ਨੂੰ ਆਪਸ ਵਿੱਚ ਸਾਂਝੀ ਕਰਦੇ ਹਾਂ. ਅੱਜ ਤੱਕ ਮੈ ਵੀਰਜੀ ਨੂੰ ਰੱਖੜੀ ਨਹੀਂ ਬੰਨ੍ਹੀ ਪਰ ਆਪਣੀ ਹਰ ਗੱਲ ਵੀਰ ਜੀ ਨੂੰ ਜਰੂਰ ਦੱਸਦੀ ਹਾਂ ਅਤੇ ਵੀਰ ਜੀ ਵੀ ਹਰ ਗੱਲ ਦੱਸਦੇ ਹਨ, ਜਿਸ ਦਿਨ ਵੀਰ ਜੀ ਦੇ ਘਰ ਬੇਟੇ ਨੇ ਜਨਮ ਲਿਆ ਸੀ ਉਸ ਦਿਨ ਬੱਚੇ ਦੇ ਜਨਮ ਦੇ ਕੁੱਝ ਦੇਰ ਬਾਅਦ ਹੀ ਵੀਰ ਜੀ ਨੇ ਮੈਨੂੰ ਭੁਆ ਬਣਨ ਦੀ ਵਧਾਈਆਂ ਦਿੱਤੀਆਂ ਅਤੇ ਬੱਚੇ ਦਾ ਨਾਮ ਵੀ ਮੇਰੇ ਤੋਂ ਹੀ ਰਖਾਇਆ.
ਮੇਰੇ ਘਰ ਵਿੱਚ ਅੱਜ ਸਭ ਵੀਰ ਜੀ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹਨ. ਉਹਨਾਂ ਦਾ ਮੰਮੀ ਪਾਪਾ ਦੇ ਲਈ ਸਤਕਾਰ ਸਭ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ. ਸਭ ਘਰ ਵਿੱਚ ਉਹਨਾਂ ਨੂੰ ਵੱਡੇ ਵੀਰ ਦਾ ਦਰਜਾ ਦਿੰਦੇ ਹਨ. ਮੈਂ ਅੱਜ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦੀ ਹਾਂ ਬਿਨਾ ਕਿਸੀ ਡੋਰ ਨੂੰ ਬੰਨ੍ਹੇ ਵੱਖ ਵੱਖ ਘਰਾਂ ਵਿੱਚ ਜਨਮ ਲੈ ਕੇ ਵੀ ਮੈਨੂੰ ਰੱਬ ਨੇ ਇਹਨਾਂ ਵਧਿਆ ਵੀਰ ਦਿੱਤਾ ਜਿਸ ਤੇ ਮੈਨੂੰ ਮਾਨ ਹੈ.
|