ਕਰਤਾਰ ਸਿੰਘ ਜੀ ਮੁੰਬਈ ਵਾਲੇ ਇਹ ਪ੍ਰੇਮ ਹੀ ਜੀਵਨ ਦਾ ਰਾਜ ਹੈ ਪ੍ਰਾਣਾਂ ਦੀ ਜੋਤੀ ਇਸ ਦੇ ਆਸਰੇ ਹੀ ਪ੍ਰਜਵਲਤ ਰਹਿੰਦੀ ਹੈ. ਇਹ ਕਈਆ ਦੇ ਅੰਦਰ ਉਤਸ਼ਾਹ ਬਣਕੇ ਖਿੜਦਾ, ਸੰਗੀਤ ਬਣ ਕੇ ਸੁਆਦ ਤੇ ਪੀੜਾ ਬਣ ਕੇ ਅਥਰੂ ਬਣ ਤੁਰਦਾ ਹੈ ਗੀਤ ਬਣ ਬੰਸਰੀਆ, ਸਾਰੰਗੀਆ ਦੇ ਰਾਹੀ ਗਾਇਆ ਜਾਂਦਾ ਰਿਹਾ ਹੈ. ਇਸ ਦਾ ਸਰੂਰ ਸਾਰਿਆ ਸਰੂਰਾਂ ਤੋਂ ਵਧੇਰੇ ਰਸੀਲਾ, ਇਸ ਦੇ ਸੰਗੀਤ ਦੀ ਮਧੁਰਤਾ ਮਨ ਮੋਹਣੀ ਇਸ ਦੇ ਨਸ਼ਈਆਂ ਨੇ ਇੱਕ ਇੱਕ ਘੁੱਟ ਤੋਂ ਬਾਦਸ਼ਾਹੀਆਂ ਵਾਰ ਦਿੱਤਿਆ.
ਜੀਵਨ ਦੀ ਇਸ ਅਵਸਥਾ ਵਿੱਚ ਪ੍ਰੇਮ ਪੰਧ ਇਸੇ ਤਰ੍ਹਾਂ ਹੀ ਜੀਵਨ ਦੀ ਅੰਤਿਮ ਅਵਸਥਾ ਵਿੱਚ ਜੋਤੀ ਵਿੱਚ ਜੋਤੀ ਮਿਲ ਜਾਂਦੀ ਹੈ. ਅੱਜ ਪਾਣੀ ਦੀ ਬੂੰਦ ਹੀ ਪਾਣੀ ਦਾ ਸਾਗਰ ਹੈ. ਇਸੇ ਤਰ੍ਹਾਂ ਜੀਵਨ ਦੀ ਜੋਤ ਹੀ ਜੋਤੀ ਸਰੂਪ ਸਾਗਰ ਹੋਵੇਗਾ. ਇਹ ਪ੍ਰੇਮਾ ਭਗਤੀ ਦਾ ਖਜਾਨਾ ਨਿਰੰਕਾਰ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਮਹਰਾਜ ਜੀ ਲੈ ਕੇ ਇਸ ਸੰਸਾਰ ਤੇ ਆਏ.
ਕਿਸੇ ਅਵਤਾਰ ਨੇ ਆਪਣੇ ਚੇਲਿਆ ਨੂੰ ਭੇਡਾਂ ਦੀ ਨਿਆਈ ਦੱਸਿਆ ਕਿਸੇ ਅਵਤਾਰ ਨੇ ਆਪਣੇ ਚੇਲਿਆ ਨੂੰ ਇਹ ਵਾਅਦਾ ਦਿੱਤਾ ਕਿ ਤੁਸੀਂ ਮੇਰੇ ਤੇ ਭਰੋਸਾ ਰੱਖੋ ਮੈ ਅੱਲਾ ਦੇ ਮੁਹਰੇ ਤੁਹਾਡੀ ਸਿਫਾਰਸ਼ ਕਰਾਂਗਾ. ਧੰਨ ਗੁਰੂ ਨਾਨਕ ਦੇਵ ਮਹਰਾਜ ਦੀ ਇਹ ਨਿਮਰਤਾ, ਜਲੀਮੀ ਕਿ ਸਾਰੇ ਸੰਸਾਰੀ ਜੀਵਾ ਨੂੰ "ਏਕ ਪਿਤਾ ਏਕਸ ਕੇ ਹਮ ਬਾਰਿਕ" ਦੇ ਨਾਲ ਗੱਲ ਲਾਇਆ.
ਜਾਤ-ਪਾਤ ਊਚ-ਨੀਚ ਅਮੀਰੀ-ਗਰੀਬੀ, ਛੋਟਾ-ਵੱਡਾ ਭੇਦ ਭਾਵਾਂ ਨੂੰ ਮਿਟਾ ਕੇ ਸਮਦਰਸ਼ੀ ਰਾਹ ਦਿਖਾਇਆ. ਹਰ ਇੱਕ ਜੀਵ ਵਿੱਚ ਪ੍ਰਮੇਸ਼ਵਰ ਦੀ ਜੋਤ, ਹਰ ਕਣ ਵਿੱਚ ਉਸ ਦੀ ਹੋਂਦ ਤੇ ਐਸੀ ਦ੍ਰਿਸ਼ਟੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀ ਹਰ ਜੀਵ ਦੀ ਝੋਲੀ ਵਿੱਚ ਪਾਈ.
ਦੁਨੀਆ ਦੇ ਵਿੱਚ ਸਤਿਗੁਰਾਂ ਤੋਂ ਪਹਿਲਾਂ ਤੇ ਅੱਜ ਵੀ ਇਹ ਪ੍ਰਸ਼ਨ ਹਰ ਮਨ ਵਿੱਚ ਉੱਠਦਾ ਹੈ ਕਿ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਜਿਸ ਦਾ ਉੱਤਰ ਗੁਰੂ ਨਾਨਕ ਦੇਵ ਜੀ ਦੀ ਜੋਤ ਦਸਵੇਂ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਰਾਜ ਨੇ ਆਪਣੀ ਪਾਵਨ ਰਚਨਾ ਵਿੱਚ ਦੁਨੀਆ ਦੇ ਹਰ ਮਨੁੱਖ ਨੂੰ ਬਖਸ਼ ਦਿੱਤੀ.
"ਸਾਚ ਕਹੌ ਸੁਣ ਲੈਇਓ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ"
ਧਾਰਮਿਕ ਵਿਦਵਾਨਾ ਨੇ ਆਤਮਿਕ ਦਰਸ਼ੀਆ ਨੇ ਇਹ ਨਿਰਣਾ ਦਿੱਤਾ ਕਿ ਬਗੈਰ ਪ੍ਰੇਮ ਤੋਂ ਭਗਤੀ ਅਧੂਰੀ ਹੈ ਤੇ ਭਗਤੀ ਨੂੰ ਸ਼ਿਖਰ ਤੱਕ ਪਹੁਚਾਉਣ ਵਾਸਤੇ ਪ੍ਰਭੂ ਮਿਲਾਪ ਲਈ ਬੇਹਦ ਪ੍ਰੇਮ ਦੀ ਜਰੂਰਤ ਹੈ ਤੇ ਜੋ ਵੀ ਜੀਵ ਪ੍ਰੇਮ ਨਾਲ ਸਾਧਨਾ, ਸੇਵਾ ਤੇ ਸਿਮਰਨ ਕਰਦਾ ਹੈ ਉਹ ਪ੍ਰਭੂ ਪ੍ਰਮੇਸ਼ਵਰ ਤੱਕ ਅਵੱਸ਼ ਪਹੁੰਚ ਜਾਂਦਾ ਹੈ, ਇਹ ਪ੍ਰੇਮ ਭਗਤੀ ਦਾ ਖਜਾਨਾ ਸਰਲ ਭਾਸ਼ਾ ਵਿੱਚ ਰੱਬੀ ਬਾਣੀ ਰਾਹੀ ਜਹਾਨ ਨੂੰ ਵੰਡਣ ਦਾ ਕਾਰਜ ਪ੍ਰਭੂ ਪਰਮਾਤਮਾ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸੌਪਿਆ.
|