ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਦ ਨੌਂ ਸਾਲਾਂ ਦੀ ਹੋਈ ਤਾਂ ਉਹਨਾਂ ਦਾ ਜਨੇਊ ਸੰਸਕਾਰ ਵਾਰੇ ਵਿਚਾਰ ਕੀਤਾ ਗਿਆ. ਇਸ ਸੰਸਕਾਰ ਦੇ ਲਈ ਇੱਕ ਦਿਨ ਤੈਅ ਕੀਤਾ ਗਿਆ ਅਤੇ ਸੰਬੰਧੀਆਂ ਨੂੰ ਸੱਦਾ ਭੇਜ ਦਿੱਤਾ ਗਿਆ.
ਤੈਅ ਕੀਤੇ ਗਏ ਦਿਨ ਤੇ ਪੰਡਿਤ ਹਰਦਿਆਲ ਪਹੁੰਚ ਗਏ. ਘਰ ਵਿੱਚ ਇੱਕ ਉੱਚੀ ਥਾਂ ਤੇ ਇਕ ਆਸਨ ਲਗਾਈਆ ਗਿਆ. ਪੰਡਿਤ ਜੀ ਮੰਤਰ ਪੜ੍ਹ ਕੇ ਉਸ ਦੇ ਆਲੇ ਦੁਆਲੇ ਲਕੀਰ ਖਿੱਚ ਕੇ ਉਸ ਤੇ ਬੈਠ ਗਏ ਸਾਹਮਣੇ ਗੁਰੂ ਸਾਹਿਬ ਜੀ ਨੂੰ ਬੈਠਾਇਆ ਗਿਆ. ਸਾਰੇ ਰਿਸ਼ਤੇਦਾਰ ਵੀ ਨਾਲ ਆ ਕੇ ਬੈਠ ਗਏ.
ਸਾਰੀਆਂ ਰਸਮਾਂ ਪੂਰੀਆਂ ਹੋਣ ਦੇ ਬਾਅਦ ਪੰਡਿਤ ਹਰਦਿਆਲ ਨੇ ਗੁਰੂ ਸਾਹਿਬ ਜੀ ਦੇ ਗੱਲ ਵਿੱਚ ਜਨੇਊ ਪਾਉਣ ਲਈ ਆਪਣੀ ਬਾਂਹ ਉੱਚੀ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ ਅਤੇ ਜਨੇਊ ਪਾਉਣ ਲਈ ਨਾਂਹ ਕਰ ਦਿੱਤੀ ਅਤੇ ਕਹਿਣ ਲੱਗੇ ਕਿ ਪਹਿਲਾਂ ਮੈਨੂੰ ਇਸ ਜਨੇਊ ਨੂੰ ਪਾਉਣ ਦਾ ਕੀ ਲਾਭ ਹੈ ਇਹ ਦੱਸੋ ਤੇ ਫਿਰ ਇਹ ਜਨੇਊ ਮੇਰੇ ਗੱਲ ਵਿੱਚ ਪਾਓ.
ਪੰਡਿਤ ਕਹਿਣ ਲੱਗੇ ਇਹ ਸਾਡੇ ਵਡੇਰਿਆਂ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਹੈ.ਜਦ ਤਕ ਉੱਚੀ ਜਾਤ ਦਾ ਮਨੁੱਖ ਇਸ ਜਨੇਊ ਨਹੀਂ ਪਾਉਂਦਾ ਉਹ ਨੀਚ ਹੀ ਰਹਿੰਦਾ ਹੈ. ਜਨੇਊ ਨੂੰ ਪਾਉਣ ਨਾਲ ਉਹ ਪਵਿੱਤਰ ਅਤੇ ਉੱਚ ਜਾਤ ਦਾ ਬਣ ਜਾਂਦਾ ਹੈ.
ਗੁਰੂ ਸਾਹਿਬ ਜੀ ਧਿਆਨ ਨਾਲ ਪੰਡਿਤ ਦੀ ਗੱਲ ਸੁਣ ਕੇ ਕਹਿਨ ਲੱਗੇ ਤੁਹਾਡੀ ਇਹ ਗੱਲਾ ਮੈਨੂੰ ਠੀਕ ਨਹੀਂ ਲੱਗਦੀ ਇਸ ਵਿੱਚ ਕੋਈ ਦਲੀਲ ਨਹੀਂ ਹੈ. ਨੀਚ ਤਾਂ ਉਹ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਕੰਮ ਕਰਦਾ ਹੈ ਅਤੇ ਮੰਦੇ ਕੰਮ ਕਰਦਾ ਹੈ. ਇਕ ਪਾਪੀ ਇਹ ਧਾਗਾ ਪਾ ਕੇ ਕਿਵੇਂ ਉੱਚੀ ਜਾਤੀ ਦਾ ਬਣ ਸਕਦਾ ਹੈ.
ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਬਿਬੇਕ ਦੀ ਗੱਲ ਨਹੀਂ ਹੈ ਜਦ ਇਸ ਜਨੇਊ ਦੇ ਪਾਉਣ ਦਾ ਲਾਭ ਤੁਸੀਂ ਮੈਨੂੰ ਨਹੀਂ ਦੱਸ ਸਕਦੇ ਮੈਂ ਜਨੇਊ ਨਹੀਂ ਪਾਵਾਂਗਾ. ਇਹ ਜਿਹੜਾ ਜਨੇਊ ਤੁਸੀਂ ਪਾਉਣ ਲਈ ਕਹਿ ਰਹੇ ਹੋ ਇਹ ਕਪਾਹ ਦੇ ਰੂੰ ਨੂੰ ਕੱਤ ਕੇ ਬਣਾਇਆ ਗਿਆ ਹੈ ਇਹ ਧਾਗਾ ਤਾਂ ਕੁੱਝ ਦੇਰ ਬਾਅਦ ਹੀ ਮੈਲਾ ਹੋ ਜਾਵੇਗਾ ਤੇ ਟੁੱਟ ਵੀ ਜਾਵੇਗਾ. ਜਦ ਮਨੁੱਖ ਇਸ ਸੰਸਾਰ ਨੂੰ ਛੱਡ ਕੇ ਜਾਏਗਾ ਤਾਂ ਇਹ ਧਾਗਾ ਇਥੇ ਹੀ ਰਹਿ ਜਾਵੇਗਾ. ਮੈਨੂੰ ਤਾਂ ਅਜਿਹਾ ਜਨੇਊ ਪਾਓ ਜੇੜਾ ਮੇਰੇ ਨਾਲ ਸਦਾ ਰਹੇ. ਜੇ ਹੈ ਅਜਿਹਾ ਜਨੇਊ ਤੁਹਾਡੇ ਕੋਲ ਤਾਂ ਮੈਨੂੰ ਪਾ ਦਿਓ.
ਪੰਡਿਤ ਜੀ ਦੇ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਿਆ ਕਿ ਆਤਮਾ ਦਾ ਜਨੇਊ ਕਿਸ ਤਰ੍ਹਾਂ ਦਾ ਹੁੰਦਾ ਹੈ? ਫਿਰ ਗੁਰੂ ਸਾਹਿਬ ਜੀ ਨੇ ਕਿਹਾ ਉਹ ਜਨੇਊ ਜਿਸ ਨੂੰ ਬਣਾਉਣ ਲਈ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ ਜਤ ਰੂਪੀ ਗੰਢ ਅਤੇ ਸਤਾ ਰੂਪੀ ਵੱਟ ਦੀ ਵਰਤੋਂ ਕੀਤੀ ਹੋਵੇ ਇਹ ਜਨੇਊ ਆਤਮਾ ਦਾ ਜਨੇਊ ਬਣ ਜਾਂਦਾ ਤੇ ਇਸ ਨੂੰ ਪਾਉਣ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ.
|