ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਅਤੇ ਨਾਮ-ਦਾਨ ਦੀ ਵਰਖਾ ਕਰਦੇ ਹੋਏ ਹਰਿਦੁਆਰ ਪੁੱਜ ਗਏ. ਹਰਦੁਆਰ ਪਹੁੰਚ ਕੇ ਉਹ 'ਖੁਸ਼ੰਵਤ ਘਾਟ' ਗਏ. ਉਥੇ ਪਹੁੰਚ ਕੇ ਉਹਨਾਂ ਵੇਖਿਆ ਕਿ ਦੁਨੀਆ ਵਿਚਲੇ ਹਰ ਵਰਗ ਦੇ ਲੋਕ ਉਥੇ ਆਪਣੇ ਪਿੱਤਰਾਂ ਨੂੰ ਮੁਕਤੀ ਦਿਲਵਾਉਣ ਲਈ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਨਦੀ ਵਿਚਕਾਰ ਖੜੇ ਹੋ ਕੇ ਇੰਝ ਮਲ-ਮਲ ਕੇ ਨਹ੍ਹਾ ਰਹੇ ਸਨ ਕਿ ਮੰਨੋ ਆਪਣੇ ਕਿਤੇ ਪਾਪਾਂ ਦੀ ਮੈਲ ਉਤਾਰ ਰਹੇ ਹੋਣ. ਗੁਰੂ ਜੀ ਨੇ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਨਾਟਕ ਕਰਨ ਦੀ ਸੋਚੀ.
ਤਰਕਾਲਾਂ ਦਾ ਸਮਾਂ ਸੀ. ਸੂਰਜ ਪੂਰਬ ਵੱਲੋਂ ਹੌਲੀ-ਹੌਲੀ ਚੱੜ ਰਿਹਾ ਸੀ. ਸਾਰੇ ਸੂਰਜ ਦੇ ਚੜਦੇ ਸਾਰ ਸੂਰਜ ਨੂੰ ਪਾਣੀ ਦੇਣ ਲੱਗੇ. ਗੁਰੂ ਨਾਨਕ ਦੇਵ ਜੀ ਵੀ ਆਪਣੇ ਕੱਪੜੇ ਕੁੱਝ ਉਪੱਰ ਚੁੱਕ ਕੇ ਨਦੀ ਵਿੱਚ ਚੱਲੇ ਗਏ ਅਤੇ ਜਾ ਕੇ ਲੋਕਾਂ ਤੋਂ ਉਲਟ ਪਾਸੇ ਪੱਛਮ ਵਿੱਚ ਖੜੇ ਹੋ ਕੇ ਜ਼ੋਰ ਜ਼ੋਰ ਨਾਲ ਪਾਣੀ ਦੇਣ ਲੱਗੇ. ਸਾਰੇ ਯਾਤਰੀ ਅਤੇ ਸ਼ਰਧਾਲੂ ਉਹਨਾਂ ਵੱਲ ਵੇਖਣ ਲੱਗੇ. ਗੁਰੂ ਜੀ ਲਗਾਤਾਰ ਪਾਣੀ ਦਿੰਦੇ ਰਹੇ. ਯਾਤਰੀਆਂ ਅਤੇ ਸ਼ਰਧਾਲੂਆਂ ਨੇ ਉਹਨਾਂ ਨੂੰ ਭੋਲਾ- ਭਾਲਾ ਸੱਮਝਦੇ ਹੋਏ ਕਿਹਾ ਕਿ ਸੂਰਜ ਤਾਂ ਪੂਰਬ ਵੱਲ ਨਿਕਲ ਰਿਹਾ ਹੈ ਤੇ ਤੁਸੀਂ ਪੱਛਮ ਵੱਲ ਨੂੰ ਪਾਣੀ ਕਿਉਂ ਦੇ ਰਹੇ ਹੋ.
ਕੁੱਝ ਦੇਰ ਤਾਂ ਗੁਰੂ ਜੀ ਕੁੱਝ ਨਾ ਬੋਲੇ ,ਫਿਰ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਪੁੱਛਣ ਲੱਗੇ ਕਿ ਉਹ ਪੂਰਬ ਵੱਲ ਪਾਣੀ ਕਿਉਂ ਦੇ ਰਹੇ ਹਨ? ਤਾਂ ਜਵਾਬ ਮਿਲਿਆ ਕਿ ਅਸੀਂ ਆਪਣੇ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਸੂਰਜ ਨੂੰ ਪਾਣੀ ਦੇ ਰਹੇ ਹਾਂ. ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਪਿੱਤਰ ਕਿਥੇ ਵੱਸਦੇ ਹਨ ਅਤੇ ਕੀ ਉਥੋਂ ਤੱਕ ਪਾਣੀ ਪੁੱਜ ਜਾਵੇਗਾ. ਤਾਂ ਯਾਤਰੀ ਬੋਲੇ ਉਹ ਤਾਂ ਸਾਡੇ ਤੋਂ ਬਹੁਤ ਦੂਰ ਦੂਜੇ ਦੇਸ਼ ਵਿੱਚ ਰਹਿੰਦੇ ਹਨ ,ਸ਼ਾਇਦ ਲੱਖਾਂ- ਕਰੋੜਾਂ ਕੋਹ ਦੂਰ,ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕਦੇ. ਇਹ ਗੱਲ ਸੁਣ ਕੇ ਗੁਰੂ ਜੀ ਨੇ ਫਿਰ ਪਾਣੀ ਦੇਣਾ ਸ਼ੁਰੂ ਕਰ ਦਿੱਤਾ.
ਸ਼ਰਧਾਲੂਆਂ ਨੇ ਕਿਹਾ ਤੁਸੀਂ ਸਾਡੇ ਤੋਂ ਤਾਂ ਸਭ ਕੁੱਝ ਪੁੱਛ ਲਿਆ ਪਰ ਤੁਸੀਂ ਨਹੀਂ ਦੱਸਿਆ ਕਿ ਤੁਸੀਂ ਪੱਛਮ ਵਿੱਚ ਪਾਣੀ ਕਿਉਂ ਦੇ ਰਹੇ ਹੋ. ਗੁਰੂ ਜੀ ਨੇ ਕਿਹਾ ਕਿ ਮੇਰੇ ਖੇਤ ਪੱਛਮ ਵੱਲ ਹਨ ਤੇ ਉਥੇ ਸੋਕਾ ਆਇਆ ਹੋਇਆ ਹੈ ਇਸ ਲਈ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ. ਯਾਤਰੀਆਂ ਨੇ ਪੁਛਿਆ ਕਿ ਤੁਹਾਡੇ ਖੇਤ ਇਥੋਂ ਕਿੰਨੀ ਦੂਰ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਢਾਈ- ਤਿੰਨ ਕੋਹ ਦੂਰ ਹੋਣਗੇ. ਤਾਂ ਸ਼ਰਧਾਲੂ ਹੱਸ ਪਏ ਅਤੇ ਕਹਿਣ ਲੱਗੇ 'ਓਏ ਭੋਲੇ ਇਨਸਾਨ,ਇਹ ਪਾਣੀ ਜੋ ਤੁੰ ਦੇ ਰਿਹਾ ਹੈ ਇਹ ਤਾਂ ਨਦੀ ਵਿੱਚ ਹੀ ਵਾਪਸ ਪੈ ਰਿਹਾ ਹੈ,ਤੇਰੇ ਖੇਤਾਂ ਤੱਕ ਨਹੀਂ ਪੁੱਜ ਰਿਹਾ ਜੋ ਕਿ ਢਾਈ-ਤਿੰਨ ਕੋਹ ਦੂਰ ਹਨ.'
ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜੇ ਤੁਹਾਡਾ ਦਿੱਤਾ ਪਾਣੀ ਤੁਹਾਡੇ ਪਿੱਤਰਾਂ ਤੱਕ ਦੂਜੇ ਦੇਸ਼ ਵਿੱਚ ਪਹੁੰਚ ਸਕਦਾ ਹੈ ਤਾਂ ਕਿ ਮੇਰਾ ਦਿੱਤਾ ਪਾਣੀ ਇਥੋਂ ਸਿਰਫ ਢਾਈ- ਤਿੰਨ ਕੋਹ ਦੂਰ ਖੇਤਾਂ ਤੱਕ ਨਹੀਂ ਪਹੁੰਚ ਸਕਦਾ. ਇਹ ਸੁੱਣ ਕੇ ਸ਼ਰਧਾਲੂਆਂ ਅਤੇ ਯਾਤਰੀਆਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਨਦੀ ਤੋਂ ਬਾਹਰ ਨਿਕਲ ਕੇ ਗੁਰੂ ਜੀ ਦੇ ਚਰਣੀ ਲੱਗ ਗਏ.
|