ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੰਨ ਗੁਰੂ ਨਾਨਕ
ਇਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧਰਮ ਦਾ ਪ੍ਰਚਾਰ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚੇ. ਉਥੇ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਇਕ ਬ੍ਰਾਹਮਣ ਮੱਥੇ ਉਤੇ ਟਿੱਕਾ ਲਾਈ ਜਨੇਊ ਪਾਈ ਅਤੇ ਧੋਤੀ ਬੰਨ੍ਹ ਕੇ ਭੋਜਨ ਤਿਆਰ ਕਰ ਰਿਹਾ ਸੀ. ਉਸ ਪੰਡਿਤ ਨੇ ਆਪਣੇ ਚੌਂਕੇ ਦੇ ਆਲੇ ਦੁਆਲੇ ਲਕੀਰ ਫੇਰੀ ਹੋਈ ਸੀ.

ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਬ੍ਰਾਹਮਣ ਦੀ ਸੁੱਚ ਭਿੱਟ ਦਾ ਨਿਸਤਾਰਾ ਕਰਨ ਲਈਉਸ ਬ੍ਰਾਹਮਣ ਦੇ ਚੌਂਕੇ ਵਿੱਚ ਦਾਖਲ ਹੋ ਕੇ ਕਹਿਣ ਲੱਗੇ, ਪੰਡਿਤ ਜੀ ਮੈਨੂੰ ਵੀ ਇਕ ਬਲਦਾ ਕੋਲਾ ਦੇ ਦਿਓ, ਮੈ ਵੀ ਰਸੋਈ ਤਿਆਰ ਕਰ ਲਵਾ.

ਜਦ ਬ੍ਰਾਹਮਣ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਚੌਂਕੇ ਅੰਦਰ ਵੇਖਿਆ ਤਾਂ ਉਹ ਵੀ ਕੋਇਲੇ ਵਾਂਗ ਹੀ ਮੱਚ ਗਿਆ ਅਤੇ ਗੁੱਸੇ ਵਿੱਚ ਬੋਲਿਆ ਤੂੰ ਮੇਰਾ ਚੌਂਕਾ ਭਿੱਟ ਦਿੱਤਾ ਹੈ ਮੇਰੀ ਸਮੱਗਰੀ ਭਿੱਟ ਗਈ ਮੇਰੀ ਮਿਹਨਤ ਖਰਾਬ ਹੋ ਗਈ ਮੈ ਪਹਿਲਾਂ ਪੋਚਾ ਫੇਰਿਆ ਫਿਰ ਲਕੀਰ ਮਾਰ ਕੇ ਲਕੜਾਂ ਨੂੰ ਧੋਤਾ ਅਤੇ ਸੁਕਾਇਆ, ਫਿਰ ਸਾਰੇ ਬਰਤਨ ਮਾਂਝ ਕੇ ਆਪ ਇਸ਼ਨਾਨ ਕਰ ਕੇ ਰਸੋਈ ਤਿਆਰ ਕੀਤੀ, ਪਰ ਤੂੰ ਅੰਦਰ ਵੜ ਕੇ ਸਭ ਭ੍ਰਿਸ਼ਟ ਕਰ ਦਿੱਤਾ.

ਗੁਰੂ ਸਾਹਿਬ ਜੀ ਬ੍ਰਾਹਮਣ ਦੀ ਗੱਲ ਸ਼ਾਂਤੀ ਨਾਲ ਸੁਣ ਦੇ ਰਹੇ ਫਿਰ ਕਹਿਣ ਲੱਗੇ ਪੰਡਿਤ ਜੀ ਧੀਰਜ ਕਰੋ ਮੈਂ ਤਾਂ ਕੇਵਲ ਇਕ ਬਲਦਾ ਕੋਲਾ ਮੰਗਿਆ ਹੈ ਮੈਂ ਤੁਹਾਡੀ ਕਿਸੇ ਵਸਤੁ ਨੂੰ ਹੱਥ ਵੀ ਨਹੀਂ ਲਗਾਈਆ. ਤੁਸੀਂ ਤਾਂ ਏਨੇ ਧਰਮੀ ਅਤੇ ਉਪਕਾਰੀ ਹੋ ਮੈਂ ਤਾਂ ਕੋਲਾ ਮੰਗਿਆ ਤੇ ਆਪ ਕੋਲਾ ਦੋਣ ਦੇ ਬਦਲੇ ਕੋਲੇ ਵਾਂਗ ਮੱਚ ਰਹੇ ਹੋ. ਕੀ ਕਿਸੇ ਦੇ ਨੇੜੇ ਆਉਣ ਨਾਲ ਹੀ ਸਭ ਕੁੱਝ ਭਿੱਟਿਆ ਜਾਂਦਾ ਹੈ.

ਬ੍ਰਾਹਮਣ ਕਰੋਧ ਵਿਚ ਬੋਲਿਆ ਕੀ ਮੈਂ ਤੁਹਾਡੇ ਵਰਗੇ ਬੰਦਿਆ ਦੀ ਖਾਤਰ ਆਪਣਾ ਜਨਮ ਭ੍ਰਿਸ਼ਟ ਕਰਾ ਲਵਾਂ, ਇੱਕ ਉੱਚ ਜਾਤੀ ਦਾ ਬ੍ਰਾਹਮਣ ਆਪਣਾ ਧਰਮ ਗਵਾ ਲਵੇ?ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕੀ ਤੁਸੀਂ ਸਮਝ ਰਹੇ ਹੋ ਕਿ ਤੁਸੀਂ ਚੌਂਕੇ ਵਿੱਚ ਇਕੱਲੇ ਬੈਠੇ ਹੋ ਅਤੇ ਸੁੱਚੇ ਹੋ, ਮੈਂ ਤਾਂ ਇਹ ਵੇਖ ਰਿਹਾ ਹਾਂ ਕਿ ਤੁਹਾਡੇ ਨਾਲ ਨੀਚ ਤੋਂ ਨੀਚ ਜਾਤ ਦੇ ਚਾਰ ਵਿਅਕਤੀ ਵੀ ਬੈਠੇ ਹਨ.

ਬ੍ਰਾਹਮਣ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਬੋਲਿਆ ਮੈਂ ਤਾਂ ਇਥੇ ਇਕੱਲਾ ਹਾਂ, ਚਾਰ ਨੀਚ ਵਿਅਕਤੀ ਮੇਰੇ ਕੋਲ ਕੌਣ ਹਨ? ਗੁਰੂ ਸਾਹਿਬ ਜੀ ਕਹਿਣ ਲੱਗੇ ਤੁਹਾਡੀਆਂ ਅੱਖਾਂ ਅੱਗੇ ਅਗਿਆਨਤਾ ਦਾ ਪਰਦਾ ਪਇਆ ਹੈ ਜਿਸ ਦੇ ਕਾਰਣ ਤੁਸੀਂ ਕੁੱਝ ਵੇਖ ਨਹੀਂ ਸਕਦੇ. ਇਹਨਾਂ ਚਾਰ ਨੀਚਾਂ ਵਾਰੇ ਮੈਂ ਦੱਸਦਾ ਹਾਂ.

ਪਹਿਲਾਂ ਭੈੜੀ ਬੁੱਧੀ ਜਿਸ ਨਾਲ ਅਸੀਂ ਭੈੜੇ ਕੰਮ ਕਰਦੇ ਹਾਂ ਦੂਜਾ ਹੋਰਨਾਂ ਦੀ ਨਿੰਦਾ ਕਰਨਾ ਤੀਜਾ ਪਾਪਾਂ ਦੀ ਮੈਲ ਇੱਕਠੀ ਕਰਨੀ ਚੌਥਾ ਕ੍ਰੋਧ ਜਿਸ ਦੇ ਕਾਰਣ ਤੁਸੀਂ ਕੋਲੇ ਵਾਂਗ ਮੱਚ ਰਹੇ ਹੋ. ਇਹ ਸਭ ਤੁਹਾਡੇ ਅੰਦਰ ਹਨ ਤਾਂ ਫਿਰ ਤੁਸੀਂ ਦੱਸੋ ਕਿ ਤੁਸੀਂ ਸੁੱਚੇ ਕਿਵੇਂ ਹੋਏ?

ਬ੍ਰਾਹਮਣ ਨੂੰ ਸਮਝ ਆ ਗਈ ਉਸ ਨੇ ਗੁਰੂ ਸਾਹਿਬ ਜੀ ਤੋਂ ਖਿਮਾ ਮੰਗੀ ਅਤੇ ਵਹਿਮਾ ਤੋਂ ਅਜਾਦ ਹੋ ਗਿਆ.