‘ਯਾਰਾਂ ਨਾਲ ਬਹਾਰਾਂ’ ਕਹਿਣ ਨੂੰ ਤਾਂ ਇਹ ਸ਼ਬਦ ਬਿਲਕੁਲ ਛੋਟਾ ਜਿਹਿਆ ਹੈ ਪਰੰਤੂ ਜੇਕਰ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਨ੍ਹਾਂ ਸ਼ਬਦਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਕਹਿੰਦੇ ਨੇ ਬੁਰੇ ਸਮੇਂ ਵਿੱਚ ਯਾਰ ਜਾਂ ਅੰਮੀ ਜਾਏ ਹੀ ਕੰਮ ਆਉਂਦੇ ਹਨ, ਉਹ ਸਰਾਣੇ ਰੱਖੀ ਬੰਦੂਕ ਵਰਗੇ ਹੁੰਦੇ ਹਨ ਜੋ ਸਮਾਂ ਪੈਣ ਤੇ ਕੰਮ ਆਉਂਦੇ ਹਨ. ਪਰੰਤੂ ਸਮੇਂ ਦੇ ਨਾਲ ਨਾਲ ਹੁਣ ਹਰ ਚੀਜ਼ ਬਦਲ ਰਹੀ ਹੈ, ਉੱਥੇ ਹੀ ਇਹ ਰਿਸ਼ਤਾ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ.
ਬੇਸ਼ੱਕ ਹੁਣ ਪੂਰੇ ਵਿਸ਼ਵ ਵਿੱਚ ‘ਫਰੈਂਡਸ਼ਿਪ ਡੇ’ ਮਨਾਇਆ ਜਾ ਰਿਹਾ ਹੈ ਪਰੰਤੂ ਹੁਣ ਪਹਿਲਾਂ ਜਿਹੀਆਂ ਯਾਰੀਆਂ ਨਹੀਂ ਰਹਿ ਗਈਆਂ. ਇਸਦੇ ਵੀ ਕਈ ਕਾਰਣ ਹਨ ਜਿਵੇਂ ਅੱਜ ਦੇ ਸਮੇਂ ਵੀ ਲੋਕਾਂ ਦੀ ਜ਼ਰੂਰਤਾਂ ਵੱਧ ਗਈਆਂ ਅਤੇ ਅੱਜ ਹਰੇਕ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਮਸ਼ੀਨਰੀ ਯੁੱਗ ਦੇ ਵਿੱਚ ਮਸ਼ੀਨ ਬਣਨਾ ਪੈ ਰਿਹਾ ਹੈ. ਜਿਸਦੇ ਹੁਣ ਲੋਕਾਂ ਦੇ ਕੋਲ ਇਨ੍ਹਾਂ ਸਮਾਂ ਨਹੀਂ ਰਹਿ ਗਿਆ ਕਿ ਉਹ ਪਹਿਲਾਂ ਵਾਂਗ ਯਾਰੀਆਂ ਦਾ ਆਨੰਦ ਉਠਾ ਸਕਣ.
ਹੁਣ ਤਾਂ ਬੱਸ ਵਿਖਾਵੇ ਦੀਆਂ ਯਾਰੀਆਂ ਹਨ, ਜੇਕਰ ਉਹ ਵਿਅਕਤੀ ਕੋਲ ਹੈ ਤਾਂ ਸਾਡਾ ਸਭ ਤੋਂ ਵਧੀਆ ਮਿੱਤਰ ਜੇ ਨਹੀਂ ਤਾਂ ਉਸਦੇ ਨਾਲ ਸੰਪਰਕ ਕਰਨ ਵੇਲੇ ਵੀ ਹਿਚਕਚਾਹਟ ਮਹਿਸੂਸ ਹੁੰਦੀ ਹੈ.ਅੱਜਕੱਲ੍ਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਜੇਬ ਦੇ ਵਿੱਚ ਮੋਬਾਇਲ, ਮੋਬਾਇਲ ਵਿੱਚ ਯਾਰਾਂ ਮਿੱਤਰਾਂ ਦੇ ਨੰਬਰ ਪਰੰਤੂ ਉਨ੍ਹਾਂ ਨੰਬਰਾਂ ਤੇ ਗੱਲ ਕਰਨ ਦੀ ਫੁਰਸਤ ਹੀ ਨਹੀਂ.
ਇੱਕ ਸਮਾਂ ਹੁੰਦਾ ਸੀ ਸਾਡੇ ਬਜੁਰਗ ਬੜੇ ਮਾਣ ਦੇ ਨਾਲ ਕਹਿੰਦੇ ਹੁੰਦੇ ਸਨ ਕਿ ਉਹ ਵੇਖ ਫਲਾਣਾ ਸਿੰਘ ਮੇਰਾ ਲੋਗੰਟੀਆ ਯਾਰ ਹੈ ਜਾਂ ਪੱਗ ਵੱਟ ਯਾਰ, ਅੱਜਕੱਲ੍ਹ ਉਹ ਲਫ਼ਜ਼ ਹੀ ਨਹੀਂ ਲੱਭਦੇ ਉਹ ਗੂੜ੍ਹੇ ਸਾਕ ਕੀ ਲੱਭਣਗੇ. ਸਮੇਂ ਦੀ ਰਫ਼ਤਾਰ ਨਾਲ ਹੋਲੀ ਹੋਲੀ ਹਰ ਰਿਸ਼ਤੇ ਵਿੱਚ ਕੜੱਤਣ ਆ ਰਹੀ ਹੈ, ਭਾਵੇਂ ਉਹ ਦੋਸਤੀ ਦਾ ਰਿਸ਼ਤਾ ਹੋਵੇ, ਭਾਵੇ ਉਹ ਖੂਨ ਦਾ ਰਿਸ਼ਤਾ.
ਇੱਕ ਸਮਾਂ ਸੀ ਕਿ ਯਾਰ ਭਰਾਵਾਂ ਤੋਂ ਵੱਧਕੇ ਮੰਨਿਆ ਜਾਂਦਾ ਸੀ, ਭਰਾਵਾਂ ਤੋਂ ਪਰਦੇ ਰੱਖੇ ਜਾਂਦੇ ਸਨ ਪਰ ਯਾਰ ਕੋਲ ਹਰ ਦੁੱਖ ਰੋਇਆ ਜਾ ਸਕਦਾ ਸੀ ਕਿਉਂਕਿ ਉਸ ਵੇਲੇ ਯਾਰ ਤੇ ਰੱਬ ਜਿੰਨ੍ਹਾ ਭਰੋਸਾ ਹੁੰਦਾ ਸੀ, ਅੱਜਕੱਲ੍ਹ ਸੌ ਵਿੱਚੋਂ ਇੱਕ ਅੱਧਾ ਹੀ ਯਾਰੀ ਦਾ ਮੁੱਲ ਮੌੜਦਾ ਹੋਵੇਗਾ, ਉਹ ਵੇਲੇ ਲੱਦ ਗਏ ਜਦੋਂ ਹਜਾਰਾਂ ਵਿੱਚੋਂ ਇੱਕ ਘੁੱਕਰ ਵਰਗਾ ਯਾਰ ਮਾਰ ਕਰ ਜਾਂਦਾ ਸੀ, ਹੁਣ ਤਾਂ ਗਲੀ ਗਲੀ ਘੁੱਕਰ ਫਿਰਦੇ ਹਨ.
ਅੱਜਕੱਲ੍ਹ ‘ਮਦਰ ਡੇ’ ‘ਫ਼ਰੈਂਡਸ਼ਿਪ ਡੇ’ ‘ਫਾਦਰ ਡੇ’,‘ਵੈਲਨਟਾਈਨਡੇ’ ਇਤਨੇ ਦਿਨ ਹੋ ਗਏ ਕਿ ਯਾਦ ਵੀ ਨਹੀਂ ਰਹਿੰਦੇ, ਪਰੰਤੂ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਸਵੰਤਤਰ ਦਿਵਸ, ਗਣਤੰਤਰ ਦਿਵਸ ਭੁੱਲ ਸਕਦੀ ਹੈ ਪਰੰਤੂ ਫਰੈਂਡਸ਼ਿਪ ਡੇ ਅਤੇ ਵੈਲਨਟਾਈਨਡੇ ਨਹੀਂ ਭੁੱਲਦੀ ਕਿਉਂਕਿ ਇਸ ਦਿਨ ਦਾ ਫਾਇਦਾ ਉਠਾਕੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਦੋਸਤੀ ਕਰਦੇ ਹਨ. ਅੱਜਕੱਲ੍ਹ ਮੁੰਡੇ ਕੁੜੀਆਂ ਦੀ ਦੋਸਤੀ ਦਾ ਟਰੈਂਡ ਆ ਗਿਆ, ਇਹ ਰੁਝਾਨ ਭਾਰਤ ਦੀ ਬਦਲ ਰਹੀ ਤਸਵੀਰ ਨੂੰ ਬਿਆਨ ਕਰ ਰਿਹਾ ਹੈ.
|