ਭਾਰਤੀ ਸਮਾਜ ਦਾ ਤਾਣਾ-ਬਾਣਾ ਹੀ ਇੰਝ ਸਿਰਜਿਆ ਗਿਆ ਹੈ ਕਿ ਲੋਕ ਹਰ ਤਿਉਹਾਰ ਮੌਕੇ ਖੁਦ ਨੂੰ ਖੁਸ਼ ਮਹਿਸੂਸ ਕਰਦੇ ਹਨ.ਕਿਉਂ ਜੋ ਜੇਕਰ ਸਾਲ ਦੇ ਬਾਰ੍ਹਾਂ ਮਹੀਨੇ ਹਨ ਤਾਂ ਹਰ ਮਹੀਨੇ ਹੀ ਕੋਈ ਨਾ ਕੋਈ ਅਜਿਹਾ ਤਿਉਹਾਰ ਹੁੰਦਾ ਹੈ ਕਿ ਭਾਰਤ ਵਾਸੀ ਇੱਕ ਦੂਜੇ ਨੂੰ ਮਠਿਆਈਆਂ ਭੇਜਦੇ ਅਤੇ ਉਪਹਾਰ ਦਿੰਦੇ ਹਨ.
ਦੀਵਾਲੀ ਵੀ ਭਾਰਤ ਦਾ ਇੱਕ ਅਜਿਹਾ ਹੀ ਤਿਉਹਾਰ ਹੈ ਜਿਸ ਨੂੰ ਹਰ ਭਾਰਤਵਾਸੀ ਮਨਾਉਂਦਾ ਹੈ.ਖੁਸ਼ੀਆਂ ਦਾ ਸੁਨ੍ਹੇਹਾ ਦੇਣ ਵਾਲੇ ਇਸ ਤਿਉਹਾਰ ਵਾਲੇ ਦਿਨ, ਇਸ ਤੋਂ ਪਹਿਲਾਂ ਅਤੇ ਬਾਅਦ ਵਾਲੇ ਦਿਨ ਲੋਕ ਇੱਕ-ਦੂਜੇ ਨੂੰ ਮਿਠਾਇਆਂ ਦਿੰਦੇ ਅਤੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਹਨ.ਭਾਰਤ ਵਿਚ ਇਸ ਦੀ ਮਹਤੱਤਾ ਦਾ ਅੰਦਾਜਾ ਇਸ ਨੂੰ ਵੇਖ ਕੇ ਹੀ ਲਗਾਇਆ ਜਾਂਦਾ ਹੈ ਕਿ ਇਸ ਦਿਨ ਭਾਰਤ ਵਿਚ ਮਿਠਾਇਆਂ ਦੀ ਇੰਨੀ ਜਿਆਦਾ ਖਪਤ ਹੁੰਦੀ ਹੈ ਕਿ ਹਰ ਕੋਈ ਸੋਚਦਾ ਹੈ ਕਿ ਮੈਂ ਬਜਾਰ ਵਿਚੋਂ ਪਹਿਲਾਂ ਮਿਠਾਈ ਖਰੀਦ ਲਵਾਂ ਜਾਂ ਫਿਰ ਕਿਤੇ ਮੇਰੇ ਬਜਾਰ ਵਿਚ ਪੁੱਜਣ ਤੋਂ ਪਹਿਲਾਂ ਹੀ ਕੋਈ ਖਾਸ ਮਿਠਾਈ ਖਤਮ ਨਾ ਹੋ ਜਾਵੇ.
ਇਸ ਦਿਨ ਲੋਕ ਪਟਾਖੇ ਵੀ ਚਲਾਉਂਦੇ ਹਨ ਅਤੇ ਘਰਾਂ ਵਿਚ ਦੀਵੇ ਬਾਲਦੇ ਹਨ.ਭਗਵਾਨ ਰਾਮ ਵੱਲੋਂ ਵਨਵਾਸ ਕੱਟਣ ਮਗਰੋਂ ਅਯੁੱਧਿਆ ਵਾਪਸ ਪਰਤਣ ਦੀ ਖੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ.ਸਿੱਖ ਧਰਮ ਦੇ ਪੈਰੋਕਾਰ ਇਸ ਦਿਹਾੜੇ ਨੂੰ ਛੇਵੇਂ ਗੁਰੂ ਹਰਗੋਬਿੰਦ ਸਿੰਘ ਵੱਲੋਂ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਕੱਟ ਕੇ ਵਾਪਸ ਪਰਤਣ ਦੀ ਖੁਸ਼ੀ ਵਿਚ ਮਨਾਉਂਦੇ ਹਨ.ਇਸ ਦਿਨ ਉਹ ਵੀ ਆਪਣੇ ਘਰਾਂ ਵਿਚ ਦੀਵੇ ਬਾਲਦੇ ਹਨ.ਉਂਝ ਭਾਰਤ ਵਿਚ ਹਰ ਧਰਮ ਦੇ ਲੋਕ ਦੀਵਾਲੀ ਵਿਚ ਆਪਣੀ ਸ਼ਮੂਲੀਅਤ ਕਰਦੇ ਹਨ.ਲੋਕਾਂ ਨੂੰ ਤਾਂ ਭਾਰਤ ਦੇ ਇਸ ਤਿਉਹਾਰ ਦੀ ਇੰਨ੍ਹੀ ਖੁਸ਼ੀ ਹੁੰਦੀ ਹੈ ਕਿ ਉਹ ਆਪਣੇ ਘਰ, ਦੁਕਾਨਾਂ ਅਤੇ ਆਲੇਦੁਆਲੇ ਦੀ ਸਫਾਈ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਘਰ ਦਾ ਹਰ ਕੋਨਾ ਚਮਕ ਉੱਠੇ.
ਇਸ ਤੋਂ ਅਲਾਵਾ ਉਹ ਦੋ ਮਹੀਨੇ ਪਹਿਲਾਂ ਹੀ ਦਰਜੀਆਂ ਨੂੰ ਆਪਣੇ ਨਵੇਂ ਕੱਪੜੇ ਸਿਉਂਣ ਦੇ ਆਰਡਰ ਦੇ ਦਿੰਦੇ ਹਨ ਤਾਂ ਜੋ ਇਸ ਤਿਉਹਾਰ ਵਾਲੇ ਦਿਨ ਆਨੰਦ ਉਠਾਉਣ 'ਚ ਕਿਤੇ ਕੋਈ ਕਸਰ ਬਾਕੀ ਨਾ ਰਹਿ ਜਾਵੇ.ਇਸ ਤੋਂ ਅਲਾਵਾ ਜਿੰਨ੍ਹਾਂ ਲੋਕਾਂ ਨੇ ਦੀਵਾਲੀ ਤੋਂ ਦੋ-ਤਿੰਨ ਮਹੀਨ ਪਹਿਲਾਂ ਕੁੱਝ ਖਰੀਦਣਾ ਹੁੰਦਾ ਹੈ ਉਹ ਵੀ ਆਪਣੀ ਖਰੀਦ ਦਾਰੀ ਰੋਕ ਕੇ ਦੀਵਾਲੀ ਵਾਲੇ ਦਿਨਾਂ ਦੌਰਾਨ ਹੀ ਖਰੀਦਦਾਰੀ ਕਰਦੇ ਹਨ ਕਿਉਂ ਜੋ ਦੀਵਾਲੀ ਵਾਲੇ ਦਿਨਾਂ ਦੌਰਾਨ ਵੱਖ-ਵੱਖ ਕੰਪਨੀਆਂ ਕਈ ਕਿਸਮਾਂ ਦੀਆਂ ਛੂਟਾਂ ਅਤੇ ਕਰਜ਼ੇ ਵੀ ਪ੍ਰਦਾਨ ਕਰਦੀਆਂ ਹਨ.ਲੋਕ ਖੁਸ਼ੀਆਂ ਮਨਾਉਣ ਦੇ ਨਾਲ ਹੀ ਅਜਿਹੇ ਇਸ਼ਤਿਹਾਰਾਂ ਦਾ ਲਾਹਾ ਵੀ ਲੈਣਾ ਚਾਹੁੰਦੇ ਹਨ.ਸਰਕਾਰੂ ਅਤੇ ਪ੍ਰਾਇਵੇਟ ਕੰਪਨੀਆਂ ਦੇ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਉਡੀਕ ਹੁੰਦੀ ਹੈ ਕਿ ਕਦੋਂ ਦੀਵਾਲੀ ਆਵੇ ਅਤੇ ਕਦੋਂ ਇਸ ਤਿਉਹਾਰ ਮੌਕੇ ਉਹ ਆਪਣੇ ਘਰ ਜਾਣ ਅਤੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਖੁਸ਼ੀ ਦੇ ਮੌਕੇ ਦਾ ਆਨੰਦ ਮਾਣ ਸਕਣ.ਭਾਰਤ ਵਿਚ ਸੰਯੁਕਤ ਪਰਿਵਾਰਾਂ ਵਿਚ ਤਾਂ ਲੋਕ ਇਕੱਠੇ ਹੋ ਕੇ ਪਟਾਖੇ ਫੋੜਦੇ ਹਨ ਅਤੇ ਇੱਕ ਦੂਜੇ ਨੂੰ ਮਠਿਆਈ ਖੁਆਉਂਦੇ ਹਨ.ਹਿੰਦੂ ਪਰਿਵਾਰਾਂ ਵਿਚ ਤਾਂ ਦੀਵਾਲੀ ਦਾ ਆਨੰਦ ਲੱਛਮੀ, ਗਣੇਸ਼ ਅਤੇ ਮਾਂ ਸਰਸਵਤੀ ਦੀ ਪੂਜਾ ਕਰਨ ਮਗਰੋਂ ਹੀ ਮਨਾਇਆ ਜਾਂਦਾ ਹੈ.
ਪੰਜਾਬ ਵਿਚ ਤਾਂ ਅੰਮ੍ਰਿਤਸਰ ਸ਼ਹਿਰ ਦੀ ਦੀਵਾਲੀ ਜਿਆਦਾ ਵੇਖਣ ਯੋਗ ਹੁੰਦੀ ਹੈ ਕਿਉਂ ਜੋ ਇਸ ਦਿਨ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ.ਇਸ ਦਿਨ ਸਿੱਖ ਸ਼ਰਧਾਲੂ ਵਿਸ਼ਵ ਪ੍ਰਸਿੱਧ ਗੁਰਦੁਆਰੇ 'ਸ਼੍ਰੀ ਹਰਮੰਦਰ ਸਾਹਿਬ' ਵਿਖੇ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਅਰਦਾਸਾਂ ਕਰਦੇ ਹਨ.ਉਂਝ ਪੰਜਾਬ ਵਿਚ ਅੰਮ੍ਰਿਤਸਰ ਬਾਰੇ ਕਹਾਵਤ ਵੀ ਮਸ਼ਹੂਰ ਹੈ : " ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ' ਇਸ ਦਿਨ ਲੋਕ ਪਟਾਖੇ ਵੀ ਚਲਾਉਂਦੇ ਹਨ ਅਤੇ ਕਰੋੜਾਂ ਰੁਪਏ ਤਾਂ ਭਾਰਤੀ ਲੋਕ ਸਿਰਫ ਪਟਾਖਿਆਂ ਉੱਪਰ ਹੀ ਖਰਚ ਕਰ ਦਿੰਦੇ ਹਨ.ਭਾਰਤ ਵਿਚ ਪਟਾਖਿਆਂ ਦੀ ਖਪਤ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਿੰਨ੍ਹਾ ਬਾਰੂਦ ਇੱਕ ਲੜਾਈ ਲਈ ਲੋੜੀਂਦਾ ਹੁੰਦਾ ਹੈ ਉੰਨਾਂ ਬਾਰੂਦ ਤਾਂ ਭਾਰਤ ਦੇ ਲੋਕ ਦੀਵਾਲੀ ਵਾਲੇ ਦਿਨ ਹੀ ਸਾੜ੍ਹ ਦਿੰਦੇ ਹਨ.
ਲੋਕ ਦੀਵਾਲੀ ਦੇ ਜਸ਼ਨਾਂ ਵਿਚ ਉਲਝ ਤਾਂ ਜਾਂਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਕਈ ਵਾਰ ਦੀਵਾਲੀ ਦੇ ਜਸ਼ਨਾਂ ਦੀ ਇਹ ਲਾਪਰਵਾਹੀ ਉਹਨਾਂ ਲਈ ਮਹਿੰਗੀ ਵੀ ਸਾਬਤ ਹੋ ਸਕਦੀ ਹੈ.ਕਿਉਂ ਜੋ ਕਈ ਵਾਰ ਛੋਟੇ ਬੱਚੇ ਫੁਲਝੜੀਆਂ, ਵੱਡੇ ਪਟਾਖੇ ਅਤੇ ਆਤਸ਼ਬਾਜੀਆਂ ਚਲਾਉਣ ਵੇਲ੍ਹੇ ਲਾਪਰਵਾਹੀ ਵਰਤਦੇ ਹਨ ਜਿਸ ਕਾਰਣ ਉਹਨਾਂ ਨੂੰ ਸਰੀਰਕ ਨੁਕਸਾਨ ਪੁੱਜ ਸਕਦਾ ਹੈ.
ਇਸ ਤੋਂ ਬਚਣ ਲਈ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪਟਾਖੇ ਚਲਾਉਣ ਨਾਲ ਇੱਕ ਪਾਸੇ ਜਿੱਥੇ ਪ੍ਰਦੂਸ਼ਨ ਫੈਲਦਾ ਹੈ ਉੱਥੇ ਦੂਜੇ ਪਾਸੇ ਇਸ ਨਾਲ ਪੈਸਿਆਂ ਦੀ ਵੀ ਹਾਨੀ ਹੁੰਦੀ ਹੈ.ਜੇਕਰ ਬੱਚੇ ਨਾ ਮੰਨਣ ਤਾਂ ਮਾਪਿਆਂ ਨੂੰ ਉਹਨਾਂ ਨੂੰ ਛੋਟੇ ਪਟਾਖੇ ਖਰੀਦੇ ਕੇ ਦੇਣੇ ਚਾਹੀਦੇ ਹਨ ਅਤੇ ਉਹਨਾਂ ਦੇ ਨਾਲ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਅਨਹੋਣੀ ਤੋਂ ਬਚਿਆ ਜਾ ਸਕੇ.
ਇਸ ਤੋਂ ਅਲਾਵਾ ਕਈ ਵਾਰ ਤਾਂ ਅਸਮਾਜਕ ਅਤੇ ਗੁੰਡਾ ਅਣਸਰ ਸਾਡੇ ਦੁਸ਼ਮਣ ਦੇਸ਼ਾਂ ਦੇ ਉਕਸਾਵੇ ਵਿਚ ਆ ਕੇ ਕਿਸੇ ਵੱਡੀ ਘਟਨਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਰਹਿੰਦੇ ਹਨ.ਸਾਡੇ ਸੁਰੱਖਿਆ ਬਲ ਲਗਾਤਾਰ ਚੌਕਸੀ ਵਰਤਦੇ ਹੋਏ ਅਜਿਹੇ ਲੋਕਾਂ ਉੱਪਰ ਰੋਕ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਵਿਚ ਕਾਮਯਾਬ ਨਾ ਹੋ ਸਕਣ.ਇਸ ਦੇ ਨਾਲ ਹੀ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਵੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਆਪਣਾ ਭਰਪੂਰ ਸਹਿਯੋਗ ਦੇਣ ਦਾ ਫਰਜ਼ ਹੈ ਤਾਂ ਜੋ ਅਜਿਹੇ ਅਣਸਰ ਕਿਸੇ ਘਟਨਾਂ ਨੂੰ ਅੰਜਾਮ ਨਾ ਦੇ ਸਕਣ ਅਤੇ ਅਨਹੋਣੀ ਨੂੰ ਟਾਲਿਆ ਜਾ ਸਕੇ.
|