ਪੁਰਾਣੇ ਸਮੇਂ ਦੀ ਗੱਲ ਹੈ। ਕੁਝ ਔਰਤਾਂ ਨਦੀ ਦੇ ਕਿਨਾਰੇ 'ਤੇ ਬੈਠੀਆਂ ਸਨ। ਉਹ ਸਾਰੀਆਂ ਅਮੀਰ ਹੋਣ ਦੇ ਨਾਲ-ਨਾਲ ਸੋਹਣੀਆਂ ਵੀ ਸਨ। ਉਹ ਨਦੀ ਦੇ ਠੰਡੇ ਅਤੇ ਸਾਫ਼ ਪਾਣੀ ਵਿੱਚ ਆਪਣੇ ਹੱਥ-ਪੈਰ ਧੋ ਰਹੀਆਂ ਸਨ ਅਤੇ ਪਾਣੀ ਵਿੱਚ ਆਪਣਾ ਪਰਛਾਵਾਂ ਦੇਖ-ਦੇਖ ਕੇ ਆਪਣੀ ਸੁੰਦਰਤਾ 'ਤੇ ਆਪ ਹੀ ਮੋਹਿਤ ਹੋ ਰਹੀਆਂ ਸਨ। ਉਦੋਂ ਹੀ ਉਹਨਾਂ ਵਿੱਚੋਂ ਇੱਕ ਨੇ ਆਪਣੇ ਹੱਥਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ-ਦੇਖੋ ਮੇਰੇ ਹੱਥ ਕਿੰਨੇ ਸੋਹਣੇ ਹਨ। ਪਰ ਦੂਜੀ ਨੇ ਦਾਅਵਾ ਕੀਤਾ ਕਿ ਉਸਦੇ ਹੱਥ ਜ਼ਿਆਦਾ ਸੋਹਣੇ ਹਨ। ਤੀਜੀ ਔਰਤ ਨੇ ਵੀ ਇਹੀ ਗੱਲ ਦੁਹਰਾਈ। ਉਹਨਾਂ ਵਿੱਚ ਇਸ ਗੱਲ 'ਤੇ ਬਹਿਸ ਹੋਣ ਲੱਗੀ। ਉਦੋਂ ਇੱਕ ਬੁੱਢੀ ਔਰਤ ਸੋਟੀ ਦਾ ਸਹਾਰਾ ਲੈਂਦੀ ਹੋਈ ਉੱਥੋਂ ਦੀ ਨਿੱਕਲੀ। ਉਸਦੇ ਕੱਪੜੇ ਗੰਦੇ ਸਨ। ਉਹ ਦੇਖਣ ਵਿੱਚ ਵੀ ਬਹੁਤ ਗਰੀਬ ਲੱਗ ਰਹੀ ਸੀ। ਉਹਨਾਂ ਔਰਤਾਂ ਨੇ ਉਸਨੂੰ ਦੇਖਿਆ ਤੇ ਕਿਹਾ- ਬੇਕਾਰ ਦੀ ਬਹਿਸ ਛੱਡੋ, ਇਸ ਬੁੱਢੀ ਔਰਤ ਨੂੰ ਪੁੱਛਦੇ ਹਾਂ ਕਿ ਸਾਡੇ ਵਿੱਚੋਂ ਕਿਸਦੇ ਹੱਥ ਸਭ ਤੋਂ ਜ਼ਿਆਦਾ ਸੋਹਣੇ ਹਨ। ਉਹਨਾਂ ਨੇ ਕਿਹਾ, ਏ ਬੁੱਢੀ ਔਰਤ, ਜ਼ਰਾ ਇਧਰ ਆ ਕੇ ਇਹ ਦੱਸ ਕਿ ਸਾਡੇ ਵਿੱਚੋਂ ਕਿਸਦੇ ਹੱਥ ਜ਼ਿਆਦਾ ਸੋਹਣੇ ਹਨ? ਬੁੱਢੀ ਔਰਤ ਸੋਟੀ ਦਾ ਸਹਾਰਾ ਲੈਂਦੀ ਹੋਈ ਉਨ੍ਹਾਂ ਕੋਲ ਪਹੁੰਚੀ ਤੇ ਕਿਹਾ- ਮੈਂ ਬਹੁਤ ਭੁੱਖੀ ਤੇ ਪਿਆਸੀ ਹਾਂ। ਪਹਿਲਾਂ ਮੈਨੂੰ ਕੁਝ ਖਾਣ ਨੂੰ ਦਿਉ। ਪੇਟ ਦੀ ਭੁੱਖ ਦੂਰ ਹੋਣ ਤੋਂ ਬਾਅਦ ਹੀ ਕੁਝ ਦੱਸਾਂਗੀ। ਉਹ ਸਭ ਹੱਸਣ ਲੱਗੀਆਂ ਤੇ ਇਕੱਠੀਆਂ ਬੋਲੀਆਂ- ਜਾ ਭੱਜ ਜਾ, ਸਾਡੇ ਕੋਲ ਕੁਝ ਖਾਣ ਨੂੰ ਨਹੀਂ। ਇਹ ਭਲਾ ਸਾਡੀ ਸੁੰਦਰਤਾ ਨੂੰ ਕੀ ਪਛਾਣ ਪਾਵੇਗੀ। ਉੱਥੋਂ ਤੋਂ ਥੋੜ੍ਹੀ ਦੂਰ 'ਤੇ ਇੱਕ ਮਜ਼ਦੂਰ ਇਸਤਰੀ ਬੈਠੀ ਸੀ। ਉਹ ਦੇਖਣ ਵਿੱਚ ਠੀਕ-ਠਾਕ, ਪਰ ਮਿਹਨਤੀ ਤੇ ਨਿਮਰਤਾ ਵਾਲੀ ਸੀ। ਉਸਨੇ ਬੁੱਢੀ ਔਰਤ ਨੂੰ ਆਪਣੇ ਕੋਲ ਬੁਲਾਇਆ ਤੇ ਪਿਆਰ ਨਾਲ ਬਿਠਾਇਆ ਅਤੇ ਆਪਣੇ ਖਾਣੇ ਵਿੱਚੋਂ ਅੱਧਾ ਖਾਣਾ ਉਸਨੂੰ ਦੇ ਦਿੱਤਾ। ਫਿਰ ਨਦੀ ਤੋਂ ਪਾਣੀ ਲਿਆ ਕੇ ਪਿਲਾਇਆ। ਫਿਰ ਉਸ ਮਜ਼ਦੂਰ ਇਸਤਰੀ ਨੇ ਉਸਦੇ ਪੈਰ ਧੋਤੇ ਅਤੇ ਆਪਣੇ ਫਟੀ ਹੋਈ ਸਾੜੀ ਨਾਲ ਸਾਫ਼ ਕੀਤੇ। ਇਸ ਨਾਲ ਬੁੱਢੀ ਔਰਤ ਨੂੰ ਬਹੁਤ ਅਰਾਮ ਮਿਲਿਆ। ਜਾਂਦੇ ਸਮੇਂ ਉਹ ਬੁੱਢੀ ਔਰਤ ਉਨ੍ਹਾਂ ਸੋਹਣੀਆਂ ਇਸਤਰੀਆਂ ਦੇ ਕੋਲ ਗਈ ਤੇ ਬੋਲੀ-ਸੋਹਣੇ ਹੱਥ ਉਸਦੇ ਹੀ ਹੁੰਦੇ ਹਨ ਜੋ ਚੰਗੇ ਕਰਮ ਕਰੇ ਅਤੇ, ਜ਼ਰੂਰਤਮੰਦਾਂ ਦੀ ਸੇਵਾ ਕਰੇ। ਚੰਗੇ ਕੰਮਾਂ ਨਾਲ ਹੀ ਹੱਥਾਂ ਦੀ ਸੁੰਦਰਤਾ ਵੱਧਦੀ ਹੈ, ਗਹਿਣਿਆਂ ਨਾਲ ਨਹੀਂ। |