- ਮੁਬੀਨਾ ਖਾਲਿਦ
ਸ਼ੀਲਾ ਦੇ ਸੱਸ- ਸਹੁਰੇ ਦੇ ਵਿਆਹ ਦੀ ਪੰਜਾਹਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ। ਸੱਸ ਦੀਆਂ ਸਹੇਲੀਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣਾਂ ਅਤੇ ਭਰਾਵਾਂ ਨੂੰ ਬੁਲਾਵੇ ਭੇਜੇ ਜਾ ਚੁੱਕੇ ਸਨ। ਉਹਨਾਂ ਵਿੱਚੋਂ ਜਿਆਦਾਤਰ ਵਧੀਆ ਕੱਪੜਿਆਂ ਵਿੱਚ ਤੋਹਫਿਆਂ ਦੇ ਨਾਲ ਆਏ ਸਨ। ਇਸੇ ਤਰ੍ਹਾਂ ਸਹੁਰੇ ਦੇ ਵੀ ਸਾਰੇ ਦੋਸਤ ਅਤੇ ਭੈਣ-ਭਰਾ ਆਏ ਹੋਏ ਸਨ।
ਭੋਜਨ ਅਤੇ ਸਜਾਵਟ ਦੀ ਪੂਰੀ ਜਿੰਮੇਵਾਰੀ ਸ਼ੀਲਾ ਦੀ ਹੀ ਸੀ। ਸਾਰੇ ਮਹਿਮਾਨ ਸ਼ੀਲਾ ਦੀ ਪ੍ਰਸ਼ੰਸਾ ਕਰ ਰਹੇ ਸਨ। ਭੋਜਨ ਬਹੁਤ ਸਵਾਦ ਬਣਿਆ ਸੀ। ਮੰਚ ਤੇ ਬੈਠੇ ਸੱਸ-ਸਹੁਰਾ ਵੀ ਬਹੁਤ ਖੁਸ਼ ਸਨ। ਉਹਨਾਂ ਦੇ ਵਿਆਹ ਦੇ ਪੰਜਾਹ ਸਾਲ ਬਹੁਤ ਖੁਸ਼ੀ ਨਾਲ ਗੁਜਰੇ ਸਨ। ਦੋਵਾਂ ਨੂੰ ਸਭ ਤੋਂ ਕਾਮਯਾਬ ਕਪਲ ਕਿਹਾ ਜਾਂਦਾ ਹੈ। ਬੇਟੇ, ਬੇਟੀਆਂ, ਭਰਾ- ਭੈਣਾਂ ਅਤੇ ਦੋਸਤਾਂ ਨੇ ਤੋਹਫੇ ਦਿੱਤੇ।
ਸਭ ਤੋਂ ਸ਼ਾਨਦਾਰ ਤੋਹਫਾ ਸ਼ੀਲਾ ਦੇ ਪਤੀ ਕੁਲਦੀਪ ਨੇ ਦਿੱਤਾ ਸੀ ਜੋ ਸ਼ੀਸ਼ੇ ਦੇ ਮਰਤਮਾਨ ਵਿੱਚ ਤਾਜਮਹਿਲ ਦਾ ਨਮੂਨਾ ਸੀ। ਸੱਸ-ਸਹੁਰੇ ਨੇ ਤੋਹਫਾ ਲਿਆ ਅਤੇ ਨੂੰਹ-ਪੁੱਤ ਨੂੰ ਆਸ਼ੀਰਵਾਦ ਦਿੱਤਾ ਅਤੇ ਸ਼ੀਲਾ ਨੂੰ ਕਿਹਾ ਕਿ ਇਸ ਨੂੰ ਉੱਚੀ ਥਾਂ ਤੇ ਰੱਖ ਦੇਣਾ।
ਸ਼ੀਲਾ ਹੱਥ ਵਿੱਚ ਲੈ ਕੇ ਗਈ ਹੀ ਸੀ ਕਿ ਸਾੜੀ ਦੇ ਪੱਲੂ ਵਿੱਚ ਪੈਰ ਉਲਝ ਗਿਆ। ਖੁਦ ਵੀ ਡਿੱਗ ਪਈ ਅਤੇ ਛਨਾਕ ਦੀ ਜੋਰਦਾਰ ਅਵਾਜ ਦੇ ਨਾਲ ਤਾਜਮਹਿਲ ਡਿੱਗ ਪਿਆ ਅਤੇ ਟੁੱਟ ਕੇ ਚਕਨਾਚੂਰ ਵੀ ਹੋ ਗਿਆ।
ਮਹਿਮਾਨ ਤਾਨੇ- ਮਿਹਣੇ ਦੇਣ ਲੱਗੇ, ਦੇਖ ਕੇ ਤੁਰਨਾ ਚਾਹੀਦਾ ਸੀ ਨਾ। ਸ਼ਰਮ ਨਹੀਂ ਆਉਂਦੀ। ਸ਼ੀਲਾ ਦਾ ਪਤੀ ਵੀ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਸ਼ੀਲਾ ਅੱਖਾਂ ਵਿੱਚ ਹੰਝੂ ਭਰੀ ਹੱਥ ਜੋੜ ਕੇ ਖੜੀ ਤਾਨੇ ਸਹਿ ਰਹੀ ਸੀ ਤਾਂ ਅਚਾਨਕ ਉਸਦੀ ਸੱਸ ਖੜੀ ਹੋ ਗਈ।
ਦੌੜ ਕੇ ਸ਼ੀਲਾ ਦੇ ਸਿਰ ਤੇ ਹੱਥ ਰੱਖਿਆ, ਅਤੇ ਬੋਲੀ - ਬੇਟਾ ਤੇਰਾ ਕੋਈ ਕਸੂਰ ਨਹੀਂ ਹੈ। ਇਹ ਹੋਣਾ ਹੀ ਸੀ ਤਾਂ ਹੋ ਗਿਆ। ਫਿਰ ਉਹ ਮਹਿਮਾਨਾਂ ਵੱਲ ਮੁੜੀ ਅਤੇ ਬੋਲੀ - ਮੈਂ ਵੀ ਕਦੇ ਨੂੰਹ ਸੀ। ਨੁਕਸਾਨ ਹੋਣ ਕਰਕੇ ਜਾਂ ਹੋਰ ਕਈ ਮੌਕਿਆਂ ਤੇ ਬਹੁਤ ਮੇਹਣੇ, ਝਿੜਕਾਂ ਅਤੇ ਅਪਮਾਨ ਸਹਿਣਾ ਮੁਸ਼ਕਿਲ ਹੋ ਜਾਂਦਾ ਸੀ ਤਾਂ ਇਕੱਲੀ ਬੈਠ ਕੇ ਰੋਂਦੀ ਸੀ ਅਤੇ ਖੁਦਕੁਸ਼ੀ ਕਰਨ ਵਾਰੇ ਸੋਚਦੀ ਸੀ। ਮੈਂ ਉਹ ਦਿਨ ਬਹੁਤ ਮੁਸ਼ਕਿਲਾਂ ਵਿੱਚ ਗੁਜਾਰੇ, ਪਰ ਹੁਣ ਮੈਂ, ਆਪਣੀ ਨੂੰਹ ਦੇ ਨਾਲ ਅਜਿਹਾ ਨਹੀਂ ਹੋਣ ਦਵਾਂਗੀ।
ਉਹਨਾਂ ਦੇ ਐਨਾ ਕਹਿੰਦੇ ਹੀ ਅਚਾਨਕ ਮਾਹੌਲ ਬਦਲ ਗਿਆ। ਸਾਰੇ ਮਹਿਮਾਨ ਸੱਸ ਦੀ ਪ੍ਰਸ਼ੰਸਾ ਕਰਨ ਲੱਗੇ ਅਤੇ ਵਾਤਾਵਰਣ ਇੱਕ ਦਮ ਬਦਲ ਗਿਆ। ਸ਼ੀਲਾ ਫਿਰ ਉਸੇ ਉਤਸ਼ਾਹ ਵਿੱਚ ਸਭ ਦੀ ਸੇਵਾ ਵਿੱਚ ਲੱਗ ਗਈ। ਉਹ ਮਨ ਹੀ ਮਨ ਸੋਚ ਰਹੀ ਸੀ - ਕਾਸ਼! ਇਸ ਤਰ੍ਹਾਂ ਦੀ ਸੱਸ ਸਾਰਿਆਂ ਨੂੰ ਮਿਲੇ।
|