- ਸ਼ੋਭਾ ਸਰਵਟੇ
ਅੱਖ ਦਾ ਪ੍ਰੀਖਣ ਹੋਇਆ। ਆਪਰੇਸ਼ਨ ਕਰਨਾ ਪਵੇਗਾ। ਮੈਂ ਵੱਡੇ ਬੇਟੇ ਨੂੰ ਪੁੱਛਿਆ- ਕਦੋਂ ਕਰਵਾਉਣਾ ਹੈ ਆਪਰੇਸ਼ਨ। ਉਹ ਕਹਿਣ ਲੱਗਿਆ - ਭਾਜੀ ਨੂੰ ਪੁੱਛਦਾ ਹਾਂ। ਮੈਂ ਕਿਹਾ - ਇਸ ਬਾਰੇ ਪੁੱਛਣਾ ਕੀ? ਆਪਰੇਸ਼ਨ ਜਰੂਰੀ ਹੈ। ਹੋ ਸਕਦਾ ਹੈ ਮੈਨੂੰ ਦਿਖਾਈ ਦੇਣ ਲੱਗ ਜਾਵੇ। ਤਾਂ ਕਿਸੇ ਦੇ ਭਰੋਸੇ ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਬੇਟਾ ਬੋਲਿਆ- ਇਸ ਵਾਰ ਆਪਰੇਸ਼ਨ ਦਾ ਖਰਚਾ ਭਾਜੀ ਉਠਾਏਗਾ, ਦੂਜਾ ਆਪਰੇਸ਼ਨ ਮੈਂ ਕਰਵਾਊਂਗਾ। ਮੈਂ ਸਮਝ ਗਈ ਮੇਰੇ ਬੱਚਿਆਂ ਨੂੰ ਆਪਰੇਸ਼ਨ ਕਰਵਾਉਣਾ ਮੁਸ਼ਕਿਲ ਲੱਗ ਰਿਹਾ ਹੈ। ਮੈਨੂੰ ਬਹੁਤ ਦੁੱਖ ਹੋਇਆ।
ਉਸ ਦਿਨ ਮੇਰਾ ਲਿਫਾਫਾ ਟਰੰਕ ਵਿੱਚ ਰੱਖਣਾ ਸੀ। ਮੇਰਾ ਟਰੰਕ ਕਿੱਥੇ ਗਿਆ ਬੇਟੀ? ਪੋਤੀ ਬੋਲੀ- ਦਾਦੀ ਮਾਂ ਇੱਥੇ ਸੋਹਣਾ ਨਹੀਂ ਲੱਗ ਰਿਹਾ ਸੀ। ਮੈਂ ਟਾਂਡ ਤੇ ਰੱਖ ਦਿੱਤਾ। ਪਰ ਉਸ ਵਿੱਚੋਂ ਹੁਣ ਹਮੇਸ਼ਾ ਆਪਣਾ ਸਮਾਨ ਮੈਂ ਕੱਢ ਸਕਦੀ ਹਾਂ? ਮੈਂ ਪੁੱਛਿਆ। ਪਤਾ ਨਹੀਂ ਕਿਉਂ ਬੱਚਿਆਂ ਦੇ ਪਿਤਾਜੀ ਦੇ ਗੁਜਰ ਜਾਣ ਦੇ ਬਾਅਦ ਵਾਰ-ਵਾਰ ਅਜਿਹੀਆਂ ਗੱਲਾਂ ਹੋ ਰਹੀਆਂ ਸਨ- ਦਾਦੀ ਇੱਥੇ ਨਹੀਂ ਬੈਠਣਾ। ਉੱਥੇ ਕਿਉਂ ਗਈ? ਇਹਨਾਂ ਨਾਲ ਕਿਉਂ ਗੱਲਾਂ ਕਰੀਆਂ? ਹਾਲ ਵਿੱਚ ਨਹੀਂ ਸੌਣਾ। ਮੇਰੇ ਦੋਸਤ ਆਉਂਦੇ ਹਨ। ਉਹਨਾਂ ਨਾਲ ਗੱਲਾਂ ਨਾ ਕਰਿਆ ਕਰ। ਵਿੱਚ-ਵਿੱਚ ਗੱਲਾਂ ਕਰ ਕੇ ਟੋਕਿਆ ਨਾ ਕਰ... ਲੱਗਦਾ ਹੈ ਜਿਵੇਂ ਆਪਣੇ ਘਰ ਵਿੱਚ ਪਰਾਈ ਹੋ ਗਈ।
ਮਨ ਬਹੁਤ ਉਦਾਸ ਹੋ ਜਾਂਦਾ ਹੈ। ਮੈਂ ਸਟੀਰੀਉਟੇਪ ਵੱਲ ਦੇਖਿਆ। ਮੈਨੂੰ ਗਾਣੇ ਸੁਣਨ ਦਾ ਬਹੁਤ ਸ਼ੌਕ ਸੀ। ਇਸ ਲਈ ਪਤੀਦੇਵ ਨੇ ਮੇਰੇ ਜਨਮਦਿਨ ਤੇ ਮੈਨੂੰ ਤੋਹਫ਼ਾ ਦਿੱਤਾ ਸੀ। ਇਹ ਕਹਿ ਕੇ ਕਿ ਕਦੇ ਸਮਾਂ ਨਹੀਂ ਗੁਜਰੇਗਾ, ਤਾਂ ਸੁਣ ਲਿਆ ਕਰੋ ਭਗਤੀ-ਸੰਗੀਤ। ਪਰ ਹੁਣ ਸਟੀਰੀਉ ਤੇ ਇੰਗਲਿਸ਼ ਧੁਨ ਵੱਜਦੀ ਹੈ, ਜਿਸ ਤੇ ਪੋਤੇ ਅਤੇ ਉਸਦੇ ਦੋਸਤ ਥਿਰਕਦੇ ਹਨ, ਹੱਲਾ-ਜੁੱਲਾ ਮਚਾਉਂਦੇ ਹਨ ਅਤੇ ਭਗਤੀ-ਸੰਗੀਤ ਤਾਂ ਪਤਾ ਨੀਂ ਕਿੱਥੇ ਗਿਆ। ਯਾਦ ਆਉਂਦੇ ਹਨ ਉਹ ਦਿਨ ਜਦੋਂ ਮੇਰਾ ਵਿਆਹ ਹੋਇਆ ਸੀ। ਬਹੁਤ ਵੱਡਾ ਪਰਿਵਾਰ ਸੀ। ਸੁੱਖ ਦੀ ਜਿੰਦਗੀ ਸੀ। ਪੈਸਾ ਨਹੀਂ ਸੀ, ਪਰ ਮਮਤਾ ਤੇ ਪਿਆਰ ਬਹੁਤ ਮਿਲਦਾ ਸੀ। ਉਦੋਂ ਤੋਂ ਮੇਰੀ ਤਮੰਨਾ ਸੀ ਕਿ ਆਪਣਾ ਮਕਾਨ ਹੋਵੇ।
ਇਹ ਮੇਰੇ ਲਈ ਇੱਕ ਤਪੱਸਿਆ ਸੀ। ਘਰ ਵਿੱਚ ਸੱਸ-ਸਹੁਰੇ ਦੀ ਦੇਖਭਾਲ, ਦਿਉਰ-ਨਣਦ ਦੀ ਪੜਾਈ। ਬਾਅਦ ਵਿੱਚ ਉਹਨਾਂ ਦਾ ਵਿਆਹ। ਮੇਰੇ ਦੋ ਬੇਟਿਆਂ ਦਾ ਪਾਲਨ-ਪੋਸ਼ਣ ਇਹ ਸਭ ਮੈਂ ਕਰਿਆ। ਨਾਲ ਹੀ ਆਪਣੇ ਮਕਾਨ ਦਾ ਸੁਪਨਾ ਵੀ ਪੂਰਾ ਕੀਤਾ। ਬੋਨਸ-ਬੀਮੇ ਦਾ ਪੈਸਾ, ਬੈਂਕ ਦਾ ਕਰਜਾ, ਮੇਰੇ ਦੁਆਰਾ ਸਿਲਾਈ ਕਰ ਕੇ ਜਮਾਂ ਕੀਤੇ ਰੁਪਏ। ਫਿਰ ਇਹ ਛੇ ਕਮਰਿਆਂ ਵਾਲਾ ਘਰ ਖੜਾ ਹੋਇਆ। ਬਹੁਤ ਪਸੀਨਾ ਵਹਾਇਆ ਸੀ ਮੈਂ ਇਸ ਘਰ ਲਈ।
ਬਾਅਦ ਵਿੱਚ ਸੱਸ-ਸਹੁਰਾ ਗੁਜਰ ਗਏ। ਦਿਉਰ ਨੌਕਰੀ ਲਈ ਦੂਜੇ ਸ਼ਹਿਰ ਵਿੱਚ ਚਲਾ ਗਿਆ। ਨਣਦ ਦਾ ਵਿਆਹ ਹੋ ਗਿਆ ਅਤੇ ਕੁਝ ਗਲਤਫਹਿਮੀ ਨਾ ਹੋਵੇ ਇਸ ਲਈ ਦੋਨਾਂ ਬੱਚਿਆਂ ਨੂੰ ਤਿੰਨ-ਤਿੰਨ ਕਮਰੇ ਵੰਡ ਕੇ ਦੇ ਦਿੱਤੇ। ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਇਸ ਲਈ ਵੱਡੇ ਬੇਟੇ ਕੋਲ ਬਿਸਤਰਾ ਰੱਖ ਲਿਆ। ਪਰ ਹੁਣ ਮੈਂ ਵਾਧੂ ਚੀਜ਼ ਹੋ ਗਈ ਹਾਂ। ਕਦੇ ਮੈਂ ਜਿਸ ਇੱਕ-ਇੱਕ ਇੱਟ ਲਈ ਪਸੀਨਾ ਵਹਾਇਆ, ਉਸ ਤੇ ਹੁਣ ਮੇਰਾ ਕੁਝ ਅਧਿਕਾਰ ਨਹੀਂ।
ਛੋਟਾ ਬੇਟਾ ਦੂਜੇ ਸ਼ਹਿਰ ਵਿੱਚ ਹੈ। ਉਸਨੇ ਘਰ ਦਾ ਆਪਣਾ ਹਿੱਸਾ ਕਿਰਾਏ ਤੇ ਦੇ ਦਿੱਤਾ ਹੈ। ਸਾਡਾ ਪਤੀ-ਪਤਨੀ ਦਾ ਕਮਰਾ ਹੁਣ ਪੋਤਾ-ਪੋਤੀ ਦਾ ਹੋ ਗਿਆ। ਮੈਨੂੰ ਹਾਲ ਵਿੱਚ ਸੌਣਾ ਪੈਂਦਾ ਹੈ ਅਤੇ ਹਰ ਸ਼ਨੀਵਾਰ-ਐਤਵਾਰ ਰਸੋਈ ਵਿੱਚ। ਕਿਉਂਕਿ ਕਦੇ ਨੂੰਹ ਨੂੰ ਟੀਵੀ ਦੇਖਣਾ ਹੈ, ਕਦੇ ਮਹਿੰਦੀ ਲਗਾਉਣੀ ਹੈ, ਬਸ ਫਿਰ ਮੇਰਾ ਬਿਸਤਰਾ ਰਸੋਈ ਵਿੱਚ। ਇਸਦੇ ਇਲਾਵਾ ਬੱਚਿਆਂ ਦੀ ਪਾਰਟੀ, ਨੂੰਹ ਦੀ ਕਿੱਟੀ ਪਾਰਟੀ ਵੀ ਤਾਂ ਚੱਲਦੀ ਰਹਿੰਦੀ ਹੈ।
ਫਿਰ ਮੈਨੂੰ ਹਿਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ, ਜਿਵੇਂ ਪੋਤੇ ਦੇ ਦੋਸਤ ਘਰ ਹਨ ਤਾਂ ਕਿੱਥੇ ਸੌਂਵੋਗੇ, ਕਿੱਥੇ ਬੈਠੋਗੇ ਸਮਝ ਨਹੀਂ ਆਉਂਦਾ? ਕੰਧ ਤੇ ਧੱਬੇ ਪੈਣਗੇ, ਹੱਥ ਨਾ ਲਗਾਉ, ਧਿਆਨ ਨਾਲ ਦੇਖ ਕੇ ਚੱਲਿਆ ਕਰੋ, ਧੱਕੇ ਨਾਲ ਕੱਚ ਦੀਆਂ ਚੀਜ਼ਾਂ ਟੁੱਟ ਜਾਣਗੀਆਂ- ਇਹ ਸਭ ਸੁਣਨਾ ਪੈਂਦਾ ਹੈ।
ਇੱਕ ਦਿਨ ਬਚਪਨ ਦੀ ਸਹੇਲੀ ਘਰ ਆਈ। ਬੋਲੀ- ਬੱਚੇ ਆਪਣੇ ਲਈ ਸਭ ਕੁਝ ਹੁੰਦੇ ਹਨ, ਪਰ ਜਿੰਨੀ ਦੇਰ ਜਿਉਂਦੇ ਹਾਂ ਓਨੀ ਦੇਰ ਆਪਣਾ ਮਕਾਨ ਆਪਣੇ ਨਾਮ ਤੇ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ। ਹੁਣ ਦੇਖੋ ਬੁਢਾਪੇ ਵਿੱਚ ਤੂੰ ਪਰਾਈ ਹੋ ਗਈ। ਹੁਣ ਜਮਾਨਾ ਬਦਲ ਗਿਆ ਹੈ। ਹੁਣ ਸਿਰਫ ਧੰਨ ਦਾ ਹੀ ਬੋਲਬਾਲਾ ਹੈ। ਬੁਢਾਪਾ ਤਾਂ ਹੁਣ ਇੱਕ ਸ਼ਰਾਪ ਹੈ। ਮੇਰੀ ਸਹੇਲੀ ਸੱਚ ਹੀ ਤਾਂ ਕਹਿ ਰਹੀ ਸੀ। ਆਪਣਾ ਸਭ ਕੁਝ ਮੈਂ ਬੱਚਿਆਂ ਨੂੰ ਸੌਂਪ ਚੁੱਕੀ ਸੀ। ਆਪਣੇ ਲਈ ਇੱਕ ਕਮਰਾ ਨਹੀਂ ਬਚਾਇਆ। ਹੁਣ ਤਾਂ ਰੱਬ ਤੋਂ ਸ਼ਰਣ ਮੰਗ ਰਹੀ ਹਾਂ, ਸ਼ਾਇਦ ਉਸਦੇ ਕੋਲ ਮੇਰੇ ਲਈ ਕੁਝ ਥਾਂ ਹੋਵੇ।
|