ਬਿੰਦੋ ਫੁੱਲ ਚੌਂਕ ਦੇ ਕੋਲ ਰਹਿੰਦੀ ਸੀ। ਗੁੜ ਵੇਚਣ ਦਾ ਕੰਮ ਕਰਦੀ ਸੀ। ਸਪਤਾਹਿਕ ਹਾਟ-ਬਜਾਰ ਵਿੱਚ ਵੀ ਬੈਠਦੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉੱਥੇ ਗੁੜ ਲੈ ਕੇ ਬੈਠੀ ਸੀ। ਇੱਕ ਨੌਜਵਾਨ ਗਠੜੀ ਲੈ ਕੇ ਉਸਦੇ ਕੋਲ ਆਇਆ। ਉਸਦੇ ਕੋਲ ਗਠੜੀ ਰੱਖ ਕੇ ਹੱਥ ਜੋੜ ਕੇ ਬੈਠ ਗਿਆ। ਅੱਖਾਂ ਵਿੱਚ ਹੰਝੂ ਭਰ ਕੇ ਬੋਲਿਆ- ਅੰਮਾ, ਆਪਣੀ ਗਠੜੀ ਸੰਭਾਲੋ। ਮੇਰੇ ਤੋਂ ਭੁੱਲ ਹੋ ਗਈ, ਮਾਫ ਕਰੋ।
ਬਿੰਦੋ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ। ਉਸ ਨੇ ਗਠੜੀ ਨੂੰ ਪਹਿਚਾਣ ਲਿਆ। ਉਸਦੀ ਆਪਣੀ ਗਠੜੀ, ਜਿਸ ਦੇ ਜਾਣ ਦਾ ਉਸ ਨੂੰ ਬਹੁਤ ਜਿਆਦਾ ਦੁੱਖ ਸੀ, ਪਿਛਲੇ ਹਫ਼ਤੇ ਘਰ ਵਾਪਸ ਆਉਂਦੇ ਸਮੇਂ ਵਿਕਣ ਤੋਂ ਬਚੇ ਗੁੜ ਦੀ ਗਠੜੀ ਸਿਰ ਤੇ ਰੱਖ ਕੇ ਘਰ ਵਾਪਸ ਆ ਰਹੀ ਸੀ।
ਸਿਹਤ ਠੀਕ ਨਹੀਂ ਸੀ, ਇਸ ਲਈ ਇੱਕ ਸਕੂਟਰ ਸਵਾਰ ਨੂੰ ਰੋਕ ਕੇ ਬੋਲੀ- 'ਬੇਟਾ ਮੇਰਾ ਇੱਕ ਕੰਮ ਕਰੋ ਦਉ। ਇਹ ਗੁੜ ਦੀ ਗਠੜੀ ਫੁੱਲਚੌਂਕ ਚੌਰਾਹੇ ਤੇ ਪਾਨ ਦੀ ਦੁਕਾਨ ਤੇ ਰੱਖ ਦੇਣਾ, ਮੈਂ ਉੱਥੋਂ ਲੈ ਲਵਾਂਗੀ।' ਨੌਜਵਾਨ ਤਿਆਰ ਹੋ ਗਿਆ। ਉਹ ਗਠੜੀ ਲੈ ਕੇ ਚਲਾ ਗਿਆ।
ਜਦੋਂ ਉਹ ਚੌਰਾਹੇ ਤੇ ਪਾਨ ਦੀ ਦੁਕਾਨ ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਨੌਜਵਾਨ ਗਠੜੀ ਉੱਥੇ ਨਹੀਂ ਰੱਖ ਕੇ ਗਿਆ ਹੈ। ਉਸ ਨੂੰ ਗਹਿਰਾ ਧੱਕਾ ਲੱਗਿਆ। ਆਪਣੇ ਆਪ ਨੂੰ ਕੋਸਣ ਲੱਗੀ ਕਿ ਉਸਨੇ ਇੱਕ ਅਜਨਬੀ ਤੇ ਵਿਸ਼ਵਾਸ ਕਿਉਂ ਕੀਤਾ। ਨੁਕਸਾਨ ਦਾ ਦੁੱਖ ਉਸ ਨੂੰ ਪੂਰਾ ਹਫ਼ਤਾ ਹੁੰਦਾ ਰਿਹਾ। ਹੁਣ ਗਠੜੀ ਵਾਪਸ ਹਾਸਿਲ ਕਰ ਕੇ ਉਸ ਨੂੰ ਚੰਗਾ ਲੱਗਿਆ।
ਨੌਜਵਾਨ ਆਪ ਬੀਤੀ ਦੱਸਣ ਲੱਗਿਆ, 'ਅੰਮਾ ਜੀ, ਤੁਹਾਡੇ ਗੁੜ ਦੀ ਗਠੜੀ ਨੇ ਮੇਰਾ ਇਮਾਨ ਵਿਗਾੜ ਦਿੱਤਾ। ਗਠੜੀ ਪਾਨ ਦੀ ਦੁਕਾਨ ਤੇ ਨਾ ਰੱਖ ਕੇ ਆਪਣੇ ਘਰ ਲੈ ਗਿਆ, ਪਰ ਤੁਹਾਡਾ ਵਿਸ਼ਵਾਸ ਤੋੜਨਾ ਮਹਿੰਗਾ ਪਿਆ। ਉਸ ਰਾਤ ਵਿਹੜੇ ਵਿੱਚੋਂ ਕੋਈ ਮੇਰਾ ਸਕੂਟਰ ਚੋਰੀ ਕਰ ਕੇ ਲੈ ਗਿਆ। ਮੈਂ ਉਸ ਨੂੰ ਲੱਭ ਰਿਹਾ ਹਾਂ। ਇਹ ਸੋਚ ਕੇ ਗਠੜੀ ਵਾਪਸ ਲੈ ਆਇਆ ਹਾਂ ਕਿ ਤੁਸੀਂ ਮੈਨੂੰ ਮਾਫ ਕਰ ਦਉਗੇ ਅਤੇ ਈਸ਼ਵਰ ਤੋਂ ਮੇਰੇ ਲਈ ਦੁਆਵਾਂ ਮੰਗੋਗੇ ਕਿ ਮੇਰਾ ਸਕੂਟਰ ਵੀ ਕੋਈ ਵਾਪਸ ਕਰ ਦਏ।'
|