'ਸੁਣੋ ਨਾਸ਼ਤਾ ਲਗਾ ਦਿੱਤਾ ਹੈ। ਜਲਦੀ ਆਉ। ਪਿਆਰ ਤਾਂ ਤੁਹਾਡਾ ਠੰਡਾ ਹੋ ਹੀ ਗਿਆ ਹੈ। ਘੱਟ ਤੋਂ ਘੱਟ ਨਾਸ਼ਤਾ ਤਾਂ ਠੰਡਾ ਨਾ ਹੋਣ ਦਉ।'
'ਆ ਹੀ ਰਿਹਾ ਹਾਂ। ਇਹ ਲਉ ਹਾਜਰ ਹਾਂ। ਲਿਆਉ ਠੰਡਾ ਪਿਆਰ, ਗਰਮ ਨਾਸ਼ਤਾ ਜੋ ਵੀ ਹੋਵੇ ਦੇ ਦਉ।'
ਵਿਆਹ ਨੂੰ ਤਿੰਨ ਸਾਲ ਹੋ ਗਏ ਹਨ ਪਰ ਸੁਸ਼ਮਾ ਵਿੱਚ ਉਹੀ ਪਹਿਲਾਂ ਵਾਲਾ ਬਚਪਨਾ ਹੈ, ਜਦੋਂ ਕਿ ਅਵਿਨਾਸ਼ ਜਿਆਦਾ ਗੰਭੀਰ ਅਤੇ ਮਹੱਤਵਕਾਂਸ਼ੀ ਹੋ ਗਿਆ ਸੀ। ਅੱਗੇ ਅਤੇ ਹੋਰ ਅੱਗੇ ਵਧਣ ਦੀ ਧੁਨ ਵਿੱਚ ਪਿੱਛੇ ਕੀ ਰਹਿ ਗਿਆ ਹੈ, ਉਸਦੀ ਪਰਵਾਹ ਕੀਤੇ ਬਿਨਾ ਚੱਲਦਾ ਜਾ ਰਿਹਾ ਸੀ। ਸੁਸ਼ਮਾ ਅਜੇ ਵੀ ਵਿਆਹ ਤੋਂ ਪਹਿਲਾਂ ਦੀ ਸੁੰਦਰਤਾ, ਸਰਲਤਾ ਵਿੱਚ ਜਿਉਂ ਰਹੀ ਸੀ।
ਆਪਣੀਆਂ ਕਈ ਸਹੇਲੀਆਂ ਦੀ ਤਰ੍ਹਾਂ ਉਹ ਖੁੱਲ੍ਹੇ ਵਾਲਾਂ ਨਾਲ, ਉਬਾਸੀਆਂ ਲੈਂਦੇ ਹੋਏ, ਨਾਸ਼ਤੇ ਦੀ ਮੇਜ ਤੇ ਨਹੀਂ ਆਉਂਦੀ ਸੀ ਬਲਕਿ ਤਰੋਤਾਜਾ ਹੋ ਕੇ ਵਧੀਆ ਕੱਪੜਿਆਂ ਵਿੱਚ ਰਹਿੰਦੀ ਸੀ। ਨਾਸ਼ਤਾ ਵੀ ਨਿੱਤ ਨਵਾਂ ਅਤੇ ਗਰਮ ਤਿਆਰ ਕਰਦੀ ਸੀ ਅਤੇ ਪੂਰੇ ਮਨ ਨਾਲ ਖੁਆਉਂਦੀ ਸੀ। ਚਾਹ-ਟੋਸਟ ਨਾਲ ਨਾਸ਼ਤਾ ਦੇਣਾ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਅਵਿਨਾਸ਼ ਨੂੰ ਉਸ ਤੇ ਮਾਣ ਹੁੰਦਾ, ਪਿਆਰ ਵੀ ਬਹੁਤ ਆਉਂਦਾ, ਪਰ ਸੋਚਦਾ, ਇਸ ਵਿੱਚ ਕਹਿਣ ਦੀ ਕੀ ਗੱਲ ਹੈ, ਪਿਆਰ ਤਾਂ ਲੋਕ ਕਹਿੰਦੇ ਹਨ, ਗੂੰਗੇ ਦਾ ਗੁੜ ਹੁੰਦਾ ਹੈ।'
'ਦੇਖੋ-ਦੇਖੋ, ਉਹ ਫਿਰ ਆ ਬੈਠੀ ਆਪਣੇ ਨਾਲ ਨਾਸ਼ਤਾ ਕਰਨ।' 'ਕੌਣ, ਕੌਣ ਆ ਗਈ?' ਅਵਿਨਾਸ਼ ਨੇ ਅਖਬਾਰ ਪੜਦੇ-ਪੜਦੇ ਕਿਹਾ। 'ਉਹੀ ਤੁਹਾਡੀ ਚਹੇਤੀ ਕਾਟੋ।' ਉਹ ਤੂੰ ਵੀ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੀ ਹੈਂ।' ਸੁਸ਼ਮਾ ਦਾ ਸੁਭਾਅ ਹੀ ਅਜਿਹਾ ਸੀ। ਛੋਟੀਆਂ-ਛੋਟੀਆਂ ਗੱਲਾਂ ਉਸ ਨੂੰ ਬਹੁਤ ਖੁਸ਼ ਕਰਦੀਆਂ ਸਨ ਜੋ ਹੋਰ ਲੋਕਾਂ ਨੂੰ ਮਹੱਤਵਹੀਣ ਲੱਗਦੀਆਂ ਸਨ। ਕਦੇ ਉਹ ਕਹਿੰਦੀ, ਦੇਖੋ ਬਗੀਚੇ ਵਿੱਚ ਏਨੇ ਸਾਰੇ ਨਾਰੰਗੀ ਫੁੱਲ। ਜਾਂ ਫਿਰ ਤਿਤਲੀ ਨੂੰ ਇੱਧਰ-ਉੱਧਰ ਭੱਜਦਾ ਦੇਖ ਕੇ ਕਹਿੰਦੀ, ਦੇਖੋ ਕਿਵੇਂ ਭੱਜ ਰਹੀ ਹੈ, ਜਿਵੇਂ ਦੂਜਾ ਕੋਈ ਉਸ ਦਾ ਖਜਾਨਾ ਲੁੱਟ ਰਿਹਾ ਹੋਵੇ। ਕਦੇ ਆਪਣੇ ਹਰੇ ਲਾਨ ਅਤੇ ਫੁੱਲਾਂ ਦੀਆਂ ਕਿਆਰੀਆਂ ਨੂੰ ਰੰਗ-ਬਿਰੰਗੇ ਫੁੱਲਾਂ ਦੇ ਕਿਨਾਰੇ ਵਾਲੀ ਆਪਣੀ ਹਰੀ ਸਾੜੀ ਦੱਸਦੀ। ਅਵਿਨਾਸ਼ ਸਿਰਫ ਓਹ, ਅੱਛਾ! ਹੱਸ ਕੇ ਕਹਿ ਦਿੰਦਾ, ਜਿਵੇਂ ਸਿਰਫ ਉਸਦਾ ਮਨ ਰੱਖਣ ਲਈ ਕਹਿ ਰਿਹਾ ਹੋਵੇ। ਉਹ ਕਦੇ ਨਾ ਤਾਂ ਧਿਆਨ ਨਾਲ ਦੇਖਦਾ ਅਤੇ ਨਾ ਕੋਈ ਪ੍ਰਤੀਕਿਰਿਆ ਕਰਦਾ।
'ਅੱਛਾ ਹੁਣ ਚਾਹ ਦੇ ਦੇ, ਗੱਲਾਂ ਖਤਮ ਕਰ।' 'ਠੀਕ ਹੈ, ਹੁਣ ਨਹੀਂ ਬੋਲਾਂਗੀ, ਇਹ ਲਉ ਚਾਹ ਅਤੇ ਅਖਬਾਰ ਪੜੋ।' ਪਰ ਉਸੇ ਸਮੇਂ ਅਵਿਨਾਸ਼ ਕੁਝ ਸ਼ਿਕਾਇਤੀ ਤਰੀਕੇ ਨਾਲ ਬੋਲਦਾ, 'ਚਾਹ ਵਿੱਚ ਖੰਡ ਹੀ ਨਹੀਂ ਹੈ।' 'ਹੁਣ ਤੁਸੀਂ ਬੋਲ ਰਹੇ ਹੋ, ਮੈਂ ਨਹੀਂ।' ਉਸਨੇ ਸ਼ਰਾਰਤ ਨਾਲ ਕਿਹਾ, 'ਕੀ ਕਿਹਾ, ਮਿੱਠੀ ਨਹੀਂ ਹੋਈ? ਮੈਂ ਆਪਣੀ ਉਂਗਲੀ ਤਾਂ ਡੁਬੋ ਦਿੱਤੀ ਸੀ। ਸ਼ਾਇਦ ਮੇਰੇ ਵਿੱਚ ਹੀ ਮਿਠਾਸ ਘੱਟ ਹੋ ਗਈ ਹੈ।'
ਚਾਹ ਵਿੱਚ ਖੰਡ ਪਾਉਂਦੇ ਹੋਏ ਹੌਲੀ ਜਿਹੇ ਬੋਲਦੀ, 'ਤੁਸੀਂ ਅੱਜ ਕੱਲ੍ਹ ਮੈਨੂੰ ਧਿਆਨ ਨਾਲ ਦੇਖਦੇ ਹੀ ਨਹੀਂ। ਮੈਂ ਵਾਲ ਕਟਵਾ ਲਏ ਹਨ, ਤੁਸੀਂ ਦੱਸਿਆ ਹੀ ਨਹੀਂ ਕਿਵੇਂ ਲੱਗਦੀ ਹਾਂ।'
'ਸੱਚਮੁੱਚ?' ਅਖਬਾਰ ਹਟਾ ਕੇ ਭਰਪੂਰ ਨਜ਼ਰ ਨਾਲ ਅਵਿਨਾਸ਼ ਨੇ ਸੁਸ਼ਮਾ ਨੂੰ ਦੇਖਿਆ। 'ਮੇਰਾ ਮਤਲਬ ਹੈ, ਹੇਠਾਂ ਤੋਂ ਦੋ-ਦੋ ਇੰਚ ਕਟਵਾ ਲਏ ਹਨ।' ਬੜੀ ਮਾਸੂਮੀਅਤ ਨਾਲ ਉਸਨੇ ਕਿਹਾ। 'ਹੋਰ ਵੀ ਸੋਹਣੀ ਲੱਗ ਰਹੀ ਹੈਂ।' ਉਸ ਨੂੰ ਕਹਿਣਾ ਪਿਆ, ਪਰ ਮਨ ਹੀ ਮਨ ਸੋਚਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। 'ਜਾ ਰਿਹਾ ਹਾਂ।' 'ਸੁਣੋ, ਜਾਣ ਤੋਂ ਪਹਿਲਾਂ ਇੱਕ ਆਪਣਾ ਚੈਕ ਦਿੰਦੇ ਜਾਉ, ਮੈਨੂੰ ਕੁਝ ਪੈਸਿਆਂ ਦੀ ਲੋੜ ਹੈ।' 'ਕਿਉਂ ਤੇਰਾ ਵੀ ਤਾਂ ਖਾਤਾ ਹੈ।' 'ਉਹਦੇ ਵਿੱਚੋਂ ਸਾਰੇ ਕੱਢ ਲਏ ਹਨ।' 'ਠੀਕ ਹੈ, ਇਹ ਲੈ। ਰਾਸ਼ੀ ਭਰ ਲੈਣਾ।' 'ਮੈਨੂੰ ਦੇਰ ਹੋ ਜਾਵੇਗੀ, ਆ ਕੇ ਨੌਕਰਾਣੀ ਨੂੰ ਛੁੱਟੀ ਦੇ ਦੇਣਾ।' 'ਚੰਗਾ ਬੇਗਮ ਸਾਹਿਬਾ, ਹੁਣ ਗੁਲਾਮ ਨੂੰ ਛੁੱਟੀ ਦਉ, ਤਾਂ ਉਹ ਆਫਿਸ ਦੀ ਨੌਕਰੀ ਤੇ ਜਾਵੇ।' 'ਆਗਿਆ ਹੈ ਜੀ।' ਉਸਨੇ ਖਾਸ ਸ਼ਾਹੀ ਅੰਦਾਜ ਵਿੱਚ ਕਿਹਾ।
ਆਫਿਸ ਪਹੁੰਚਿਆ, ਤਾਂ ਵਾਤਾਵਰਣ ਥੋੜਾ ਬਦਲਿਆ ਲੱਗ ਰਿਹਾ ਸੀ। ਲੋਕ ਦੋ-ਦੋ, ਤਿੰਨ-ਤਿੰਨ ਦੇ ਸਮੂਹਾਂ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੇ ਸਨ। ਕਈਆਂ ਦੇ ਚਿਹਰਿਆਂ ਤੇ ਦੱਬੀ-ਦੱਬੀ ਜਿਹੀ ਮੁਸਕਾਨ ਝਲਕ ਰਹੀ ਸੀ। ਕੁਝ ਲੋਕ ਲਾਲੂ ਨੂੰ ਘੇਰ ਕੇ ਖੜੇ ਹੌਸਲਾ ਦੇ ਰਹੇ ਸਨ। ਉਸ ਨੂੰ ਪਤਾ ਲੱਗਿਆ, ਕਿ ਉਸਦੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਗਈ ਹੈ। ਲਾਲੂ ਨਾਲ ਜਦੋਂ ਅਵਿਨਾਸ਼ ਦਾ ਸਾਹਮਣਾ ਹੋਇਆ ਤਾਂ ਉਹ ਉਸ ਨੂੰ ਹੌਸਲੇ ਦੇ ਦੋ ਸ਼ਬਦ ਵੀ ਨਾ ਕਹਿ ਸਕਿਆ। ਲੱਗਿਆ, ਕੁਝ ਕਿਹਾ ਤਾਂ ਵਿਚਾਰਾ ਲਾਲੂ ਰੋਣ ਹੀ ਲੱਗ ਜਾਵੇਗਾ, ਕਿਉਂਕਿ ਬਹੁਤ ਦੁਖੀ ਸੀ ਉਹ ਅੱਜ। ਪਰ ਉਸਦੇ ਸਾਹਮਣੇ ਹੀ ਕਿਸੇ ਸਹਿਕਰਮੀ ਨੇ ਬਿਨਾ ਮੰਗੀ ਸਲਾਹ ਦਿੱਤੀ, 'ਆਪਣੀਆਂ ਚੀਜ਼ਾਂ ਨੂੰ ਸੰਭਾਲਣਾ ਸਿੱਖੋ ਲਾਲੂ।'
ਇਸਦੇ ਬਾਅਦ ਦਫਤਰ ਦੇ ਕੰਮ ਵਿੱਚ ਉਸਦਾ ਮਨ ਨਹੀਂ ਲੱਗਿਆ ਅਤੇ ਪੂਰੇ ਦਿਨ ਉਸਦੇ ਸਾਹਮਣੇ ਸੁਸ਼ਮਾ ਦਾ ਚਿਹਰਾ ਹੀ ਘੁੰਮਦਾ ਰਿਹਾ। ਵਿਆਹ ਤੋਂ ਪਹਿਲਾਂ ਦੀਆਂ ਮੁਲਾਕਾਤਾਂ ਯਾਦ ਆਉਂਦੀਆਂ ਰਹੀਆਂ। ਕਿੰਨੀਆਂ ਮਿੰਨਤਾਂ ਕਰਨ ਦੇ ਬਾਅਦ ਉਹ ਘੁੰਮਣ ਜਾਣ ਨੂੰ ਤਿਆਰ ਹੁੰਦੀ ਸੀ। ਅਵਿਨਾਸ਼ ਵੀ ਉਸਦੇ ਰੂਪ-ਰੰਗ ਦਾ ਦੀਵਾਨਾ ਸੀ। ਸੁਸ਼ਮਾ ਦੀਆਂ ਅੱਖਾਂ ਤੋਂ ਹਮੇਸ਼ਾ ਪਿਆਰ ਝਲਕਦਾ ਰਹਿੰਦਾ, ਪਰ ਵੀ ਸ਼ਬਦ ਨਾ ਨਿੱਕਲਦੇ, ਬਿਲਕੁਲ ਚੁੱਪ ਰਹਿੰਦੀ। ਅਚਾਨਕ ਇਹ ਸਭ ਯਾਦ ਕਰਕੇ ਅਵਿਨਾਸ਼ ਨੂੰ ਆਪਣੀ ਪਤਨੀ ਅਨਮੋਲ ਲੱਗਣ ਲੱਗੀ।
|