ਰਤਨਾ ਨੇ ਸਹੁਰੇ ਘਰ ਦੀ ਦੇਹਲੀ ਛੱਡ ਦਿੱਤੀ| ਕਿਸੇ ਨੇ ਉਸ ਨੂੰ ਰੋਕਿਆ ਵੀ ਨਹੀਂ| ਦੋਨਾਂ ਬੱਚਿਆਂ ਨੂੰ ਬੋਰਡਿੰਗ ਵਿੱਚ ਦਾਖਲ ਕਰਵਾ ਕੇ ਉਸਨੇ ਫਿਰ ਤੋਂ ਵਿਆਹ ਕਰਨ ਦਾ ਫੈਸਲਾ ਕੀਤਾ|
ਦੀਪਕ ਰਤਨਾ ਲਈ ਪਲਕਾਂ ਵਿਛਾ ਕੇ ਬੈਠਾ ਸੀ| ਉਸਦੀਆਂ ਦੋਨੋਂ ਜਵਾਨ ਕੁੜੀਆਂ ਰਤਨਾ ਦੇ ਘਰ ਆਉਣ ਤੇ ਖੁਸ਼ ਸੀ| ਮਾਨਸਿਕ ਤੌਰ ਤੇ ਵੀ ਬਿਲਕੁਲ ਤਿਆਰ ਸਨ| ਰਤਨਾ ਨੂੰ ਨਵੇਂ ਸਹੁਰੇ ਘਰ ਆ ਕੇ ਐਡਜਸਟ ਕਰਨ ਵਿੱਚ ਖਾਸ ਮੁਸ਼ਕਿਲ ਨਾ ਹੋਈ| ਉਸਦੇ ਚਿਹਰੇ ਤੇ ਫਿਰ ਰੌਣਕ ਆ ਗਈ|
ਮਹੀਨੇ ਦਾ ਦੂਜਾ ਸ਼ਨੀਵਾਰ ਆਉਂਦਾ, ਤਾਂ ਦੋਨਾਂ ਬੱਚਿਆਂ ਨੂੰ ਮਿਲਣ ਰਤਨਾ ਇਕੱਲੀ ਹੀ ਜਾਂਦੀ ਸੀ| ਬੱਚੇ ਛੋਟੇ ਜਰੂਰ ਸਨ, ਪਰ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਰਿਹਾ ਹੈ|
ਰਤਨਾ ਬੱਚਿਆਂ ਨੂੰ ਮਿਲਣ ਜਾਂਦੀ, ਤਾਂ ਬੱਚੇ ਉਸ ਨੂੰ ਤੰਗ ਨਾ ਕਰਦੇ| ਹਾਂ, ਸ਼ਾਮ ਦੇ ਸਮੇਂ ਵਿਛੜਨ ਦੇ ਟਾਇਮ ਉਹਨਾਂ ਨੂੰ ਚੰਗਾ ਨਾ ਲੱਗਦਾ| ਪਰ ਬੋਰਡਿੰਗ ਦੇ ਸਖਤ ਨਿਯਮਾਂ ਨੂੰ ਬਦਲਣਾ ਉਹਨਾਂ ਦੇ ਬਸ 'ਚ ਨਹੀਂ ਸੀ| ਬੋਰਡਿੰਗ ਤੋਂ ਘਰ ਤੱਕ ਦਾ ਸਫਰ ਵਿੱਚ ਹੰਝੂ ਰਤਨਾ ਦੀਆਂ ਅੱਖਾਂ ਵਿੱਚੋਂ ਟਪ-ਟਪ ਟਪਕਦੇ ਰਹਿੰਦੇ|
ਪੁਰਾਣੇ ਸਹੁਰੇ ਘਰ ਨੂੰ ਛੱਡ ਕੇ ਨਵੇਂ ਸਹੁਰੇ ਘਰ, ਮਤਲਬ ਦੀਪਕ ਦੇ ਘਰ ਆਉਣ ਵਿੱਚ ਰਤਨਾ ਨੂੰ ਲਗਭਗ ਚਾਰ ਮਹੀਨੇ ਲੱਗ ਗਏ ਸੀ| ਇਸ ਵਾਰ ਬੋਰਡਿੰਗ ਜਾਣ ਦਾ ਟਾਇਮ ਆਇਆ, ਤਾਂ ਰਤਨਾ ਇਕੱਲੀ ਨਹੀਂ ਸੀ| ਦੀਪਕ ਵੀ ਉਸਦੇ ਨਾਲ ਸੀ| ਦੀਪਕ ਰਤਨਾ ਦਾ ਨਵਾਂ ਪਤੀ ਅਤੇ ਰਤਨਾ ਦੇ ਪਹਿਲੇ ਪਤੀ ਦੇ ਬੱਚਿਆਂ ਦਾ ਸੌਤੇਲਾ ਬਾਪ|
ਦੀਪਕ ਨੂੰ ਦੇਖ ਕੇ ਦੋਨੋਂ ਬੱਚੇ ਬਹੁਤ ਹੈਰਾਨ ਹੋਏ ਸੀ| ਮਾਂ ਦੇ ਹੱਥਾਂ ਵਿੱਚ ਲਾਲ ਚੂੜਾ, ਸਿਰ ਤੇ ਸਿੰਦੂਰ ਅਤੇ ਲਾਲ ਸੂਹੇ ਕੱਪੜਿਆਂ ਵਿੱਚ ਚਹਕਦੇ ਮਾਂ ਦੇ ਚਿਹਰੇ ਨੇ ਉਹਨਾਂ ਨੂੰ ਹੈਰਾਨਗੀ ਵਿੱਚ ਪਾ ਦਿੱਤਾ ਸੀ|
ਗੱਲ ਸਮਝਦੇ ਉਹਨਾਂ ਨੂੰ ਦੇਰ ਨਾ ਲੱਗੀ| ਬੇਟੇ ਅੰਗਦ ਨੂੰ ਦੀਪਕ ਨਾਲ ਗੱਲ ਕਰਨਾ ਤਾਂ ਦੂਰ, ਉਸ ਨਾਲ ਹੈਲੋ ਕਰਨਾ ਵੀ ਚੰਗਾ ਨਾ ਲੱਗਿਆ| ਬੇਟੀ ਜੈਪਸੀਨ, ਰਤਨਾ ਦੇ ਗਲੇ ਲੱਗ ਕੇ ਖੂਬ ਰੋਈ| ਫਿਰ ਉਸਨੇ ਦੀਪਕ ਨਾਲ ਵੀ ਗੱਲ ਕੀਤੀ|
ਪੂਰੇ ਦਿਨ 'ਚ ਦੀਪਕ ਤੇ ਰਤਨਾ ਨੇ ਅੰਗਦ ਨਾਲ ਕਈ ਵਾਰ ਗੱਲ ਕਰਨੀ ਚਾਹੀ, ਪਰ ਉਹ ਉਹਨਾਂ ਤੋਂ ਦੂਰ ਹੀ ਰਿਹਾ|
ਅਗਲੇ ਕੁਝ ਮਹੀਨਿਆਂ ਵਿੱਚ ਰਤਨਾ ਕਦੀ ਇਕੱਲੀ, ਤਾਂ ਕਦੀ ਦੀਪਕ ਦੇ ਨਾਲ ਬੱਚਿਆਂ ਨੂੰ ਮਿਲਣ ਜਾਂਦੀ ਰਹੀ| ਜੈਪਸੀਨ ਦਾ ਵਿਹਾਰ ਚੰਗਾ ਰਹਿੰਦਾ ਪਰ ਅੰਗਦ ਜਿਵੇਂ ਅੰਦਰ ਹੀ ਅੰਦਰ ਕੁੜਦਾ ਰਹਿੰਦਾ|
ਇੱਕ ਵਾਰ ਦੀਪਕ, ਰਤਨਾ ਦੇ ਨਾਲ ਨਹੀਂ ਜਾ ਸਕਿਆ ਤਾਂ ਦੀਪਕ ਦੀ ਛੋਟੀ ਕੁੜੀ ਚਿਆ, ਰਤਨਾ ਦੇ ਨਾਲ ਚਲੀ ਗਈ| ਮਾਂ ਦੀ ਮੌਤ ਦੇ ਬਾਅਦ ਚਿਆ ਕਿਤੇ ਘੁੰਮਣ ਘੱਟ ਹੀ ਗਈ ਸੀ|
ਜੈਪਸੀਨ ਅਤੇ ਚਿਆ ਵਿੱਚ ਤਾਂ ਮਿਲਦੇ ਹੀ ਦੋਸਤੀ ਹੋ ਗਈ| ਅੰਗਦ ਤੇ ਵੀ ਚਿਆ ਦਾ ਜਾਦੂ ਅਜਿਹਾ ਚੱਲਿਆ ਕਿ ਉਹ ਇੱਕ ਹੀ ਮੁਲਾਕਾਤ ਵਿੱਚ ਉਸ ਦਾ ਦੋਸਤ ਬਣ ਗਿਆ| ਸ਼ਾਇਦ ਹਮਉਮਰ ਹੋਣ ਕਰਕੇ ਇਹ ਸਭ ਕੁਝ ਜਲਦੀ ਹੋ ਗਿਆ| ਚਿਆ ਜੈਪਸੀਨ ਤੋਂ ਪੰਜ ਸਾਲ ਵੱਡੀ ਸੀ ਅਤੇ ਅੰਗਦ, ਚਿਆ ਤੋਂ ਦੋ ਸਾਲ ਛੋਟਾ ਸੀ|
ਬਾਅਦ ਵਿੱਚ ਹੌਲੀ-ਹੌਲੀ ਅੰਗਦ ਅਤੇ ਦੀਪਕ ਵਿੱਚ ਵੀ ਗੱਲਬਾਤ ਹੋਣ ਲੱਗੀ| ਫਿਰ ਵੀ ਅੰਗਦ, ਦੀਪਕ ਨਾਲ ਘੱਟ ਹੀ ਗੱਲ ਕਰਦਾ ਸੀ|
ਰਤਨਾ ਨੇ ਚੈਨ ਦੀ ਸਾਹ ਲਈ| ਦੀਪਕ ਨੂੰ ਵੀ ਮੁਸ਼ਕਿਲ ਤੋਂ ਮੁਕਤੀ ਦੇ ਆਸਾਰ ਨਜ਼ਰ ਆਉਣ ਲੱਗੇ|
ਬੋਰਡਿੰਗ ਵਿੱਚ 'ਸਾਲਾਨਾ ਛੁੱਟੀਆਂ' ਹੋਣ ਗਈਆਂ ਸੀ| ਰਤਨਾ ਦੋਨਾਂ ਬੱਚਿਆਂ ਨੂੰ ਲੈਣ ਬੋਰਡਿੰਗ ਪਹੁੰਚੀ, ਤਾਂ ਅੰਗਦ ਨੇ ਨਵੇਂ ਘਰ ਜਾਣ ਤੋਂ ਮਨਾ ਕਰ ਦਿੱਤਾ| ਪਰ ਰਤਨਾ ਦੇ ਬਹੁਤ ਕਹਿਣ ਦੇ ਬਾਅਦ ਉਹ ਇਸ ਗੱਲ ਤੇ ਰਾਜੀ ਹੋਇਆ ਕਿ ਮਾਂ ਉਸ ਨੂੰ ਪੁਰਾਣੇ ਘਰ, ਦਾਦਾ-ਦਾਦੀ ਕੋਲ ਛੱਡ ਆਵੇਗੀ|
ਬੋਰਡਿੰਗ, ਨਵਾਂ ਘਰ, ਪੁਰਾਣਾ ਘਰ, ਨਵੇਂ-ਪੁਰਾਣੇ ਰਿਸ਼ਤਿਆਂ ਦੀ ਦੁਨੀਆ ਵਿੱਚ ਰਤਨਾ ਅਤੇ ਬੱਚਿਆਂ ਦਾ ਸਮਾਂ ਗੁਜਰਨ ਲੱਗਿਆ| ਬੱਚੇ ਬੋਰਡਿੰਗ ਤੋਂ ਛੁੱਟਦੇ, ਤਾਂ ਉਹਨਾਂ ਦਾ ਜਿਆਦਾ ਵਕਤ ਪੁਰਾਣੇ ਘਰ ਵਿੱਚ ਹੀ ਗੁਜਰਦਾ, ਖਾਸ ਕਰ ਕੇ ਅੰਗਦ ਦਾ|
ਦੀਪਕ ਦੀ ਵੱਡੀ ਕੁੜੀ ਪ੍ਰੀਤੀ ਲਈ ਰਿਸ਼ਤਾ ਆਇਆ, ਤਾਂ ਜਲਦੀ ਹੀ ਉਸਦੇ ਵਿਆਹ ਦਾ ਸਾਰਾ ਇੰਤਜਾਮ ਰਤਨਾ ਨੇ ਸੰਭਾਲ ਲਿਆ| ਪ੍ਰੀਤੀ ਡੋਲੀ ਵਿੱਚ ਬੈਠਣ ਤੋਂ ਪਹਿਲਾਂ ਦੀਪਕ ਅਤੇ ਚਿਆ ਤੋਂ ਜਿਆਦਾ, ਰਤਨਾ ਦੇ ਗਲੇ ਲੱਗ ਕੇ ਰੋਈ|
ਚਿਆ ਹੁਣ ਇਕੱਲੀ ਰਹਿ ਗਈ ਸੀ ਘਰ ਵਿੱਚ| ਉਸਦੇ ਕਹਿਣ ਤੇ ਅੰਗਦ ਅਤੇ ਜੈਪਸੀਨ ਨੂੰ ਬੋਰਡਿੰਗ ਤੋਂ ਹਟਾ ਕੇ ਘਰ ਬੁਲਾ ਲਿਆ ਗਿਆ|
ਜੈਪਸੀਨ ਅਤੇ ਚਿਆ ਵਿੱਚ ਗਹਿਰੀ ਦੋਸਤੀ ਹੋ ਗਈ| ਅੰਗਦ ਦਾਦਾ-ਦਾਦੀ ਕੋਲ ਜਾਂਦਾ ਤਾਂ ਭਾਵੁਕ ਹੋ ਜਾਂਦਾ| ਰਤਨਾ ਦੇ ਖਿਲਾਫ ਜੋ ਅੱਗ ਉੱਥੇ ਉਗਲੀ ਜਾਂਦੀ, ਉਸੇ ਨੂੰ ਸੱਚ ਮੰਨ ਲੈਂਦਾ ਉਹ|
|