|
|
ਉਹ ਸੱਠ ਦੀ ਉਮਰ ਪਾਰ ਕਰ ਚੁਕਿਆ ਸੀ. ਉਸਦੇ ਚਿਹਰੇ ਤੇ ਝੁਰੜੀਆਂ ਅਤੇ ਸਿਰ ਤੇ ਥੋੜ੍ਹੇ ਜਿਹੇ ਵਾਲ ਰਹਿ ਗਏ ਸਨ. ਦੰਦ ਨਾ ਰਹਿਣ ਨਾਲ ਮੂੰਹ ਪੋਪਲਾ ਸੀ. ਉਸਦਾ ਨਾਮ ਕੀ ਸੀ ਪਤਾ ਨਹੀਂ ਪਰ ਲੋਕ ਉਸਨੂੰ ਮਸ਼ਹੂਰੀ ਕਹਿ ਕੇ ਬੁਲਾਉਂਦੇ ਸੀ.
ਸ਼ਹਿਰ ਤੋਂ ਦੂਰ ਪਹਾੜੀ ਤਲਹੱਟੀ ਤੇ ਉਸਦਾ ਕੱਚਾ ਘਰ ਸੀ, ਜੋ ਉਸਦੀ ਤਰ੍ਹਾਂ ਹੀ ਪੁਰਾਣਾ ਹੋ ਚੁੱਕਿਆ ਸੀ. ਉਸਦੇ ਨਾਲ ਉਸਦੀ ਜਵਾਨ ਨੂੰਹ ਤੇ ਪੋਤਾ ਰਹਿੰਦੇ ਸੀ. ਕੁਝ ਸਾਲ ਪਹਿਲਾਂ ਉਸਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ. ਉਸ ਸਮੇਂ ਉਸਦੇ ਬੇਟੇ ਦੀ ਉਮਰ ਦਸ ਸਾਲ ਦੀ ਸੀ. ਉਸਨੇ ਬੇਟੇ ਨੂੰ ਕਦੇ ਮਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ.
ਉਸਨੂੰ ਪਿਆਰ ਨਾਲ ਪਾਲ-ਪਲੋਸ, ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਸੀ. ਉਸਦੀ ਨੌਕਰੀ ਬਹੁਤ ਦੂਰ ਲੱਗੀ ਸੀ. ਬੇਟੇ ਦੇ ਦੂਰ ਹੋਣ ਨਾਲ ਉਹ ਇਕੱਲਾ ਹੋ ਗਿਆ ਸੀ. ਉਸ ਨੂੰ ਆਪਣਾ ਇਕੱਲਾਪਨ ਬਹੁਤ ਬੁਰਾ ਲੱਗਦਾ ਸੀ.
ਉਸਦਾ ਬੇਟਾ ਜਵਾਨ ਸੀ. ਉਹ ਉਸ ਦੇ ਵਿਆਹ ਲਈ ਰਿਸ਼ਤੇ ਦੀ ਤਲਾਸ਼ ਵਿੱਚ ਸੀ. ਉਸ ਨੂੰ ਆਪਣੇ ਘਰ ਦੇ ਕੰਮ-ਕਾਜ ਅਤੇ ਆਪਣੀ ਦੇਖਭਾਲ ਲਈ ਇੱਕ ਸਮਝਦਾਰ ਬਹੂ ਦੀ ਜਰੂਰਤ ਸੀ. ਆਖਿਰ ਕਾਫੀ ਲੱਭਣ ਤੋਂ ਬਾਦ ਉਸ ਨੂੰ ਸੋਹਣੀ, ਸ਼ੁਸ਼ੀਲ ਕੁੜੀ ਮਿਲ ਗਈ ਸੀ. ਉਸਨੇ ਬਹੁਤ ਚਾਅ ਨਾਲ ਬੇਟੇ ਦਾ ਵਿਆਹ ਕੀਤਾ.
ਇੱਕ ਸਾਲ ਬਾਅਦ ਉਸ ਦੇ ਸੁੰਨੇ ਘਰ ਵਿੱਚ ਪੋਤੇ ਦੀਆਂ ਕਿਲਕਾਰੀਆਂ ਗੂੰਜਣ ਨਾਲ ਉਹ ਆਪਣੀ ਪਤਨੀ ਦਾ ਦੁੱਖ ਭੁੱਲ ਗਿਆ. ਚਾਰ ਸਾਲ ਪਹਿਲਾਂ ਉਸਦਾ ਬੇਟਾ ਰੱਬ ਨੂੰ ਪਿਆਰਾ ਹੋ ਗਿਆ. ਢਲਦੀ ਉਮਰ ਵਿੱਚ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ. ਜਵਾਨ ਬਹੂ ਅਤੇ ਪੋਤੇ ਦੀ ਪਰਵਰਿਸ਼ ਦਾ ਭਾਰ ਉਸ ਦੇ ਬੁੱਢੇ ਮੋਢਿਆਂ ਤੇ ਆ ਗਿਆ.
ਜੀਣ ਦੇ ਲਈ ਉਹ ਕੰਮ ਦੀ ਤਲਾਸ਼ ਵਿੱਚ ਮਾਰਿਆ-ਮਾਰਿਆ ਫਿਰਦਾ ਰਹਿੰਦਾ, ਪਰ ਉਸਦਾ ਬੁਢਾਪਾ ਉਸਦੇ ਤੇ ਕੰਮ ਵਿੱਚ ਦੀਵਾਰ ਬਣ ਜਾਂਦਾ. ਅੰਤ 'ਚ ਉਸਨੂੰ ਕੰਮ ਮਿਲਿਆ ਸੀ 'ਡੌਂਡੀ ਪਿੱਟਣ ਦਾ'. ਮਿਉਂਸੀਪਲ ਕਮੇਟੀ ਦੀ ਡੌਂਡੀ ਹੋਵੇ ਜਾਂ ਸਿਨੇਮੇ ਵਿੱਚ ਲੱਗੀ ਫਿਲਮ ਦੀ, ਕਿਸੇ ਜਲਸੇ ਦੀ ਹੋਵੇ ਜਾਂ ਕੰਪਨੀ ਦੇ ਨਵੇਂ ਸਾਲ ਦੀ. ਹਰ ਕੰਮ ਵਿੱਚ ਮਸ਼ਹੂਰੀ ਦੀ ਸੇਵਾ ਲਈ ਜਾਂਦੀ ਸੀ. ਉਹ ਗਲੀ-ਗਲੀ, ਬਾਜਾਰ ਵਿੱਚ ਡੌਂਡੀ ਪਿੱਟਦਾ. ਉਸਨੇ ਇਸ ਕੰਮ ਲਈ ਵਿਸ਼ੇਸ਼ ਵਰਦੀ ਬਣਵਾਈ ਸੀ.
ਕੋਟ-ਪੈਂਟ ਅਤੇ ਹੈਟ ਲਗਾ ਕੇ ਉਹ ਹੱਥ ਵਿੱਚ ਕਾਗਜ਼ ਲੈ ਕੇ, ਥਾਂ-ਥਾਂ ਡੌਂਡੀ ਪਿੱਟਦਾ. ਪਹਿਲਾਂ ਉਹ ਜੋਰ-ਜੋਰ ਨਾਲ ਢੋਲ ਵਜਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ. ਢੋਲ ਦੀ ਆਵਾਜ਼ ਸੁਣ ਕੇ ਉਸਦੇ ਕੋਲ ਲੋਕਾਂ ਦੀ ਭੀੜ ਲੱਗ ਜਾਂਦੀ ਸੀ. ਫਿਰ ਉਹ ਉੱਚੀ ਆਵਾਜ਼ ਵਿੱਚ ਬੋਲਣ ਲੱਗਦਾ -'ਹਰ ਖਾਸ ਤੇ ਆਮ ਨੂੰ, ਬੱਚੇ-ਬੁੱਢੇ, ਜਵਾਨ ਨੂੰ.
ਸੁਣੋ ਜਨਾਬੇ ਆਲਾ, ਕੀ ਕਹਿੰਦਾ ਹੈ ਮੁਨਾਦੀ ਵਾਲਾ. ਸੁਣਨਾ ਜਰਾ ਗੌਰ ਨਾਲ, ਗੱਲ ਕਰਨਾ ਕਿਸੇ ਹੋਰ ਨਾਲ.' ਏਨਾ ਕਹਿ ਕੇ ਉਹ ਆਪਣੇ ਹੱਥ ਵਿੱਚ ਫੜੇ ਕਾਗਜ ਨੂੰ ਜੋਰ-ਜੋਰ ਨਾਲ ਪੜ੍ਹਦਾ. ਸਭ ਪੜ੍ਹਨ ਤੋਂ ਬਾਦ ਉਹ ਇੱਕ ਬਾਰ ਫਿਰ ਢੋਲ ਨੂੰ ਪਿੱਟਦਾ ਤੇ ਅੱਗੇ ਵਧ ਜਾਂਦਾ. ਉਸ ਦੇ ਪਿੱਛੇ-ਪਿੱਛੇ ਗਲੀ ਦੇ ਬੱਚੇ ਸ਼ੋਰ ਮਚਾਉਣ ਲੱਗਦੇ.
ਸ਼ਾਮ ਨੂੰ ਜਦੋਂ ਉਹ ਥੱਕਿਆ ਹਾਰਿਆ ਘਰ ਪਹੁੰਚਦਾ ਤਾਂ ਉਸਦਾ ਪੋਤਾ ਬਿੱਟੂ ਉਸਨੂੰ ਪੁੱਛਦਾ -'ਦਾਦੂ, ਅੱਜ ਕਿਸ ਚੀਜ਼ ਦੀ ਮਸ਼ਹੂਰੀ ਕੀਤੀ?'' 'ਇੱਕ ਫਿਲਮ ਦੀ'. ' ਦਾਦੂ, ਮੈਂ ਫਿਲਮ ਦੇਖਾਂਗਾ.' ਬਿੱਟੂ ਜਿੱਦ ਕਰਦਾ. ' ਕੱਲ੍ਹ ਜਰੂਰ ਦਿਖਾਉਂਗਾ' ਮਸ਼ਹੂਰੀ ਪੋਤੇ ਨੂੰ ਗੋਦੀ ਉਠਾਏ ਕਹਿੰਦਾ. ਮਸ਼ਹੂਰੀ ਦਾ ਘਰ ਅਜਾਇਬਘਰ ਤੋਂ ਘੱਟ ਨਹੀਂ ਸੀ. ਉਸਦੇ ਘਰ ਦੀਆਂ ਕੰਧਾਂ ਤੇ ਭਿੰਨ-ਭਿੰਨ ਫਿਲਮਾਂ ਦੇ ਪੋਸਟਰ, ਕ੍ਰੀਮ, ਪਾਉਡਰ, ਬੀੜੀ-ਸਿਗਰੇਟ, ਸੁਰਮਾ, ਕਾਜਲ, ਚੂਰਨ ਨਾ ਜਾਣੇ ਕਿੰਨੀਆਂ ਚੀਜਾਂ ਸੀ. ਮਸ਼ਹੂਰੀ ਜਿਸ ਚੀਜ ਦਾ ਢਿੰਢੋਰਾ ਪਿੱਟਦਾ, ਉਸਦਾ ਇੱਕ ਪੀਸ ਨਮੂਨੇ ਦੇ ਤੌਰ ਤੇ ਆਪਣੇ ਕੋਲ ਰੱਖ ਲੈਂਦਾ.
ਮਸ਼ਹੂਰੀ ਨੂੰ ਹੁਣ ਢਿੰਢੋਰਾ ਪਿੱਟਣ ਦੇ ਨਾਲ ਇੱਕ ਹੋਰ ਕੰਮ ਮਿਲ ਗਿਆ ਸੀ. ਸਮਾਨ ਦੀ ਨਿਲਾਮੀ ਕਰਨ ਦਾ. ਜਿਸ ਨੂੰ ਆਪਣਾ ਸਮਾਨ ਵੇਚਣਾ ਹੁੰਦਾ, ਉਹ ਮਸ਼ਹੂਰੀ ਨੂੰ ਯਾਦ ਕਰਦਾ. ਉਸ ਨੂੰ ਨਿਲਾਮੀ ਦੇ ਪੈਸਿਆਂ ਦੇ ਨਾਲ ਕੁਝ ਕਮੀਸ਼ਨ ਵੀ ਮਿਲਦਾ.
ਹੁਣ ਕਦੇ ਵੀ ਉਹ ਕਿਤੇ ਨਿਲਾਮੀ ਕਰਦਾ, ਵਿਸਥਾਰ ਨਾਲ ਉਹਨਾਂ ਚੀਜ਼ਾਂ ਦੇ ਬਾਰੇ ਆਪਣੀ ਬਹੂ ਨੂੰ ਦੱਸਦਾ. ਉਸ ਸਮੇਂ ਉਸਦਾ ਪੋਤਾ ਬਿੱਟੂ ਬੜੇ ਧਿਆਨ ਨਾਲ ਆਪਣੇ ਦਾਦੂ ਦੀਆਂ ਗੱਲਾਂ ਸੁਣਦਾ. ਇੱਕ ਦਿਨ ਮਸ਼ਹੂਰੀ ਆਪਣੀ ਬਹੂ ਨੂੰ ਨਿਲਾਮੀ ਦੇ ਬਾਰੇ ਵਿੱਚ ਦੱਸ ਰਿਹਾ ਸੀ. ਬਿੱਟੂ ਕੋਲ ਬੈਠਾ ਸਭ ਸੁਣ ਰਿਹਾ ਸੀ , ਅਚਾਨਕ ਉਹ ਬੋਲਿਆ 'ਦਾਦੂ, ਨਿਲਾਮੀ ਵਿੱਚ ਸਾਇਕਲ ਵੀ ਹੁੰਦੀ ਹੈ?'
' ਕਿਸ ਤਰ੍ਹਾਂ ਦੀ ਸਾਇਕਲ ਬਿੱਟੂ?' ਮਸ਼ਹੂਰੀ ਅਣਜਾਣ ਬਣ ਕੇ ਬੋਲਿਆ. 'ਤਿੰਨ ਪਹੀਆਂ ਵਾਲੀ ਦਾਦੂ'. 'ਅੱਛਾ-ਅੱਛਾ, ਉਹ ਸਾਇਕਲ. ਕਿਸੇ ਨਿਲਾਮੀ ਵਿੱਚ ਹੋਵੇਗੀ ਤਾਂ ਜਰੂਰ ਲਿਆ ਦਵਾਂਗਾ.' ਮਸ਼ਹੂਰੀ ਬਿੱਟੂ ਦਾ ਦਿਲ ਰੱਖਦੇ ਬੋਲਿਆ. ਉਸ ਦਿਨ ਤੋਂ ਬਾਦ ਮਸ਼ਹੂਰੀ ਕਿਸੇ ਵੀ ਨਿਲਾਮੀ ਵਿੱਚ ਜਾਂਦਾ ਤਾਂ, ਉਸਦੀਆਂ ਨਜਰਾਂ ਸਾਇਕਲ ਦੀ ਖੋਜ ਵਿੱਚ ਰਹਿੰਦੀਆਂ. ਉਸ ਨੇ ਬਾਜਾਰ ਤੋਂ ਸਾਇਕਲ ਦਾ ਮੁੱਲ ਪੁੱਛਿਆ. 'ਦੋ ਸੌ ਪੰਜਾਹ ਰੁਪਏ' ਸਾਇਕਲ ਦਾ ਮੁੱਲ ਸੁਣ ਕੇ ਉਸਦਾ ਉਤਸ਼ਾਹ ਠੰਡਾ ਪੈ ਗਿਆ.
ਇੱਕ ਵਾਰ ਇੱਕ ਅੰਗਰੇਜ ਅਫਸਰ ਨੇ, ਜੋ ਆਪਣੇ ਦੇਸ਼ ਮੁੜ ਰਿਹਾ ਸੀ, ਮਸ਼ਹੂਰੀ ਨੂੰ ਬੁਲਾ ਕੇ ਆਪਣਾ ਸਮਾਨ ਨਿਲਾਮ ਕਰਨ ਦੀ ਇੱਛਾ ਪ੍ਰਗਟ ਕੀਤੀ. ਮਸ਼ਹੂਰੀ ਨੇ ਸਮਾਨ ਦੇਖਿਆ, ਤਾਂ ਉਸਦੀਆਂ ਅੱਖਾਂ ਚਮਕ ਉਠੀਆਂ. ਉੱਥੇ ਹੋਰ ਸਮਾਨ ਦੇ ਵਿੱਚ ਇੱਕ ਤਿੰਨ ਪਹੀਆਂ ਦੀ ਨਵੀਂ ਸਾਇਕਲ ਵੀ ਸੀ.
'ਸਾਹਿਬ, ਸਾਇਕਲ ਵੀ ਵੇਚੋਗੇ?' 'ਹਾਂ', ਅੰਗਰੇਜ ਬੋਲਿਆ. 'ਇਸਦੀ ਕਿੰਨੀ ਕੀਮਤ ਹੋਵੇਗੀ?' ਮਸ਼ਹੂਰੀ ਨੇ ਅੰਗਰੇਜ ਨੂੰ ਟੋਹਣਾ ਚਾਹਿਆ. 'ਡੇਢ ਸੌ ਰੁਪਏ!'. 'ਡੇਢ ਸੌ ਤਾਂ ਬਹੁਤ ਹੈ ਸਾਹਿਬ.' ਮਸ਼ਹੂਰੀ ਹੌਲੀ ਜਿਹੇ ਬੋਲਿਆ. 'ਅਰੇ, ਬਿਲਕੁਲ ਨਵੀਂ ਹੈ. ਅਜੇ ਇੱਕ ਸਾਲ ਪਹਿਲਾਂ ਹੀ ਖਰੀਦੀ ਸੀ.' 'ਸਾਹਿਬ, ਖਰੀਦਣ ਅਤੇ ਵੇਚਣ ਵਿੱਚ ਫਰਕ ਹੁੰਦਾ ਹੈ...' 'ਠੀਕ ਹੈ,ਪੰਜਾਹ ਰੁਪਏ ਤੋਂ ਨਿਲਾਮੀ ਸ਼ੁਰੂ ਕਰਨਾ.' 'ਨਿਲਾਮੀ ਕਦੋਂ ਹੋਵੇਗੀ, ਸਾਹਿਬ?'. 'ਪਰਸੋਂ!'. 'ਏਨੀ ਜਲਦੀ ਸਾਹਿਬ?.' 'ਹਾਂ, ਸਾਨੂੰ ਸਾਡੇ ਦੇਸ਼ ਜਲਦੀ ਮੁੜਨਾ ਹੈ.' 'ਉਹ ਤਾਂ ਠੀਕ ਹੈ ਸਾਹਿਬ, ਪਰ ਨਿਲਾਮੀ ਜਿੰਨੀ ਦੇਰ ਨਾਲ ਹੋਵੇਗੀ, ਲਾਭ ਤੁਹਾਨੂੰ ਹੀ ਹੋਵੇਗਾ'. 'ਮੈਂ ਸਮਝਿਆ ਨਹੀਂ?' ਅੰਗਰੇਜ ਨੇ ਪੁੱਛਿਆ.
' ਮੈਂ ਚਾਰ ਦਿਨਾਂ ਤੱਕ ਨਿਲਾਮੀ ਦਾ ਢਿੰਢੋਰਾ, ਦੂਰ ਤੱਕ ਪਿੱਟਾਂਗਾ. ਇਸ ਨਾਲ ਨਿਲਾਮੀ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਹੋਣਗੇ ਅਤੇ ਤੁਹਾਡੇ ਸਮਾਨ ਦਾ ਮੁੱਲ ਵਧ ਜਾਏਗਾ.' ਮਸ਼ਹੂਰੀ ਨੇ ਕਿਹਾ. 'ਠੀਕ ਹੈ, ਚਾਰ ਦਿਨ ਬਾਦ ਕਰਨਾ'. ਅੰਗਰੇਜ ਨੇ ਸਹਿਮਤੀ ਪ੍ਰਗਟ ਕੀਤੀ. ਉਸ ਰਾਤ ਮਸ਼ਹੂਰੀ ਨੇ ਬਿੱਟੂ ਨੂੰ ਗੋਦ ਵਿੱਚ ਲੈ ਕੇ ਪਲੋਸਦੇ ਹੋਏ ਕਿਹਾ-' ਬਿੱਟੂ, ਤੂ ਸਾਇਕਲ ਮੰਗਦਾ ਸੀ ਨਾ ?"
'ਹਾਂ, ਦਾਦੂ.' ਮੇਰਾ ਸਾਇਕਲ ਲੈਣ ਨੂੰ ਬਹੁਤ ਦਿਲ ਕਰਦਾ ਹੈ.' 'ਚਾਰ ਦਿਨਾਂ ਬਾਦ ਮੈਂ ਤੈਨੂੰ ਨਵੀਂ ਸਾਇਕਲ ਲਿਆ ਦਵਾਂਗਾ.'
'ਸੱਚ ਦਾਦੂ?' ਬਿੱਟੂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ.
'ਹਾਂ, ਬਿੱਟੂ. ਚਾਰ ਦਿਨ ਬਾਦ ਇੱਕ ਅੰਗਰੇਜ ਦੇ ਸਮਾਨ ਦੀ ਨਿਲਾਮੀ ਹੋਵੇਗੀ, ਉਸ ਵਿੱਚ ਸਾਇਕਲ ਵੀ ਹੈ.' ਬਿੱਟੂ ਖੁਸ਼ੀ ਨਾਲ ਮਸ਼ਹੂਰੀ ਦੀ ਛਾਤੀ ਨਾਲ ਲੱਗ ਗਿਆ, 'ਮੇਰੇ ਪਿਆਰੇ ਦਾਦੂ...ਮੇਰੇ ਚੰਗੇ ਦਾਦੂ'. ਉਹ ਉਛਲਣ ਲੱਗਿਆ.
ਅਗਲੇ ਦਿਨ ਮਸ਼ਹੂਰੀ ਅੰਗਰੇਜ ਆਫਸਰ ਦੇ ਸਮਾਨ ਦੀ ਡੌਂਡੀ ਪਿੱਟ ਰਿਹਾ ਸੀ. ਉਹ ਇੱਕ ਕਾਗਜ ਵਿੱਚ ਲਿਖੀ ਸਮਾਨ ਦੀ ਸੂਚੀ ਨੂੰ ਪੜ੍ਹ ਕੇ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ- 'ਸੁਣੋ ਸਾਹਿਬਾਨ, ਇੱਕ ਅੰਗਰੇਜ ਅਫਸਰ ਆਪਣੇ ਦੇਸ਼ ਵਾਪਿਸ ਜਾ ਰਿਹਾ ਹੈ. ਉਹ ਆਪਣਾ ਸਮਾਨ ਜਿਸ ਵਿੱਚ ਰੰਗੀਨ ਟੀ.ਵੀ., ਪਲੰਗ, ਸੋਫਾ, ਸਟੀਲ ਦੀ ਅਲਮਾਰੀ, ਮੇਜ-ਕੁਰਸੀਆਂ, ਕੈਮਰਾ, ਕੱਪੜੇ ਧੋਣ ਦੀ ਮਸ਼ੀਨ, ਦੂਰਬੀਨ ਆਦਿ ਵੇਚਣਾ ਚਾਹੁੰਦਾ ਹੈ. ਸਮਾਨ ਬਿਲਕੁਲ ਨਵਾਂ ਹੈ. ਇਹ ਜਿਹਾ ਮੌਕਾ ਫਿਰ ਨਹੀਂ ਮਿਲੇਗਾ.
ਸਮਾਨ ਦੇਖੋ, ਖਰੀਦੋ ਤੇ ਘਰ ਦੀ ਸ਼ਾਨ ਵਧਾਉ.' ਮਸ਼ਹੂਰੀ ਨੇ ਕਈ ਚੀਜਾਂ ਦੇ ਨਾਮ ਲਏ, ਪਰ ਬੱਚਿਆਂ ਦੀ ਸਾਇਕਲ ਦੀ ਗੱਲ ਟਾਲ ਗਿਆ. ਉਹ ਨਹੀਂ ਚਾਹੁੰਦਾ ਸੀ ਕਿ ਕੋਈ ਸਾਇਕਲ ਖਰੀਦਣ ਦਾ ਇੱਛਕ, ਨਿਲਾਮੀ ਵਿੱਚ ਸ਼ਾਮਿਲ ਹੋਵੇ. ਇਹ ਸਾਇਕਲ, ਉਸਦੇ ਪੋਤੇ ਬਿੱਟੂ ਦੀ ਹੈ ਅਤੇ ਉਹ ਹੀ ਉਸ ਨੂੰ ਖਰੀਦੇਗਾ.
ਨਿਲਾਮੀ ਦੇ ਦਿਨ, ਮਸ਼ਹੂਰੀ ਸਵੇਰੇ ਹੀ ਅੰਗਰੇਜ ਦੇ ਘਰ ਪਹੁੰਚ ਗਿਆ. ਉਹ ਆਪਣੇ ਨਾਲ ਇੱਕ ਦੋਸਤ ਨੂੰ ਵੀ ਲੈ ਕੇ ਆਇਆ. ਮਸ਼ਹੂਰੀ ਨੇ ਉਸਨੂੰ ਬੱਚੇ ਦੀ ਸਾਇਕਲ ਦਿਖਾ ਕੇ ਕੁਝ ਸਮਝਾਇਆ ਅਤੇ ਅੱਸੀ ਰੁਪਏ ਉਸਦੀ ਜੇਬ ਵਿੱਚ ਪਾ ਦਿੱਤੇ.
ਦੁਪਿਹਰ ਤੱਕ ਅੰਗਰੇਜ ਦਾ ਘਰ ਲੋਕਾਂ ਨਾਲ ਭਰ ਚੁੱਕਾ ਸੀ. ਮਸ਼ਹੂਰੀ ਨੇ ਨਿਲਾਮੀ ਦਾ ਸਿਲਸਿਲਾ ਸ਼ੁਰੂ ਕੀਤਾ. ਹੌਲੀ-ਹੌਲੀ ਉਸਨੇ ਸਾਰਾ ਸਮਾਨ ਚੰਗੇ ਮੁੱਲਾਂ ਵਿੱਚ ਵੇਚ ਦਿੱਤਾ. ਅੰਗਰੇਜ ਉਸਦੇ ਕੰਮ ਤੋਂ ਖੁਸ਼ ਸੀ.
ਹੁਣ ਉੱਥੇ ਬੱਚੇ ਦੀ ਸਾਇਕਲ ਬਚੀ ਸੀ. ਮਸ਼ਹੂਰੀ ਨੇ ਸਾਇਕਲ ਨਿਲਾਮ ਕਰਨ ਤੋਂ ਪਹਿਲਾਂ, ਉਸਨੂੰ ਦੇਖਿਆ. ਇਹ ਮੇਰੇ ਬਿੱਟੂ ਦੀ ਹੈ. ਉਹ ਅੱਜ ਇਸਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੋਇਗਾ. ਇਸਨੂੰ ਮੈਂ ਹੀ ਖਰੀਦਾਂਗਾ. ਮਨ ਵਿੱਚ ਸੋਚਕੇ ਮਸ਼ਹੂਰੀ ਨੇ ਕੰਬਦੇ ਹੱਥਾਂ ਨਾਲ ਸਾਇਕਲ ਚੁੱਕੀ ਅਤੇ ਭੀੜ ਨੂੰ ਦੇਖਦੇ ਹੋਏ ਕਿਹਾ-' ਸਾਹਿਬਾਨ, ਨਿਲਾਮੀ ਦਾ ਆਖਰੀ ਤੋਹਫਾ, ਬੱਚੇ ਦੀ ਸਾਇਕਲ!, ਲੈ ਜਾਉ ਆਪਣੇ ਕਲੇਜੇ ਦੇ ਟੁਕੜੇ ਦੇ ਲਈ, ਪੋਤੇ-ਦੋਹਤੇ ਦੇ ਲਈ.
' ਇਹ ਕਹਿ ਕੇ ਉਸਨੇ ਭੀੜ ਵਿੱਚ ਖੜ੍ਹੇ ਆਪਣੇ ਦੋਸਤ ਤੇ ਨਜਰ ਮਾਰੀ. ਮਸ਼ਹੂਰੀ ਨੇ ਨਿਲਾਮੀ ਸ਼ੁਰੂ ਕੀਤੀ-' ਬਾਜਾਰ ਵਿੱਚ ਇਸ ਸਾਇਕਲ ਦਾ ਮੁੱਲ ਢਾਈ ਸੌ ਰੁਪਏ ਹੈ, ਪਰ ਸਾਹਿਬ ਨੇ ਇਸਦੀ ਕੀਮਤ ਪੰਜਾਹ ਰੁਪਏ ਰੱਖੀ ਹੈ. ਹੁਣ ਤੁਸੀਂ ਇਸ ਦਾ ਮੁੱਲ ਬੋਲੋ.' ਕਹਿੰਦੇ ਹੋਏ ਮਸ਼ਹੂਰੀ ਦੀਆਂ ਅੱਖਾਂ ਸਾਹਮਣੇ ਬਿੱਟੂ ਦਾ ਮਾਸੂਮ ਚਿਹਰਾ ਮੂਰਤ ਹੋ ਉਠਿਆ.
' ਪਚਵੰਜਾ ਰੁਪਏ', ਇੱਕ ਆਵਾਜ ਆਈ. ' ਪੈਂਹਠ ਰੁਪਏ', ਦੂਸਰੀ ਆਵਾਜ ਵਾਤਾਵਰਣ ਵਿੱਚ ਗੂੰਜਿਆ. ' ਪਚਤੱਰ ਰੁਪਏ', ਮਸ਼ਹੂਰੀ ਦਾ ਸਾਥੀ, ਕੰਨ ਪਾੜ ਕੇ ਬੋਲਿਆ. ਕੁਝ ਦੇਰ ਦੇ ਲਈ ਉੱਥੇ ਖਾਮੋਸ਼ੀ ਛਾ ਗਈ. ਮਸ਼ਹੂਰੀ ਦੀਆਂ ਅੱਖਾਂ ਵਿੱਚ ਚਮਕ ਆ ਗਈ.
ਹੁਣ ਇਹ ਸਾਇਕਲ ਮੇਰੇ ਬਿੱਟੂ ਦੀ ਹੋ ਜਾਵੇਗੀ. ਬਸ ਇੱਕ, ਦੋ, ਤਿੰਨ ਕਹੂੰਗਾ ਅਤੇ ਨਿਲਾਮੀ ਖਤਮ. ਸਾਇਕਲ ਲੈ ਕੇ ਜਿਵੇਂ ਹੀ ਮੈਂ ਘਰ ਵਿੱਚ ਕਦਮ ਰੱਖੂੰਗਾ, ਬਿੱਟੂ ਉਸਨੂੰ ਦੇਖ ਕੇ ਖੁਸ਼ੀ ਨਾਲ ਉੱਛਲ ਪਏਗਾ ਤੇ ਕਹੇਗਾ-'ਮੇਰੇ ਦਾਦੂ, ਸਾਇਕਲ ਲੈ ਆਏ, ਮੇਰੇ ਪਿਆਰੇ ਦਾਦੂ, ਮੇਰੇ ਚੰਗੇ ਦਾਦੂ.' ਮਸ਼ਹੂਰੀ ਕਲਪਨਾ ਵਿੱਚ ਡੁੱਬਿਆ ਹੋਇਆ ਸੋਚ ਰਿਹਾ ਸੀ, ਕਿ ਭੀੜ ਵਿੱਚੋਂ ਕਿਸੇ ਨੇ ਸੌ ਰੁਪਏ ਦਾ ਸ਼ਬਦ ਉਛਾਲ ਦਿੱਤਾ.
ਮਸ਼ਹੂਰੀ ਨੇ ਉਸ ਵਿਅਕਤੀ ਨੂੰ ਜਲਦੀ ਨਜਰਾਂ ਨਾਲ ਦੇਖਿਆ ਤੇ ਜੋਰ ਨਾਲ ਬੋਲਿਆ- 'ਸੌ ਰੁਪਏ ਇੱਕ' 'ਸੌ ਰੁਪਏ ਦੋ' ਪਰ 'ਸੌ ਰੁਪਏ ਤਿੰਨ' ਕਹਿੰਦੇ ਹੋਏ ਮਸ਼ਹੂਰੀ ਰੁਕ ਗਿਆ. 'ਮੇਰਾ ਸਾਇਕਲ ਲੈਣ ਨੂੰ ਬਹੁਤ ਦਿਲ ਕਰਦਾ ਹੈ'. ਬਿੱਟੂ ਦੀ ਤੁਤਲੀ ਆਵਾਜ ਉਸਦੇ ਕੰਨਾਂ ਵਿੱਚ ਵਾਰ-ਵਾਰ ਵੱਜ ਰਹੀ ਸੀ. ਉਹ ਕੀ ਮੂੰਹ ਲੈ ਕੇ ਪੋਤੇ ਦੇ ਕੋਲ ਜਾਵੇਗਾ. ਸੋਚਕੇ ਉਸਦੀਆਂ ਅੱਖਾਂ ਭਰ ਆਈਆਂ. 'ਨਿਲਾਮੀ ਖਤਮ ਕਰੋ' , ਭੀੜ ਵਿੱਚੋਂ ਸੌ ਰੁਪਏ ਵਾਲਾ ਵਿਅਕਤੀ ਬੋਲਿਆ.
ਮਸ਼ਹੂਰੀ ਨੇ ਆਪਣੇ ਹੰਝੂ ਪੂੰਝੇ ਅਤੇ ਕਮਜੋਰ ਆਵਾਜ ਵਿੱਚ ਬੋਲਿਆ-'ਸੌ ਰੁਪਏ...' ਤਿੰਨ ਦਾ ਸ਼ਬਦ ਉਸਦੇ ਗਲੇ ਵਿੱਚ ਅਟਕ ਕੇ ਰਹਿ ਗਿਆ ਸੀ.
ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ. ਉਸਦਾ ਪੂਰਾ ਸਰੀਰ, ਇੱਕ ਵਾਰ ਸੁੱਕੇ ਪੱਤੇ ਦੀ ਤਰ੍ਹਾਂ ਜੋਰ ਨਾਲ ਕੰਬਿਆ ਅਤੇ ਉਹ ਕੱਟੇ ਪੌਦੇ ਦੀ ਤਰ੍ਹਾਂ ਜਮੀਨ ਤੇ ਡਿੱਗ ਪਿਆ
|
|
|
|
|