ਮੱਲਾ, ਉਧਰਲੇ ਪੰਜਾਬ ਤੋਂ ਆਇਐ?'' ਬਜ਼ੁਰਗ ਨੇ ਮੇਰੇ ਸਿਰ 'ਤੇ ਹੱਥ ਰੱਖਦੇ ਹੋਏ ਪੁੱਛਿਆ।'' ਹਾਂ ਬਾਬਾ ਜੀ, ਨਾਨਕ ਦੀ ਧਰਤੀ ਜ਼ਿਆਰਤ ਕਰਨ ਉਧਰੋਂ ਹੀ ਆਇਆ'' ਮੈਂ ਬੜੀ ਨਿਮਰਤਾ ਨਾਲ ਜਵਾਬ ਦਿੱਤਾ।'' ਹਲਾ, ਚੰਗਾ ਕੀਤੈ, ਬਹੁਤ ਚੰਗਾ ਕੀਤੈ।'' ਬਾਬੇ ਨੇ ਗੱਲ ਅਗਾਂਹ ਤੋਰਨ ਦੇ ਮੂਡ ਵਿਚ ਮੇਰੇ ਲਾਗੇ ਬੈਠਦੇ ਹੋਏ ਕਿਹਾ।ਤਕਰੀਬਨ ਰਾਤ ਦੇ ਅੱਠ ਕੁ ਵਜੇ ਦਾ ਵਕਤ ਹੋਵੇਗਾ। ਮੈਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਹਮਣੇ ਵਾਲੇ ਛੋਟੇ ਜਿਹੇ ਬਾਜ਼ਾਰ ਵਿਚ ਚਾਹ ਦੁੱਧ ਦੀ ਦੁਕਾਨ ਵਿਚ ਬੈਠਾ ਦੁੱਧ ਪੀ ਰਿਹਾ ਸੀ। ਦਸੰਬਰ ਮਹੀਨਾ ਹੋਣ ਕਾਰਨ ਖੇਸਾਂ ਦੀ ਬੁੱਕਲ ਮਾਰੀ ਤਿੰਨ ਚਾਰ ਹੋਰ ਆਦਮੀ ਵੀ ਉਥੇ ਬੈਠੇ ਸਨ ਅਤੇ ਉਨ੍ਹਾਂ ਦਾ ਧਿਆਨ ਵੀ ਸਾਡੀਆਂ ਗੱਲਾਂ ਵੱਲ ਸੀ। ਮੈਂ ਗੁਰਦੁਆਰੇ ਵਿਚ ਸਿੱਖ ਸੰਗਤਾਂ ਦੀ ਕੰਬਲਾਂ ਅਤੇ ਕਮਰਿਆਂ ਕਾਰਨ ਹੋਈ ਖਿੱਚ ਧੂਹ ਵੇਖ ਕੇ ਬਹੁਤ ਦੁਖੀ ਸੀ। ਬਹੁਤ ਸਾਰੇ ਲੋਕ ਪਰਮਜੀਤ ਸਿੰਘ ਸਰਨਾ ਨੂੰ ਬੁਰਾ ਭਲਾ ਕਹਿ ਰਹੇ ਸਨ। ਕਿਉਂਕਿ ਉਨ੍ਹਾਂ ਮੁਤਾਬਕ ਸਰਨਾ ਨੇ ਦਿੱਲੀ ਦੀਆਂ ਸੰਗਤਾਂ ਨੂੰ ਤਰਜੀਹ ਦਿੱਤੀ ਸੀ ਬਾਕੀ ਥਾਵਾਂ ਦੇ ਲੋਕ ਕੰਬਲਾਂ ਅਤੇ ਰਜ਼ਾਈਆਂ ਲਈ ਟੱਕਰਾਂ ਮਾਰ ਰਹੇ ਸਨ। ਇਕ ਦੋ ਨੇ ਤਾਂ ਬਾਹਰ ਰਹਿਣ ਦਾ ਇੰਤਜ਼ਾਮ ਵੀ ਕਰ ਲਿਆ ਸੀ।ਮੈਂ ਆਪਣਾ ਵੀਡੀਓ ਕੈਮਰਾ ਲੈ ਕੇ ਬਾਹਰ ਨਿਕਲ ਗਿਆ ਸੀ ਤਾਂ ਬਾਬਾ ਨਾਨਕ ਦੇ ਜਨਮ ਅਸਥਾਨ ਦੀਆਂ ਗਲੀਆਂ ਬੀਹੀਆਂ, ਕੰਧਾਂ ਅਤੇ ਹੋਰ ਨਿਸ਼ਾਨੀਆਂ ਨੂੰ ਕੈਮਰੇ ਵਿਚ ਸਾਂਭ ਸਕਾਂ। ਉਂਜ ਵੀ ਮੈਂ ਨਨਕਾਣਾ ਸਾਹਿਬ ਸਿਰਫ ਦੋ ਦਿਨ ਹੀ ਰਹਿਣਾ ਸੀ ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਤੈਅ ਸੀ। ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿਚ ਦੋ ਦਿਨ ਲਈ ਲੈਕਚਰ ਦੇਣੇ ਸੀ ਅਤੇ ਇਕ ਐਫ. ਐਮ. ਰੇਡੀਓ ਅਤੇ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ਦਾ ਸਮਾਂ ਦਿੱਤਾ ਹੋਇਆ ਸੀ। | | ''ਕਿਹੜੀ ਸਰਕਾਰ, ਮੈਂ ਕਿਸੇ ਸਰਕਾਰ ਸਰਕੂਰ ਨੂੰ ਨਹੀਂ ਮੰਨਦਾ। ਮੈਂ ਤੈਨੂੰ ਕਹਿਤਾ, ਬਸ ਤੂੰ ਹੀ ਲਿਜਾ, ਤੇਰੇ ਕੋਲ ਹੀ ਜਾਣੈ ਤੁਹਾਨੂੰ ਮਿਲਣ ਜਾਣਾ, ਸਰਕਾਰ ਨੂੰ ਨਹੀਂ। |
| |
ਮੈਂ ਆਪਣੇ ਇਨ੍ਹਾਂ ਦੋਵਾਂ ਦਿਨਾਂ ਦਾ ਇਕ ਇਕ ਮਿੰਟ ਲੇਖੇ ਲਾਉਣਾ ਚਾਹੁੰਦਾ ਸੀ। ਇਸ ਕਾਰਨ ਮੈਂ ਸਵੇਰ ਤੋਂ ਬਾਬਾ ਨਾਨਕ ਦੇ ਜਨਮ ਸਥਾਨ 'ਤੇ ਮੱਥਾ ਟੇਕਣ ਤੋਂ ਬਾਅਦ ਇਕੱਲਾ ਹੀ ਪਿੰਡ ਵਿਚ ਨਿਕਲ ਗਿਆ ਸੀ। ਪਿੰਡ, ਜਿਹੜਾ ਕਿ ਹੁਣ ਕਸਬੇ ਦਾ ਰੂਪ ਧਾਰ ਚੁੱਕਾ ਹੈ, ਦੇ ਲੋਕ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆ ਰਹੇ ਸਨ। ਜੇ ਸਤਿਕਾਰ ਕਿਤੇ ਘੱਟ ਨਜ਼ਰ ਆ ਰਿਹਾ ਸੀ ਤਾਂ ਭਾਰਤੀ ਪੰਜਾਬ ਤੋਂ ਆਈਆਂ ਸੰਗਤਾਂ ਵਿਚ ਜੋ ਕਮਰਿਆਂ, ਦਰੀਆਂ ਅਤੇ ਕੰਬਲਾਂ ਲਈ ਲੜ ਰਹੀਆਂ ਸਨ। ਬਾਬੇ ਨਾਨਕ ਦੇ ਘਰ ਵਿਚ ਆ ਕੇ ਵੀ ਉਨ੍ਹਾਂ ਨੂੰ ਬਾਬੇ ਦੇ ਇਹ ਬੋਲ 'ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਤ' ਨਹੀਂ ਸਮਝ ਆ ਰਹੇ ਸਨ। ਮੇਰੇ ਜ਼ਿਹਨ ਵਿਚ ਉਹ ਸਾਕਾ ਯਾਦ ਆ ਰਿਹਾ ਸੀ ਜਦੋਂ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਇਸ ਗੁਰਦੁਆਰੇ ਨੂੰ ਮਸੰਦਾਂ ਤੋਂ ਆਜ਼ਾਦ ਕਰਵਾਇਆ ਸੀ। ਮੇਰੇ ਸਾਹਮਣੇ ਬਾਬੇ ਨਾਨਕ ਦਾ ਉਹ ਮਾਸੂਮ ਚਿਹਰਾ ਘੁੰਮ ਰਿਹਾ ਸੀ ਜਦੋਂ ਉਹ 20 ਰੁਪਏ ਦਾ ਸੱਚਾ ਸੌਦਾ ਕਰਕੇ ਘਰ ਨੂੰ ਪਰਤ ਰਹੇ ਸਨ ਅਤੇ ਪਿਤਾ ਦੇ ਗੁੱਸੇ ਨੂੰ ਯਾਦ ਕਰਕੇ ਸਾਥੀ ਬਾਲਾਂ ਨਾਲ ਘਰ ਤੋਂ ਥੋੜ੍ਹੀ ਦੂਰ ਦਰਖਤ ਹੇਠਾਂ ਬੈਠੇ ਸਨ। ਜਿਥੇ ਅੱਜ ਕੱਲ੍ਹ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਖੈਰ, ਅਜਿਹੀਆਂ ਸੋਚਾਂ ਵਿਚ ਹੀ ਮੈਂ ਚਾਹ-ਦੁੱਧ ਦੀ ਦੁਕਾਨ 'ਤੇ ਜਾ ਬੈਠਾ। ਦੁੱਧ ਪੀ ਰਿਹਾ ਸੀ ਜਦੋਂ ਇਕ 80 ਕੁ ਵਰ੍ਹਿਆਂ ਦੇ ਬਜ਼ੁਰਗ ਨੇ ਆ ਕੇ ਮੇਰੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਬਾਬੇ ਨੇ ਗੱਲ ਅੱਗੇ ਤੋਰਦੇ ਹੋਏ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਹੱਲਿਆਂ ਵੇਲੇ ਉਹ ਜਵਾਨ ਸੀ। ਉਸਦੇ ਪਿੰਡ ਦੇ ਬੇਲੀਆਂ ਨੇ ਬਥੇਰਾ ਜ਼ੋਰ ਲਾਇਆ ਕਿ ਉਹ ਨਾ ਜਾਵੇ ਪਰ ਨਾਨਕੇ ਨਹੀਂ ਮੰਨੇ ਅਤੇ ਉਹ ਨਾਨਕੇ ਆ ਗਿਆ, ਸਰੀਰ ਮੇਰਾ ਇਥੇ ਆ ਗਿਆ ਅਤੇ ਰੂਹ ਉਥੇ ਭਟਕ ਰਹੀ ਹੈ।'' ਬਾਬੇ ਦੇ ਚਿਹਰੇ 'ਤੇ ਉਦਾਸੀ ਝਲਕਦੀ ਉਸ ਦੀ ਮਾਂ ਭੂਮੀ ਦੇ ਪਿਆਰ ਦੀ ਬਾਤ ਪਾ ਰਹੀ ਸੀ। '' ਮੈਨੂੰ ਇਹ ਦੱਸ ਕਿ ਅੱਜ ਕੱਲ੍ਹ ਅਸਾਨੀ ਨਾਲ ਆਇਆ ਜਾਇਆ ਜਾ ਸਕਦੈ।'''' ਹਾਂ ਕੋਈ ਵੀ ਆ ਜਾ ਸਕਦੈ'' ਮੈਂ ਕਿਹਾ,'' ਹਲਾ, ਮੈਂ ਵੀ ਜਾ ਸਕਦਾਂ'' ਉਸ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ।'' ਹਾਂ, ਤੁਸੀਂ ਵੀਜ਼ਾਂ ਅਪਲਾਈ ਕਰੋ, ਸਰਕਾਰ ਤੁਹਾਨੂੰ ਵੀਜ਼ਾ ਦੇ ਦੇਵੇਗੀ ਫਿਰ ਤੁਸੀਂ ਜਾ ਸਕੋਗੇ।'' ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ। '' ਕਿਹੜੀ ਸਰਕਾਰ, ਮੈਂ ਕਿਸੇ ਸਰਕਾਰ ਸਰਕੂਰ ਨੂੰ ਨਹੀਂ ਮੰਨਦਾ। ਮੈਂ ਤੈਨੂੰ ਕਹਿਤਾ, ਬਸ ਤੂੰ ਹੀ ਲਿਜਾ, ਤੇਰੇ ਕੋਲ ਹੀ ਜਾਣੈ ਤੁਹਾਨੂੰ ਮਿਲਣ ਜਾਣਾ, ਸਰਕਾਰ ਨੂੰ ਨਹੀਂ। ਉਹ ਬਜ਼ੁਰਗ ਮੈਨੂੰ ਕਹਿਣ ਲੱਗਾ।ਮੈਨੂੰ ਲੱਗਾ ਜਿਵੇਂ ਦੋਵੇਂ ਪੰਜਾਬ ਇਕ ਦੂਜੇ ਨਾਲ ਸਿੱਧੀ ਗੱਲਬਾਤ ਕਰ ਰਹੇ ਹੋਣ। |