ਮਾਂ ਬੋਲੀ

ਇੱਕ ਦਿਨ ਰਾਜਾ ਕ੍ਰਿਸ਼ਨਦੇਵ ਦੇ ਦਰਬਾਰ ਵਿੱਚ ਇੱਕ ਮਹਾਂਪੁਰਖ ਆਏ। ਉਹਨਾਂ ਨੇ ਆ ਕੇ ਰਾਜਾ ਨੂੰ ਪੁੱਛਿਆ ਕਿ ਮੈਂ ਸੁਣਿਆ ਤੁਹਾਡੇ ਦਰਬਾਰ ਵਿੱਚ ਇੱਕ ਵਿਦਵਾਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ, ਜੇ ਤੁਹਾਡੇ ਵਿੱਚੋਂ ਕੋਈ ਵੀ ਉਸ ਦਾ ਜਵਾਬ ਦੇਵੇਗਾ ਤਾਂ ਮੈਂ ਮੰਨ ਲਵਾਂਗਾ ਤੁਸੀਂ ਬਹੁਤ ਸਮਝਦਾਰ ਹੋ ਅਤੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਤੁਸੀਂ ਉਸ ਵਿਦਵਾਨ ਦੀ ਵੀ ਮਦਦ ਲੈ ਸਕਦੇ ਹੋ। ਰਾਜਾ ਨੇ ਕਿਹਾ ਪੁੱਛੋ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਮਹਾਂਪੁਰਖ ਨੇ ਆਪਣੀ ਗੱਲ ਸ਼ੁਰੂ ਕੀਤੀ ਤਮਿਲ ਵਿੱਚ ਫਿਰ ਉਹ ਕੰਨੜ ਵਿੱਚ ਬੋਲਣ ਲੱਗ ਪਏ। ਫਿਰ ਮਲਿਆਲਮ ਵਿੱਚ ਬੋਲੇ। ਫਿਰ ਮਰਾਠੀ ਵਿੱਚ ਬੋਲਣ ਲੱਗ ਪਏ। ਉਹ ਹਰ ਭਾਸ਼ਾ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਹਰ ਭਾਸ਼ਾ ਨੂੰ ਬਿਲਕੁਲ ਚੰਗੀ ਤਰ੍ਹਾਂ ਬੋਲ ਰਹੇ ਸੀ। ਆਪਣੀ ਗੱਲ ਖਤਮ ਕਰਨ ਦੇ ਬਾਅਦ ਮਹਾਂਪੁਰਖ ਨੇ ਪੁੱਛਿਆ ਦੱਸੋ ਇਹਨਾਂ ਵਿੱਚੋਂ ਮੇਰੀ ਮਾਂ ਬੋਲੀ ਕਿਹੜੀ ਹੈ? ਰਾਜਾ ਸਮੇਤ ਦਰਬਾਰ ਵਿੱਚ ਬੈਠਾ ਹਰ ਦਰਬਾਰੀ ਸੋਚ ਵਿੱਚ ਪੈ ਗਿਆ ਕਿ ਇਹਨਾਂ ਦੀ ਮਾਂ ਬੋਲੀ ਕੀ ਹੋ ਸਕਦੀ ਹੈ ਕਿਉਂਕਿ ਮਹਾਂਪੁਰਖ ਹਰ ਭਾਸ਼ਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬੋਲ ਰਹੇ ਸੀ। ਮਹਾਰਾਜ ਨੂੰ ਤਾਂ ਇਸ ਦਾ ਜਵਾਬ ਸਮਝ ਨਹੀਂ ਆਇਆ ਉਹਨਾਂ ਨੇ ਸਾਰੇ ਦਰਬਾਰੀਆਂ ਵੱਲ ਵੇਖਿਆ। ਕਿਸੇ ਨੂੰ ਵੀ ਜਵਾਬ ਨਹੀਂ ਆਉਂਦਾ ਸੀ। ਫਿਰ ਰਾਜਾ ਨੇ ਤੇਨਾਲੀ ਰਾਮ ਵੱਲ ਵੇਖਿਆ। ਤੇਨਾਲੀ ਰਾਮ ਨੇ ਕਿਹਾ ਇਹ ਮਹਾਂਪੁਰਖ ਬਹੁਤ ਹੀ ਵਿਦਵਾਨ ਹਨ ਸਾਨੂੰ ਇਹਨਾਂ ਨੂੰ ਕੁੱਝ ਦਿਨਾਂ ਲਈ ਆਪਣੇ ਦਰਬਾਰ ਵਿੱਚ ਮਹਿਮਾਨ ਬਣਾ ਕੇ ਰੱਖਣਾ ਚਾਹੀਦਾ ਹੈ। ਅਸੀਂ ਇਹਨਾਂ ਤੋਂ ਕੁੱਝ ਗਿਆਨ ਲੈ ਲਵਾਂਗੇ ਅਤੇ ਇੱਕ ਦੋ ਦਿਨਾਂ ਵਿੱਚ ਇਹਨਾਂ ਦੇ ਸਵਾਲ ਦਾ ਜਵਾਬ ਵੀ ਦੇ ਦਿਆਂਗਾ। ਰਾਜੇ ਨੇ ਉਸ ਮਹਾਂਪੁਰਖ ਨੂੰ ਉੱਥੇ ਹੀ ਰੁੱਕਣ ਲਈ ਕਿਹਾ ਅਤੇ ਉਹ ਮਹਾਂਪੁਰਖ ਮੰਨ ਗਏ। ਉਹਨਾਂ ਨੂੰ ਪਤਾ ਸੀ ਕਿ ਉਹ ਭਾਸ਼ਾ ਨੂੰ ਬਹੁਤ ਹੀ ਚੰਗੀ ਤਰ੍ਹਾਂ ਬੋਲ ਲੈਂਦੇ ਹਨ। ਇਸਲਈ ਕੋਈ ਵੀ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਲੱਭ ਸਕੇਗਾ। ਤੇਨਾਲੀ ਰਾਮ ਰੋਜ ਮਹਾਂਪੁਰਖ ਕੋਲ ਜਾਣ ਲਗੇ ਅਤੇ ਉਹਨਾਂ ਨਾਲ ਧਰਮ ਦੇ ਵਿਸ਼ੇ ਤੇ ਚਰਚਾ ਕਰਨ ਲਗੇ। ਇੱਕ ਦਿਨ ਤੇਨਾਲੀ ਰਾਮ ਨੇ ਮਹਾਂਪੁਰਖ ਦੇ ਪੈਰਾਂ ਨੂੰ ਹੱਥ ਲਗਾਉਂਦੇ ਹੋਏ ਬਹੁਤ ਚਲਾਕੀ ਨਾਲ ਇੱਕ ਨੁਕੀਲੀ ਚੀਜ਼ ਨਾਲ ਮਹਾਂਪੁਰਖ ਦੇ ਪੈਰ ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਹਨਾਂ ਨੂੰ ਥੋੜਾ ਜਖਮ ਹੋ ਗਿਆ, ਪਰ ਉਹ ਸਮਝ ਨਹੀਂ ਸਕੇ ਕਿ ਤੇਨਾਲੀ ਰਾਮ ਨੇ ਕੀਤਾ ਹੈ। ਜਦੋਂ ਤੇਨਾਲੀ ਰਾਮ ਨੂੰ ਮਹਾਂਪੁਰਖ ਨੂੰ ਨੁਕੀਲੀ ਚੀਜ਼ ਖੁਭੋਈ ਤਾਂ ਉਹ ਦਰਦ ਦੇ ਮਾਰੇ ਤਮਿਲ ਵਿੱਚ ਆਪਣੀ ਮਾਂ ਨੂੰ ਯਾਦ ਕਰਨ ਲਗੇ। ਤੇਨਾਲੀ ਰਾਮ ਨੇ ਤੁਰੰਤ ਰਾਜਾ ਨੂੰ ਅਤੇ ਵੈਧ ਜੀ ਨੂੰ ਖ਼ਬਰ ਦਿੱਤੀ। ਵੈਧ ਜੀ ਨੇ ਆ ਕੇ ਮਹਾਂਪੁਰਖ ਨੂੰ ਦਵਾਈ ਲਗਾਈ ਅਤੇ ਅਰਾਮ ਕਰਨ ਨੂੰ ਕਿਹਾ। ਅਗਲੇ ਦਿਨ ਮਹਾਂਪੁਰਖ ਦੇ ਪੈਰ ਵਿੱਚ ਅਰਾਮ ਆ ਗਿਆ। ਉਹ ਰਾਜ ਦਰਬਾਰ ਵਿੱਚ ਆ ਕੇ ਰਾਜਾ ਨੂੰ ਕਹਿਣ ਲਗੇ ਮਹਾਰਾਜ ਮੈਨੂੰ ਇੱਥੇ ਆਏ ਚਾਰ ਦਿਨ ਹੋ ਗਏ, ਪਰ ਤੁਹਾਡੇ ਵਿਦਵਾਨ ਤੇਨਾਲੀ ਰਾਮ ਨੇ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਰਾਜੇ ਨੇ ਤੇਨਾਲੀ ਰਾਮ ਵੱਲ ਵੇਖਿਆ। ਤੇਨਾਲੀ ਰਾਮ ਖੜੇ ਹੋ ਗਏ ਅਤੇ ਤਮਿਲ ਵਿੱਚ ਗੱਲ ਕਰਦੇ ਹੋਏ ਬੋਲੇ ਮਹਾਰਾਜ ਮਹਾਂਪੁਰਖ ਦੀ ਮਾਂ ਬੋਲੀ ਤਮਿਲ ਹੈ। ਮਹਾਂਪੁਰਖ ਤੇਨਾਲੀ ਰਾਮ ਦ ਜਵਾਬ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਜਵਾਬ ਤਾਂ ਇੱਕਦਮ ਠੀਕ ਹੈ, ਪਰ ਤੇਨਾਲੀ ਰਾਮ ਤੁਹਾਨੂੰ ਕਿਵੇਂ ਪਤਾ ਲਗਿਆ। ਤੇਨਾਲੀ ਰਾਮ ਨੇ ਕਿਹਾ ਪਹਿਲਾਂ ਮੈਂ ਤੁਹਾਡੇ ਤੋਂ ਖਿਮਾ ਮੰਗਣਾ ਚਾਹੁੰਦਾ ਹਾਂ, ਪਰ ਸਹੀ ਗੱਲ ਇਹ ਹੈ ਕਿ ਜਦੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਹ ਦਰਦ ਵਿੱਚ ਆਪਣੀ ਮਾਂ ਬੋਲੀ ਵਿੱਚ ਹੀ ਬੋਲਦਾ ਹੈ। ਮਹਾਂਪੁਰਖ ਨੂੰ ਸਮਝ ਆ ਗਿਆ ਉਹਨਾਂ ਨੇ ਕਿਹਾ ਇਸ ਦਾ ਮਤਲਬ ਇਹ ਜਖਮ ਤੁਹਾਡੇ ਕਾਰਨ ਹੋਇਆ ਹੈ। ਤੇਨਾਲੀ ਰਾਮ ਨੇ ਕਿਹਾ ਹਾਂ ਜੀ ਪਰ ਮੈਨੂੰ ਜਵਾਬ ਲੱਭਣ ਲਈ ਇਹ ਕਰਨਾ ਪਿਆ ਮੈਨੂੰ ਖਿਮਾ ਕਰ ਦਿਉ। ਮਹਾਂਪੁਰਖ ਨੇ ਕਿਹਾ ਤੁਸੀਂ ਸੱਚ ਵਿੱਚ ਬਹੁਤ ਚਤੁਰ ਹੋ ਮੈਨੂੰ ਕੋਈ ਦੁੱਖ ਨਹੀਂ ਕਿ ਤੁਸੀਂ ਮੈਨੂੰ ਜਖਮੀ ਕੀਤਾ। ਰਾਜਾ ਤੇਨਾਲੀ ਰਾਮ ਨਾਲ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਤੇਨਾਲੀ ਰਾਮ ਨੂੰ ਇਨਾਮ ਵੀ ਦਿੱਤਾ।ਸਹਿਯੋਗ ਨਾਲ ਸਾਹਨੀ ਪਬਲੀਕੇਸ਼ੰਜ਼