ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਪਣੇ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਜਾ ਰਹੇ ਸਨ। ਰਾਹ ਵਿੱਚ ਇਕ ਮੁਸਾਫਰ ਬੇਰੀ ਨੂੰ ਪੱਥਰ ਮਾਰ ਰਿਹਾ ਸੀ। ਅਚਾਨਕ ਇੱਕ ਪੱਥਰ ਮਹਾਰਾਜਾ ਰਣਜੀਤ ਸਿੰਘ ਤੇ ਆਣ ਵੱਜਾ, ਜਿਸ ਦੇ ਕਾਰਨ ਖੂਨ ਵੱਗਣ ਲੱਗ ਗਿਆ।
ਮੰਤਰੀ ਨੇ ਉਸ ਮੁਸਾਫਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇ ਦਿਨ ਮਹਾਰਾਜਾ ਨੂੰ ਪੁਛਿਆ ਕਿ ਇਸ ਮੁਸਾਫਰ ਨੂੰ ਕਿ ਸਜਾ ਦਿੱਤੀ ਜਾਵੇ। ਜਦੋਂ ਉਸ ਮੁਸਾਫਰ ਨੂੰ ਰਾਜਾ ਦੇ ਸਾਹਮਨੇ ਪੇਸ਼ ਕੀਤਾ ਗਿਆ ਤਾਂ ਰਾਜਾ ਨੇ ਉਸ ਮੁਸਾਫਰ ਨੂੰ ਪੁਛਿਆ ਕਿ ਤੁਸੀਂ ਮੇਨੂੰ ਪੱਥਰ ਕਿਉਂ ਮਾਰਿਆ?
ਮੁਸਾਫਰ ਨੇ ਜਵਾਬ ਦਿੱਤਾ ਕਿ ਮਹਾਰਾਜ ਮੈਂ ਤੁਹਾਨੂੰ ਜਾਣ ਕੇ ਪੱਥਰ ਨਹੀਂ ਮਾਰਿਆ। ਮੈਨੂੰ ਭੁੱਖ ਲੱਗੀ ਸੀ ਇਸ ਲਈ ਮੈਂ ਬੇਰੀ ਨੂੰ ਪੱਥਰ ਮਾਰ ਰਿਹਾ ਸੀ ਕਿ ਮੈਨੂੰ ਬੇਰ ਪ੍ਰਾਪਤ ਹੋਣਗੇ ਤੇ ਮੇਰੀ ਭੁੱਖ ਦੂਰ ਹੋ ਜਾਏਗੀ, ਪਰ ਮੈਨੂੰ ਤੁਸੀਂ ਆਉਂਦੇ ਹੋਏ ਨਜ਼ਰ ਨਹੀਂ ਆਏ ਅਤੇ ਗਲਤੀ ਨਾਲ ਉਹ ਪੱਥਰ ਤੁਹਾਨੂੰ ਲੱਗ ਗਿਆ।
ਇਹ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਮੰਤਰੀ ਨੂੰ ਹੁਕੁਮ ਦਿੱਤਾ ਕਿ ਇਸ ਮੁਸਾਫਰ ਨੂੰ 500 ਰੁਪਏ ਅਤੇ ਮਠਿਆਈ ਦਿੱਤੀ ਜਾਏ। ਇਹ ਸੁਣ ਕੇ ਮੰਤਰੀ ਹੈਰਾਨ ਹੋ ਗਿਆ ਅਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ ਕਿ ਇਸ ਮੁਸਾਫਰ ਨੇ ਤਾਂ ਤੁਹਾਨੂੰ ਮਾਰਿਆ ਹੈ ਇਸ ਨੂੰ ਸਜਾ ਦੀ ਥਾਂ ਤੇ ਇਨਾਮ ਕਿਉਂ?
ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਇਹ ਬੇਰੀ ਨੂੰ ਪੱਥਰ ਮਾਰ ਰਿਹਾ ਸੀ ਤੇ ਉਹ ਬੇਰੀ ਪੱਥਰ ਦੀ ਮਾਰ ਖਾ ਕੇ ਵੀ ਇਸ ਨੂੰ ਬੇਰ ਦਿੰਦੀ ਹੈ ਤੇ ਜੇ ਇਸ ਦਾ ਪੱਥਰ ਮੈਨੂੰ ਲੱਗ ਗਿਆ ਤਾਂ ਮੈਨੂੰ ਵੀ ਇਸ ਨੂੰ ਖਾਣ ਲਈ ਕੁੱਝ ਤਾਂ ਦੇਣਾ ਹੀ ਚਾਹੀਦਾ ਹੈ। ਮੁਸਾਫਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਅਨੁਸਾਰ ਇਨਾਮ ਦਿੱਤਾ ਗਿਆ।
ਇਸ ਗੱਲ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਬੇਰੀ ਤੇ ਸਿੱਖਿਆ ਲੈਣੀ ਚਾਹੀਦੀ ਹੈ ਜੋ ਪੱਥਰ ਦੀ ਮਾਰ ਝੱਲ ਕੇ ਵੀ ਖਾਣ ਨੂੰ ਬੇਰ ਦਿੰਦੀ ਹੈ ਤਾਂ ਸਾਡਾ ਭਲਾ ਕਰਦੀ ਹੈ।
|