ਸਰਦੀਆਂ ਦੇ ਦਿਨਾਂ ਦੀ ਗੱਲ ਹੈ. ਇੱਕ ਸ਼ੇਰ ਧੁੱਪ ਮਾਣਨ ਲਈ ਲੇਟ ਗਿਆ. ਉਹ ਅਜੇ ਪੂਰੀ ਤਰ੍ਹਾਂ ਸੁੱਤਾ ਨਹੀਂ ਸੀ ਕਿ ਇੱਕ ਚੂਹਾ ਖੁੱਡ ਵਿੱਚੋਂ ਨਿਕਲਿਆ ਤੇ ਸ਼ੇਰ ਉੱਪਰ ਨੱਚਣ ਟੱਪਣ ਲਗ ਪਿਆ. ਸ਼ੇਰ ਦੀ ਜਾਗ ਖੁੱਲ ਗਈ. ਸ਼ੇਰ ਨੇ ਚੂਹਾ ਆਪਣੇ ਪੰਜੇ ਵਿੱਚ ਫੜ ਲਿਆ ਅਤੇ ਗੁੱਸੇ ਵਿੱਚ ਬੋਲਿਆ, '' ਮੇਰੇ ਸ਼ਰੀਰ ਉੱਤੇ ਚੜ੍ਹਨ ਦੀ ਤੂੰ ਕਿਵੇਂ ਹਿੰਮਤ ਕੀਤੀ.
ਹੁਣ ਮੈਂ ਤੈਨੂੰ ਇਸ ਗੁਸਤਾਖੀ ਦੀ ਸਜਾ ਦੇਵਾਂਗਾ. " ਚੂਹੇ ਨੇ ਗਿੜਗਿੜਾ ਕੇ ਮਿੰਨਤ ਕੀਤੀ, "ਮਹਰਾਜ ਮੈਥੋਂ ਗਲਤੀ ਹੋ ਗਈ. ਮੈਨੂੰ ਪਤਾ ਨਹੀਂ ਸੀ ਕਿ ਜੰਗਲ ਦੇ ਬਾਦਸ਼ਾਹ ਆਰਾਮ ਫਰਮਾ ਰਹੇ ਸਨ. ਮੈਨੂੰ ਮਾਫ ਕਰ ਦਿਉ. ਮੈਂ ਤੁਹਾਡੇ ਰਹਿਮ ਅਤੇ ਪਰਉਪਕਾਰ ਦਾ ਬਦਲਾ ਕਦੇ ਜ਼ਰੂਰ ਚੁਕਾ ਦੇਵਾਂਗਾ." ਚੂਹੇ ਦੇ ਇਹ ਸ਼ਬਦ ਸੁਣ ਕੇ ਸ਼ੇਰ ਖਿੜਖਿੜਾ ਕੇ ਹੱਸ ਪਿਆ ਅਤੇ ਚੂਹੇ ਨੂੰ ਛੱਡ ਦਿੱਤਾ. ਆਪ ਡੂੰਘੀ ਨੀਂਦ ਸੌਂ ਗਿਆ.
ਕੁਝ ਦਿਨ ਬੀਤ ਗਏ. ਜੰਗਲ ਵਿੱਚ ਸ਼ਿਕਾਰੀਆਂ ਦੀ ਟੋਲੀ ਸ਼ੇਰ ਫੜਨ ਲਈ ਆਈ ਅਤੇ ਉਹੀ ਸ਼ੇਰ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ. ਸ਼ੇਰ ਬਹੁਤ ਉੱਚੀ ਚਿੰਘਾੜਿਆ ਅਤੇ ਜਾਲ ਵਿੱਚੋਂ ਬਾਹਰ ਨਿਕਲਣ ਲਈ ਹੱਥ ਮਾਰੇ. ਸ਼ੇਰ ਦੀ ਆਵਾਜ਼ ਸੁਣ ਕੇ ਚੂਹਾ ਉੱਥੇ ਪਹੁੰਚਿਆ. ਉਸ ਨੇ ਕਿਹਾ, "ਮਹਰਾਜ ,ਤੁਸੀਂ ਹੌਂਸਲਾ ਰੱਖੋ. ਮੈਂ ਹੁਣੇ ਹੀ ਜਾਲ ਕੱਟ ਕੇ ਤੁਹਾਨੂੰ ਮੁਕਤ ਕਰਵਾ ਦਿੰਦਾ ਹਾਂ.
ਚੂਹੇ ਨੇ ਆਪਣੇ ਤੇਜ਼ ਦੰਦਾ ਨਾਲ ਜਾਲ ਦੀਆਂ ਰੱਸੀਆਂ ਕੱਟ ਦਿੱਤੀਆਂ ਅਤੇ ਸ਼ੇਰ ਜਾਲ ਵਿੱਚੋਂ ਨਿਕਲ ਗਿਆ. ਸ਼ੇਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਛੋਟਾ ਚੂਹਾ ਵੀ ਜੰਗਲ ਦੇ ਬਾਦਸ਼ਾਹ ਦੇ ਕੰਮ ਆ ਸਕਦਾ ਹੈ. ਸ਼ੇਰ ਨੇ ਚੂਹੇ ਦਾ ਧੰਨਵਾਦ ਕੀਤਾ ਅਤੇ ਉੱਥੋਂ ਚਲਾ ਗਿਆ.
|