ਇੱਕ ਵਾਰ ਦੀ ਗੱਲ ਹੈ ਕਿ ਇੱਕ ਤਲਾਬ ਵਿੱਚ ਤਿੰਨ ਮੱਛੀਆਂ ਰਹਿੰਨਦੀਆਂ ਸਨ. ਇੱਕ ਮੱਛੀ 'ਭਵਿੱਖ ਬਾਰੇ ਸੋਚਣ' ਵਾਲੀ ਸੀ ਅਤੇ ਦੂਸਰੀ ਸਮੇਂ ਸਿਰ ਕੰਮ ਕਰਨ ਵਾਲੀ ਸੀ ਅਤੇ ਤੀਸਰੀ ਕਿਸਮਤ ਵਿੱਚ ਯਕੀਨ ਰੱਖਣ ਵਾਲੀ ਸੀ. ਇੱਕ ਦਿਨ ਸ਼ਾਮ ਨੂੰ ਤਲਾਬ ਕੋਲੋਂ ਕੁਝ ਮਛੇਰੇ ਲੰਘ ਰਹੇ ਸਨ. ਉਨ੍ਹਾਂ ਨੇ ਵੇਖਿਆ ਕਿ ਤਾਲਾਬ ਤਾਂ ਮੱਛੀਆਂ ਨਾਲ ਭਰਿਆ ਹੋਇਆ ਹੈ.
ਮਛੇਰਿਆਂ ਨੇ ਯੋਜਨਾ ਬਣਾਈ ਕਿ ਸਵੇਰੇ ਹੀ ਆਪਣੇ ਜਾਲ ਲੈ ਕੇ ਆ ਜਾਵਾਗੇਂ. ਇਹ ਸ਼ਬਦ ਪਹਿਲੀ ਮੱਛੀ ਜੋ ਭਵਿੱਖ ਬਾਰੇ ਸੋਚਦੀ ਸੀ ਨੇ ਸੁਣ ਲਏ. ਉਸ ਨੇ ਸਾਰੀਆਂ ਮੱਛੀਆਂ ਨੂੰ ਬੁਲਾ ਕੇ ਕਿਹਾ, ਸਾਨੂੰ ਰਾਤ ਨੂੰ ਹੀ ਕਿਸੇ ਨੇੜੇ ਵਾਲੇ ਤਾਲਾਬ ਵਿੱਚ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਮਛੇਰਿਆਂ ਨੇ ਸਵੇਰੇ ਇਸ ਤਾਲਾਬ ਵਿੱਚ ਜਾਲ ਵਿਛਾਉਣਾ ਹੈ. ਇਸ ਲਈ ਇੱਥੇ ਰੁੱਕਣਾ ਠੀਕ ਨਹੀਂ ਹੈ. ਇਹ ਸੁਣ ਕੇ ਸਮੇਂ ਸਿਰ ਕੰਮ ਕਰਨ ਵਾਲੀ ਮੱਛੀ ਵੀ ਦੂਸਰੇ ਤਾਲਾਬ ਵਿੱਚ ਜਾਣ ਲਈ ਰਾਜ਼ੀ ਹੋ ਗਈ.
ਇਹ ਸੁਣ ਕੇ ਕਿਸਮਤ ਵਿੱਚ ਵਿਸ਼ਵਾਸ ਰੱਖਣ ਵਾਲੀ ਮੱਛੀ ਨੇ ਹੱਸ ਕੇ ਕਿਹਾ,"ਨਹੀਂ ਮੈਂ ਤਾਂ ਨਹੀਂ ਜਾਵਾਂਗੀ ਮੈਂ ਉਹਨਾਂ ਮਛੇਰਿਆਂ ਦੇ ਕਹਿਣ ਤੇ ਪਿਉ ਦਾਦੇ ਦਾ ਤਾਲਾਬ ਨਹੀਂ ਛੱਡਾਂਗੀ. ਜੇ ਮੌਤ ਆਉਣੀ ਹੈ ਤਾਂ ਉਹ ਦੂਜੀ ਥਾਂ ਤੇ ਵੀ ਆ ਜਾਵੇਗੀ. ਮੈਂ ਤਾਂ ਦੂਜੀ ਥਾਂ ਤੇ ਨਹੀਂ ਜਾਵਾਂਗੀ.ਤੁਸੀਂ ਇੱਥੋਂ ਚਲੀਆਂ ਜਾਉ." ਉਹ ਦੋਨੋਂ ਮੱਛੀਆਂ ਆਪਣੇ ਪਰਿਵਾਰ ਸਮੇਤ ਉੱਥੋਂ ਚਲੀਆਂ ਗਈਆਂ.
ਦੂਜੇ ਦਿਨ ਸਵੇਰੇ ਹੀ ਮਛੇਰਿਆਂ ਨੇ ਤਾਲਾਬ ਵਿੱਚ ਜਾਲ ਸੁੱਟ ਕੇ 'ਕਿਸਮਤ ਵਿੱਚ ਯਕੀਨ ਰੱਖਣ ਵਾਲੀ ਮੱਛੀ ' ਅਤੇ ਬਾਕੀ ਸਾਰੀਆਂ ਮੱਛੀਆਂ ਨੂੰ ਫੜ ਲਿਆ.
|