ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਲੇਖ » ਮੋਟਾਪੇ ਤੋਂ ਬਚਣ ਲਈ ਖਾਣ-ਪੀਣ 'ਤੇ ਕਾਬੂ ਜ਼ਰੂਰੀ (health and fitness tips)
 
ND
ਹਰੇਕ ਮੋਟਾ ਵਿਅਕਤੀ ਜੀਵਨ ਵਿਚ ਕਈ ਵਾਰ ਡਾਇਟਿੰਗ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿਚ ਕਈ ਵਾਰ ਸਫ਼ਲ ਹੁੰਦਾ ਹੈ ਅਤੇ ਕਈ ਵਾਰ ਅਸਫ਼ਲ। ਕਈ ਵਾਰ ਅਸੀਂ ਸਿਹਤ ਸਮੱਸਿਆਵਾਂ ਕਾਰਨ ਜਾਂ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਲਈ ਡਾਕਟਰ ਦੀ ਸਲਾਹ 'ਤੇ ਜਾਂ ਡਾਕਟਰ ਦੀ ਸਲਾਹ ਤੋਂ ਬਗੈਰ ਖੁਰਾਕ 'ਤੇ ਕਾਬੂ ਪਾਉਣ ਦਾ ਯਤਨ ਕਰਦੇ ਹਾਂ।

ਪਹਿਲਾਂ ਇਸ ਨੂੰ ਡਾਈਟਿੰਗ ਕਿਹਾ ਜਾਂਦਾ ਸੀ ਪ੍ਰੰਤੂ ਲੋਕ ਡਾਈਟਿੰਗ ਦਾ ਅਰਥ ਘੱਟ ਖਾਣਾ ਜਾਂ ਨਾ ਖਾਣਾ ਸਮਝਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ, ਇਸ ਲਈ ਹੁਣ ਡਾਕਟਰ ਡਾਈਟਿੰਗ ਕਰਨ ਤੋਂ ਮਨ੍ਹਾ ਕਰਦੇ ਹਨ ਸਗੋਂ ਡਾਈਟ ਕੰਟਰੋਲ ਕਰਨ ਨੂੰ ਕਹਿੰਦੇ ਹਨ।

ਜੇਕਰ ਅਸੀਂ ਭੋਜਨ ਕੰਟਰੋਲ ਦੇ ਸਿਧਾਂਤ ਨੂੰ ਸਮਝ ਲਈਏ ਅਤੇ ਉਸ ਦੇ ਅਨੁਸਾਰ ਆਪਣੀ ਭੋਜਨਸ਼ੈਲੀ ਬਣਾ ਲਈਏ ਤਾਂ ਅਸੀਂ ਮੋਟਾਪੇ ਦੀ ਸਮੱਸਿਆ ਤੋਂ ਮੁਕਤੀ ਪਾ ਸਕਦੇ ਹਾਂ ਅਤੇ ਆਪਣੀ ਦਿੱਖ ਨੂੰ ਸੁੰਦਰ ਬਣਾ ਸਕਦੇ ਹਾਂ।

ਇਥੇ ਅਸੀਂ ਦੇਖਦੇ ਹਾਂ ਕਿ ਸਾਨੂੰ ਭੋਜਨ ਕੰਟਰੋਲ ਕਰਨ ਲਈ ਕੀ ਕਰਨਾ ਚਾਹੀਦਾ ਹੈ:-

ਫਾਈਬਰ : ਭੋਜਨ ਵਿਚ ਫਾਈਬਰ ਜਾਂ ਰੇਸ਼ਾ ਸਾਨੂੰ ਫਲਾਂ ਜਾਂ ਸਬਜ਼ੀਆਂ ਤੋਂ ਮਿਲਦਾ ਹੈ। ਇਨ੍ਹਾਂ ਦਾ ਸਭ ਤੋਂ ਪਹਿਲਾ ਲਾਭ ਇਹ ਹੈ ਕਿ ਇਨ੍ਹਾਂ ਨੂੰ ਵਧੇਰੇ ਮਾਤਰਾ ਵਿਚ ਖਾਧਾ ਜਾ ਸਕਦਾ ਹੈ ਕਿਉਂਕਿ ਅਸੀਂ ਸੰਤੁਸ਼ਟੀ ਮਹਿਸੂਸ ਕਰੀਏ। ਜੇਕਰ ਸਬਜ਼ੀਆਂ ਨੂੰ ਤੇਲ ਮਿਲਾਉਣ ਤੋਂ ਬਿਨਾਂ ਬਣਾਇਆ ਜਾ ਸਕੇ ਤਾਂ ਇਹ ਜ਼ਰਾ ਵੀ ਮੋਟਾਪਾ ਪੈਦਾ ਨਹੀਂ ਕਰਦੀਆਂ। ਉਨ੍ਹਾਂ ਵਿਚ ਪਾਇਆ ਜਾਣ ਵਾਲਾ ਰੇਸ਼ਾ ਅਜਿਹੇ ਕਈ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢ ਦਿੰਦਾ ਹੈ ਜੋ ਸਰੀਰਕ ਚਰਬੀ ਵਿਚ ਬਦਲ ਸਕਦੇ ਹਨ। ਇਸ ਤਰ੍ਹਾਂ ਫਲਾਂ ਅਤੇ ਸਬਜ਼ੀਆਂ ਦਾ ਵਧੇਰੇ ਸੇਵਨ ਨਾ ਕੇਵਲ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਸਗੋਂ ਸਾਡੇ ਸਰੀਰ ਵਿਚ ਚਰਬੀ ਬਣਾਉਣ ਵਾਲੇ ਪਦਾਰਥਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ।

ND
ਦਾਲਾਂ : ਦਾਲਾਂ ਸਰੀਰ ਲਈ ਹਰ ਤਰ੍ਹਾਂ ਦੇ ਜ਼ਰੂਰੀ ਪ੍ਰੋਟੀਨ ਮੁਹੱਈਆ ਕਰਦੀਆਂ ਹਨ। ਜੋ ਸਾਡੀਆਂ ਮਾਸਪੇਸ਼ੀਆਂ, ਚਮੜੀ, ਹੱਡੀਆਂ, ਨਹੁੰ, ਵਾਲਾਂ ਅਤੇ ਖੂਨ ਦੇ ਨਿਰਮਾਣ ਵਿਚ ਸਹਾਈ ਹੁੰਦੀ ਹੈ। ਵੈਸੇ ਮਾਸ ਵਿਚ ਵੀ ਪ੍ਰੋਟੀਨ ਹੁੰਦਾ ਹੈ ਪਰ ਇਸ ਵਿਚ ਮਾਸ ਦੇ ਨਾਲ ਕਾਫ਼ੀ ਚਰਬੀ ਵੀ ਹੁੰਦੀ ਹੈ ਜੋ ਖੂਨ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦੀ ਹੈ। ਦਾਲਾਂ ਨੂੰ ਪੁੰਗਰੀਆਂ ਜਾਂ ਕੱਚਾ ਖਾਣ ਨਾਲ ਵਧੇਰੇ ਲਾਭ ਹੁੰਦਾ ਹੈ।

ਚਰਬੀ : ਚਰਬੀ ਦਾ ਸੇਵਨ ਅਸੀਂ ਕਈ ਰੂਪਾਂ ਨਾਲ ਕਰਦੇ ਹਾਂ। ਸਾਡੇ ਬਹੁਤੇ ਖਾਣਿਆਂ ਵਿਚ ਤੇਲ ਦਾ ਪ੍ਰਯੋਗ ਹੁੰਦਾ ਹੈ। ਇਸ ਤੋਂ ਇਲਾਵਾ ਪੂੜੀ-ਪਕੌੜੇ, ਸਮੋਸੇ, ਪਰੌਂਠੇ, ਪੀਜ਼ਾ, ਬਰਗਰ, ਕਟਲੇਟ, ਮਠਿਆਈਆਂ ਵਿਚ ਏਨੀ ਚਰਬੀ ਹੁੰਦੀ ਹੈ, ਜੋ ਸਾਡੇ ਸਰੀਰ ਵਿਚ ਵਾਧੂ ਚਰਬੀ ਦੇ ਰੂਪ ਵਿਚ ਜਮ੍ਹਾ ਹੁੰਦੀ ਰਹਿੰਦੀ ਹੈ। ਸਾਡੇ ਸਰੀਰ ਨੂੰ ਚਰਬੀ ਦੀ ਲੋੜ ਬਹੁਤ ਥੋੜ੍ਹੀ ਮਾਤਰਾ ਵਿਚ ਹੁੰਦੀ ਹੈ ਜੋ ਕਿ ਸਾਨੂੰ ਖਾਦ ਪਦਾਰਥਾਂ ਤੋਂ ਮਿਲ ਜਾਂਦੀ ਹੈ। ਵਧੇਰੇ ਚਰਬੀ ਵਾਲੇ ਖਾਧ ਪਦਾਰਥ ਜਿਨ੍ਹਾਂ ਵਿਚ ਘਿਓ, ਮੱਖਣ, ਰਿਫਾਈਂਡ ਤੇਲ ਆਦਿ ਹੋਣ, ਉਨ੍ਹਾਂ ਨੂੰ ਖਾਣ ਦੀ ਗੱਲ ਹੀ ਛੱਡੋ।

ਚੀਨੀ : ਫਲਾਂ ਵਿਚ ਪਾਈ ਜਾਣ ਵਾਲੀ ਚੀਨੀ, ਸਰੀਰ ਦੁਆਰਾ ਆਸਾਨੀ ਨਾਲ ਪਚਾਅ ਲਈ ਜਾਂਦੀ ਹੈ ਪਰ ਮਠਿਆਈਆਂ, ਕੇਕ, ਬਿਸਕੁਟ, ਚਾਕਲੇਟ ਆਦਿ ਵਿਚ ਪਾਈ ਜਾਣ ਵਾਲੀ ਚੀਨੀ ਸਿਹਤ ਲਈ ਹਾਨੀਕਾਰਕ ਹੈ। ਇਸ ਨੂੰ ਸਰੀਰ ਨੂੰ ਕੋਈ ਵੀ ਪੋਸ਼ਣ ਨਹੀਂ ਪ੍ਰਾਪਤ ਹੁੰਦਾ। ਸਰੀਰ ਦੀ ਲੋੜ ਤੋਂ ਵੱਧ ਚੀਨੀ ਲੈਣ ਨਾਲ ਉਹ ਚਰਬੀ ਬਣ ਜਾਂਦੀ ਹੈ। ਕੁਝ ਲੋਕਾਂ ਨੂੰ ਮਿੱਠਾ ਖਾਣ 'ਤੇ ਕੁਝ ਸਮੇਂ ਬਾਅਦ ਤਾਕਤ ਦਾ ਅੰਦਾਜ਼ਾ ਹੁੰਦਾ ਹੈ ਪਰ ਇਹ ਸਿਰਫ਼ ਥੋੜ੍ਹਾ ਚਿਰਾ ਹੀ ਹੁੰਦਾ ਹੈ, ਕੁਝ ਚਿਰ ਬਾਅਦ ਹਾਲਤ ਫਿਰ ਖਰਾਬ ਹੋ ਜਾਂਦੀ ਹੈ।

ਨਮਕ : ਨਮਕ ਵਿਚ ਚਰਬੀ ਨਹੀਂ ਹੁੰਦੀ। ਪ੍ਰੰਤੂ ਜ਼ਿਆਦਾ ਨਮਕ ਖਾਣ ਨਾਲ ਖੂਨ ਦਬਾਅ ਦੇ ਰੋਗੀਆਂ ਨੂੰ ਨੁਕਸਾਨ ਹੁੰਦਾ ਹੈ। ਵਧੇਰੇ ਨਮਕ ਨਾਲ ਸਰੀਰ ਨੂੰ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ, ਜਿਸ ਨਾਲ ਭਾਰ ਵਧ ਜਾਂਦਾ ਹੈ, ਇਸ ਲਈ ਨਮਕ ਘੱਟ ਖਾਣਾ ਹੀ ਵਧੇਰੇ ਲਾਭਦਾਇਕ ਹੈ।

ND
ਸ਼ਰਾਬ : ਇਸ ਦੁਨੀਆ ਵਿਚ ਸ਼ਰਾਬ ਦੇ ਪ੍ਰੇਮੀਆਂ ਦੀ ਗਿਣਤੀ ਵਧੇਰੇ ਹੈ ਅਤੇ ਹੋਰ ਵਧਦੀ ਜਾ ਰਹੀ ਹੈ। ਪਰ ਮੋਟੇ ਲੋਕਾਂ ਲਈ ਸ਼ਰਾਬ ਦੀ ਵਰਤੋਂ ਠੀਕ ਨਹੀਂ। ਸ਼ਰਾਬ ਪੀਣਾ ਸਿਹਤ ਲਈ ਚੰਗਾ ਨਹੀਂ। ਸ਼ਰਾਬ ਕੌੜੀ ਹੋਣ ਦੇ ਕਾਰਨ ਇਸ ਦੇ ਲਈ ਕਈ ਤਰ੍ਹਾਂ ਦੀਆਂ ਚਰਬੀ ਵਾਲੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ ਜੋ ਮੋਟਾਪਾ ਵਧਾਉਣ ਵਿਚ ਸਹਾਈ ਹੁੰਦੀਆਂ ਹਨ। ਜੇਕਰ ਤੁਸੀਂ ਸ਼ਰਾਬ ਦੇ ਸ਼ੌਕੀਨ ਹੋ ਤਾਂ ਇਸ ਦੇ ਨਾਲ ਮਾਸਾਹਾਰੀ ਜਾਂ ਨਮਕੀਨ ਦੀ ਜਗ੍ਹਾ ਸਲਾਦ ਦੀ ਹੀ ਵਰਤੋਂ ਕਰੋ।

ਕੀ ਖਾਈਏ : ਇਹ ਤਾਂ ਸੀ ਨਾ ਖਾਣ ਦੇ ਸਬੰਧ ਵਿਚ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਹੁਣ ਕੀ ਖਾਈਏ। ਸਾਡਾ ਭਾਰਤੀ ਭੋਜਨ ਦਾਲ-ਰੋਟੀ, ਚਾਵਲ-ਸਬਜ਼ੀ, ਦਹੀਂ ਅਤੇ ਚੱਟਣੀ ਆਦਿ ਆਪਣੇ-ਆਪ ਵਿਚ ਸਿਹਤ-ਵਰਧਕ ਭੋਜਨ ਹੈ। ਸ਼ਰਤ ਇਹੀ ਹੈ ਕਿ ਭੋਜਨ ਵਿਚ ਚਰਬੀ ਅਤੇ ਚੀਨੀ ਨਹੀਂ ਹੋਣੀ ਚਾਹੀਦੀ। ਜੇਕਰ ਤੁਸੀਂ ਦੁੱਧ ਪੀਣ ਦੇ ਸ਼ੌਕੀਨ ਹੋ ਤਾਂ ਸਕਿੱਮਡ ਮਿਲਕ ਹੀ ਪੀਓ ਜਿਸ ਵਿਚ ਚਰਬੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਭੋਜਨ ਤੋਂ ਲੱਗਭਗ ਅੱਧਾ ਘੰਟਾ ਪਹਿਲਾਂ ਪਾਣੀ ਜ਼ਰੂਰ ਪੀਓ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ