ਕੀ ਤੁਸੀਂ ਸਵੇਰੇ ਸੌਂ ਕੇ ਉੱਠਣ ਤੋਂ ਬਾਅਦ ਥੱਕੇ-ਥੱਕੇ ਮਹਿਸੂਸ ਕਰਦੇ ਹੋ ਅਤੇ ਤੁਹਾਡਾ ਮਨ ਕੋਈ ਕੰਮ ਕਰਨ ਨੂੰ ਨਹੀਂ ਕਰਦਾ? ਜੇ ਅਜਿਹਾ ਹੈ, ਤਾਂ ਤੁਸੀਂ ਨਿਮਨ ਟਿਪਸ ਤੇ ਅਮਲ ਕਰਦੇ ਹੋਏ ਆਪਣੇ ਆਪ ਨੂੰ ਤਰੋਤਾਜਾ ਬਣਾ ਸਕਦੇ ਹੋ।
* ਤੁਸੀਂ ਜਰੂਰਤ ਦੀ ਨੀਂਦ ਪੂਰੀ ਕਰੋ। ਇਸਦਾ ਧਿਆਨ ਰੱਖੋ ਕਿ ਜਿੱਥੇ ਜਰੂਰਤ ਤੋਂ ਘੱਟ ਨੀਂਦ ਚਿੜਚਿੜਾ ਬਣਾ ਦਿੰਦੀ ਹੈ, ਉੱਥੇ ਹੀ ਜਰੂਰਤ ਤੋਂ ਜਿਆਦਾ ਨੀਂਦ ਸਰੀਰ ਵਿੱਚ ਆਲਸ ਉਤਪੰਨ ਕਰ ਦਿੰਦੀ ਹੈ।
* ਪਾਣੀ ਵਿੱਚ ਥੋੜਾ-ਜਿਹਾ ਸੋਡਾ ਬਾਈ ਕਾਰਬੋਨੇਟ ਮਿਲਾ ਕੇ ਇਸ਼ਨਾਨ ਕਰਨ ਨਾਲ ਰਕਤ-ਸੰਚਾਰ ਵਧਦਾ ਹੈ ਅਤੇ ਸਰੀਰ ਨੂੰ ਰਾਹਤ ਮਿਲਦੀ ਹੈ। ਅਜਿਹਾ ਕਰਕੇ ਤੁਸੀਂ ਆਪਣੇ ਆਪ ਵਿੱਚ ਤਾਜਗੀ ਮਹਿਸੂਸ ਕਰਨ ਲੱਗੋਗੇ।
* ਜੇ ਤੁਸੀਂ ਸ਼ਾਵਰ ਨਾਲ ਨਹਾਉਣ ਦੇ ਸ਼ੌਕੀਨ ਹੋ, ਤਾਂ ਸ਼ਾਵਰ ਦੇ ਹੇਠਾਂ ਖੜੇ ਹੋ ਕੇ ਕੁਝ ਦੇਰ ਤੱਕ ਠੰਡੇ ਪਾਣੀ ਦੀਆਂ ਫੁਹਾਰਾਂ ਸਰੀਰ ਤੇ ਪਾਉ।
* ਭੋਜਨ ਤੇ ਹੀ ਸਰੀਰ ਦੀ ਸ਼ਕਤੀ ਨਿਰਭਰ ਕਰਦੀ ਹੈ। ਵਿਟਾਮਿਨ ਬੀ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਆਇਰਨਯੁਕਤ ਭੋਜਨ ਸਰੀਰ ਵਿੱਚ ਤਾਕਤ ਉਤਪੰਨ ਕਰ ਦਿੰਦੇ ਹਨ। ਇਸ ਲਈ ਆਪਣੇ ਭੋਜਨ ਵਿੱਚ ਅਨਾਜ, ਫ਼ਲ ਅਤੇ ਸਬਜ਼ੀਆਂ ਦੀ ਮਾਤਰਾ ਵਧਾ ਦਉ। ਚਾਕਲੇਟ, ਮਾਸ, ਅਲਕੋਹਲ ਅਤੇ ਕੈਫੀਨਯੁਕਤ ਚੀਜ਼ਾਂ ਖਾਣਾ ਬੰਦ ਕਰ ਦਉ।
* ਸੈਰ ਕਰਨ ਨਾਲ ਰਕਤ ਵਿੱਚ ਏਂਡ੍ਰਾਫਿਨਸ ਦੀ ਮਾਤਰਾ ਵਧਦੀ ਹੈ, ਜੋ ਮਨ ਨੂੰ ਪ੍ਰਫੁਲਿਤ ਬਣਾਉਣ ਲਈ ਬਹੁਤ ਜਰੂਰੀ ਹੈ। ਇਸ ਲਈ ਖੁੱਲੀਆਂ ਥਾਵਾਂ ਤੇ ਨਿਯਮਿਤ ਸੈਰ ਕਰਨ ਦੀ ਆਦਤ ਪਾਉ। ਤਾਜੀ ਹਵਾ ਅਤੇ ਖੁੱਲ੍ਹਾ ਵਾਤਾਵਰਨ ਥਕਾਵਟ ਦੂਰ ਭਜਾ ਦਿੰਦਾ ਹੈ।
* ਯਾਦ ਰੱਖੋ, ਸਰੀਰ ਨੂੰ ਮਾਲਿਸ਼ ਕਰਨ ਨਾਲ ਸੁਸਤੀ ਦੂਰ ਹੋ ਜਾਂਦੀ ਹੈ।
* ਥਕਾਵਟ ਦੂਰ ਭਜਾਉਣ ਲਈ ਤਨਾਅਮੁਕਤ ਰਹਿਣਾ ਬਹੁਤ ਜਰੂਰੀ ਹੈ। ਤਨਾਅ ਸਰੀਰ ਦੀ ਸ਼ਕਤੀ ਖਤਮ ਕਰਕੇ ਥਕਾਵਟ ਪੈਦਾ ਕਰ ਦਿੰਦਾ ਹੈ। ਇਸ ਲਈ ਤਨਾਅਮੁਕਤ ਰਹਿਣ ਨਾਲ ਸਰੀਰ ਵਿੱਚ ਤਾਜਗੀ ਬਣੀ ਰਹਿੰਦੀ ਹੈ।
ਇਸ ਨੂੰ ਅਜਮਾ ਕੇ ਦੇਖੋ : ਨੱਕ ਨਾਲ ਗਹਿਰੀ ਸਾਹ ਲਉ, ਕੁਝ ਸੈਕਿੰਟ ਤੱਕ ਸਾਹ ਰੋਕ ਕੇ ਰੱਖੋ, ਫਿਰ ਸਾਹ ਛੱਡ ਦਉ। ਕੁਝ ਮਿੰਟ ਤੱਕ ਇਹ ਕ੍ਰਮ ਜਾਰੀ ਰੱਖੋ। ਕਿਸੇ ਮਾਹਿਰ ਦੀ ਸਲਾਹ ਦੇ ਅਨੁਸਾਰ ਯੋਗ ਵਗੈਰਾ ਵੀ ਅਜਮਾਉ।
* ਰੰਗ ਵੀ ਮਨੁੱਖ ਦੇ ਮਨ ਤੇ ਪ੍ਰਭਾਵ ਪਾਉਂਦੇ ਹਨ। ਮਾਹਿਰਾਂ ਦਾ ਦਾਅਵਾ ਹੈ ਕਿ ਨਾਰੰਗੀ, ਲਾਲ, ਪੀਲਾ ਅਤੇ ਗਹਿਰਾ ਹਰਾ ਰੰਗ ਮਨ ਵਿੱਚ ਉਤਸ਼ਾਹ ਭਰ ਦਿੰਦੇ ਹਨ ਜਿਸ ਨਾਲ ਸਰੀਰ ਵਿੱਚ ਤਾਜਗੀ ਆ ਜਾਂਦੀ ਹੈ।
ਇਸ ਲਈ, ਜਦੋਂ ਥਕਾਵਟ ਭਜਾਉਣੀ ਹੋਵੇ ਤਾਂ ਉਪਰੋਕਤ ਟਿਪਸ ਅਜਮਾਉ ਅਤੇ ਲਾਭ ਉਠਾਉ।
|