ਪਟਿਆਲਾ ਇੱਕ ਰਾਜਸੀ ਸ਼ਹਿਰ ਹੈ. ਸੰਗੀਤ ਦੇ ਖੇਤਰ ਵਿੱਚ ਵੀ ਪਟਿਆਲੇ ਘਰਾਣੇ ਦਾ ਕਾਫੀ ਨਾਮ ਹੈ. ਪਟਿਆਲਾ ਸ਼ਹਿਰ ਨੂੰ ਬਾਗਾਂ ਦੇ ਸ਼ਹਿਰ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ. ਇਹ ਸ਼ਹਿਰ ਪੱਗਾਂ, ਰੇਸ਼ਮੀ ਨਾਲੇ, ਜੁੱਤੀਆਂ ਆਦਿ ਦੇ ਵੱਖਰੇ ਅੰਦਾਜ ਲਈ ਵੀ ਪ੍ਰਸਿੱਧ ਹੈ. ਇਸ ਸ਼ਹਿਰ ਦੀਆਂ ਕਈ ਥਾਵਾਂ ਦੇਖਣ ਯੋਗ ਹਨ, ਜਿਹਨਾਂ ਵਿੱਚੋਂ ਕੁੱਝ ਦਾ ਵਰਨਣ ਇਸ ਲੇਖ ਵਿੱਚ ਕੀਤਾ ਜਾ ਰਿਹਾ ਹੈ.
ਕਿਲਾ ਮੁਬਾਰਕ : ਕਿਲਾ ਮੁਬਾਰਕ ਪਟਿਆਲਾ ਰਿਆਸਤ ਦਾ ਨਿਵਾਸ ਸਥਾਨ ਸੀ. ਰਿਹਾਇਸ਼ ਵਾਲੇ ਹਿੱਸੇ ਨੂੰ ਕਿਲਾ ਅੰਦਰੂਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਦੇ ਰਿਹਾਇਸ਼ੀ ਸਥਾਨ ਜੇਲ੍ਹ ਮਹਿਲ, ਜਿੱਥੇ ਰਾਜਨੀਤਿਕ ਬੰਦੀਆਂ ਨੂੰ ਰੱਖਿਆ ਜਾਂਦਾ ਸੀ, ਮੋਤੀ ਮਹਿਲ, ਸ਼ੀਸ਼ ਮਹਿਲ, ਰਾਜਮਾਤਾ ਮਹਿਲ, ਰੰਗ ਮਹਿਲ ਅਤੇ ਚੰਦਰ ਮਹਿਲ ਆਦਿ ਇਸਦੇ ਦੇਖਣ ਯੋਗ ਸਥਾਨ ਹਨ. ਪੁਤਲੀ ਘਰ ਅਤੇ ਬਾਗ ਘਰ ਆਦਿ ਇਸਦੇ ਮਨੋਰੰਜਕ ਸਥਾਨਾਂ ਵਜੋਂ ਜਾਣੇ ਜਾਂਦੇ ਸਨ. ਇਸਦੇ ਰੰਗਦਾਰ ਕਮਰੇ ਅਦੁੱਤੀ ਢੰਗ ਨਾਲ ਸ਼ਿੰਗਾਰੇ ਹੋਏ ਹਨ. ਮਹਿਲ ਵਿੱਚ ਬੇਹਤਰੀਨ ਭੂਮੀਗਤ ਸੀਵਰੇਜ ਵਿਵਸਥਾ ਦਾ ਪ੍ਰਬੰਧ ਹੈ ਅਤੇ ਇਸ ਵਿੱਚ ਠੰਡਾ ਕਮਰਾ ਵੀ ਹੈ ਜਿੱਥੇ ਸੁਰੰਗ ਰਾਂਹੀ ਠੰਡੀ ਹਵਾ ਆਉਂਦੀ ਸੀ. ਇਸਦਾ ਸ਼ਾਹੀ ਰਸੋਈ ਘਰ ਜਿਸਦਾ ਨਾਮ 'ਲੱਸੀ ਖਾਨਾ' ਸੀ, ਉੱਥੇ ਹਰ ਰੋਜ 35,000 ਲੋਕ ਭੋਜਨ ਕਰਦੇ ਸਨ. ਸ਼ੀਸ਼ ਮਹਿਲ : ਸ਼ੀਸ਼ ਮਹਿਲ ਮਾਹਾਰਾਜਾ ਨਰਿੰਦਰ ਸਿੰਘ ਦੇ ਸ਼ਾਸ਼ਨ ਦੌਰਾਨ ਬਣਾਇਆ ਗਿਆ, ਇਸ ਵਿੱਚ ਬਾਗ, ਫੁਹਾਰੇ ਅਤੇ ਬਣਾਉਟੀ ਝੀਲ ਵੀ ਬਣਵਾਈ ਗਈ. ਇਸ ਵਿੱਚ ਨਿਗਰਾਨੀ ਰੱਖਣ ਲਈ ਉੱਤਰ ਅਤੇ ਦੱਖਣ ਵਿੱਚ ਦੋ ਬੁਰਜ ਵੀ ਬਣਾਏ ਗਏ. ਇਸ ਵਿੱਚ ਇੱਕ ਅਜਿਹਾ ਬਣਾਉਟੀ ਜੰਗਲ ਵੀ ਬਣਾਇਆ ਗਿਆ ਜਿਸ ਵਿੱਚ ਹਰ ਕਿਸਮ ਦੇ ਜਾਨਵਰ ਰੱਖੇ ਜਾਂਦੇ ਸਨ. ਸ਼ੀਸ਼ ਮਹਿਲ ਵਿੱਚ ਇੱਕ ਝੂਲਦਾ ਹੋਇਆ ਪੁਲ ਵੀ ਬਣਾਇਆ ਗਿਆ ਜੋ ਕਿ ਰਿਸ਼ੀਕੇਸ਼ ਵਿੱਚ ਸਥਿਤ ਲਛਮਣ ਝੂਲੇ ਦੀ ਨਕਲ ਹੈ. ਤਿੰਨ ਮੰਜਿਲਾ ਇਮਾਰਤ ਨੂੰ ਸ਼ੀਸ਼ਿਆਂ ਨਾਲ ਅਤੇ ਭਗਵਤ ਪੁਰਾਨ ਨਾਲ ਸਬੰਧਿਤ ਸੁੰਦਰ ਚਿਤਰਕਾਰੀ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ.ਮਹਿਲ ਨੂੰ ਪੁਰਾਤਨ ਚਿਤਰਕਾਰੀ ਅਤੇ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦੀਆਂ ਤਸਵੀਰਾਂ ਨਾਲ ਵੀ ਸਜਾਇਆ ਗਿਆ ਹੈ. ਮੋਤੀ ਬਾਗ ਪੈਲੇਸ : ਮੋਤੀ ਬਾਗ ਪੈਲੇਸ ਦਾ ਨਿਰਮਾਣ ਮਾਹਾਰਾਜਾ ਨਰਿੰਦਰ ਸਿੰਘ ਦੀ ਹਕੂਮਤ ਦੌਰਾਨ ਸ਼ੁਰੂ ਹੋਇਆ ਅਤੇ 20 ਵੀਂ ਦੇ ਸ਼ੁਰੂ ਵਿੱਚ ਮਾਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਪੂਰਾ ਹੋਇਆ. ਪੁਰਾਣਾ ਮੋਤੀ ਬਾਗ ਪੈਲੇਸ ਹੁਣ ਰਾਸ਼ਟਰੀ ਖੇਡ ਸੰਸਥਾ ਬਣ ਚੁੱਕਿਆ ਹੈ. ਪੈਲੇਸ ਵਿੱਚ ਸੁੰਦਰ ਬਾਗ-ਬਗੀਚੇ, ਪਾਣੀ ਦੇ ਫੁਹਾਰੇ ਅਤੇ ਸ਼ੀਸ਼ ਮਹਿਲ ਬਣਿਆ ਹੋਇਆ ਹੈ. ਪੰਜਾਬੀ ਯੁਨੀਵਰਸਿਟੀ : ਪੰਜਾਬੀ ਯੁਨੀਵਰਸਿਟੀ ਪਟਿਆਲਾ ਦੁਨੀਆਂ ਦੀ ਦੂਜੀ ਅਜਿਹੀ ਯੁਨੀਵਰਸਿਟੀ ਹੈ ਜਿਸ ਦੀ ਸਥਾਪਨਾ ਭਾਸ਼ਾਈ ਆਧਾਰ ਤੇ ਕਿਸੇ ਖੇਤਰੀ ਭਾਸ਼ਾ ਨੂੰ ਵਿਕਸਿਤ ਅਤੇ ਪ੍ਰਫੁੱਲਿਤ ਕਰਨ ਲਈ 30 ਅਪ੍ਰੈਲ 1962 ਈ. ਵਿੱਚ ਪੰਜਾਬੀ ਯੁਨੀਵਰਸਿਟੀ ਐਕਟ 1961 ਦੇ ਅਧੀਨ ਕੀਤੀ ਗਈ. ਇਹ ਪਟਿਆਲਾ-ਚੰਡੀਗੜ ਰੋੜ ਤੇ ਪਟਿਆਲਾ ਤੋਂ ਲਗਭਗ 7 ਕਿ.ਮੀ. ਦੀ ਦੂਰੀ ਤੇ ਸਥਿੱਤ ਹੈ. ਇਹ ਯੁਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾ ਰਹੀ ਹੈ. ਕਾਲੀ ਦੇਵੀ ਮੰਦਿਰ : ਪਟਿਆਲਾ ਵਿੱਚ ਸਥਿੱਤ ਕਾਲੀ ਦੇਵੀ ਦਾ ਮੰਦਿਰ ਬਹੁਤ ਪ੍ਰਸਿੱਧ ਹੈ ਜੋ ਕਿ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਦੁਆਰਾ ਬਣਵਾਇਆ ਗਿਆ ਸੀ.ਇਸਦੀਆਂ ਦਿਵਾਰਾਂ ਤੇ ਸੁੰਦਰ ਚਿਤਰਕਾਰੀ ਕਾਰਨ ਇਸਨੂੰ ਰਾਸ਼ਟਰੀ ਸਮਾਰਕ ਵੀ ਘੋਸ਼ਿਤ ਕੀਤਾ ਗਿਆ ਹੈ. ਦੂਰੋਂ ਦੂਰੋਂ ਸ਼ਰਧਾਲੂ ਇਸ ਮੰਦਿਰ ਵਿੱਚ ਦਰਸ਼ਨਾਂ ਲਈ ਆਉਂਦੇ ਹਨ.
|